
ਦਿੱਲੀ ਗੁਰਦਵਾਰਾ ਚੋਣਾਂ ਸਨਮੁਖ ਧਾਰਮਕ ਅਖਵਾਉਂਦੀਆਂ ਪਾਰਟੀਆਂ ਵਲੋਂ ਸਿੱਖਾਂ ਨੂੰ ਭਰਮਾਉਣ ਲਈ ਇਕ ਦੂਜੇ
ਨਵੀਂ ਦਿੱਲੀ, 26 ਜੁਲਾਈ (ਅਮਨਦੀਪ ਸਿੰਘ): ਦਿੱਲੀ ਗੁਰਦਵਾਰਾ ਚੋਣਾਂ ਸਨਮੁਖ ਧਾਰਮਕ ਅਖਵਾਉਂਦੀਆਂ ਪਾਰਟੀਆਂ ਵਲੋਂ ਸਿੱਖਾਂ ਨੂੰ ਭਰਮਾਉਣ ਲਈ ਇਕ ਦੂਜੇ 'ਤੇ ਤੋਹਮਤਾਂ ਲਾਉਣ ਦਾ ਦੌਰ ਸ਼ੁਰੂ ਹੋ ਚੁਕਾ ਹੈ। ਹੈਰਾਨੀ ਹੈ ਕਿ ਇਤਿਹਾਸ ਦੀ ਇਕ ਅੱਧ ਕਿਤਾਬ ਸਹਾਰੇ ਕਿਸੇ ਜ਼ਮਾਨੇ ਦਾਦੇ ਦੇ ਕੀਤੇ ਕੰਮਾਂ ਦਾ ਲੇਖਾ ਹੁਣ ਉਸ ਦੇ ਪੋਤੇ ਕੋਲੋਂ ਪੁਛਿਆ ਜਾ ਰਿਹਾ ਹੈ।
'ਜਾਗੋ' ਪਾਰਟੀ ਵਲੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਜਸਵੰਤ ਸਿੰਘ ਕਾਲਕਾ ਦੇ ਕਾਰਜਕਾਲ ਦੇ ਬਹਾਨੇ ਉਨ੍ਹਾਂ ਦੇ ਪੋਤਰੇ ਤੇ ਮੌਜੂਦਾ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਸ.ਹਰਮੀਤ ਸਿੰਘ ਕਾਲਕਾ ਨੂੰ ਘੇਰਿਆ ਜਾ ਰਿਹਾ ਹੈ। ਬੀਤੇ ਦਿਨ ਪੱਤਰਕਾਰ ਮਿਲਣੀ ਕਰ ਕੇ 'ਜਾਗੋ' ਪਾਰਟੀ ਦੇ ਮੁੱਖ ਬੁਲਾਰੇ ਤੇ ਸਕੱਤਰ ਸ.ਪਰਮਿੰਦਰਪਾਲ ਸਿੰਘ ਨੇ ਕਿਹਾ, “ਜਦੋਂ 1985 ਤੋਂ 1990 ਤਕ ਸ. ਜਸਵੰਤ ਸਿੰਘ ਕਾਲਕਾ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸਨ, ਤਾਂ ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੇ ਵਿਰੁਧ ਜਾ ਕੇ
, ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਸ.ਸੁਰਜੀਤ ਸਿੰਘ ਬਰਨਾਲਾ ਦੀ ਹਮਾਇਤ ਵਿਚ 10 ਫ਼ਰਵਰੀ 1987 ਨੂੰ ਇਕ ਇਸ਼ਤਿਹਾਰ ਜਾਰੀ ਕਰ ਕੇ ਅਕਾਲ ਤਖ਼ਤ ਦੇ ਹੁਕਮ ਦੀ ਅਦੂਲੀ ਕੀਤੀ ਸੀ, ਕਿਉਂਕਿ ਅਕਾਲ ਤਖ਼ਤ ਦੇ ਜਥੇਦਾਰ ਦਰਸ਼ਨ ਸਿੰਘ ਰਾਗੀ ਨੇ ਹੁਕਮ ਜਾਰੀ ਕਰ ਕੇ ਸਾਰੇ ਅਕਾਲੀ ਦਲਾਂ ਨੂੰ ਭੰਗ ਕਰਨ ਦੀ ਹਦਾਇਤ ਦਿਤੀ ਸੀ, ਤਾਕਿ ਇਕੋ ਅਕਾਲੀ ਦਲ ਬਣਾਇਆ ਜਾ ਸਕੇ,
File Photo
ਪਰ ਬਰਨਾਲਾ ਨੇ ਇਸ ਹੁਕਮ ਨੂੰ ਟਿਚ ਜਾਣਿਆ ਸੀ, ਜਿਸ ਪਿਛੋਂ ਬਰਨਾਲਾ ਨੂੰ ਅਕਾਲ ਤਖ਼ਤ ਤੋਂ ਤਨਖ਼ਾਹੀਆ ਕਰਾਰ ਦੇ ਦਿਤਾ ਗਿਆ ਸੀ। ਬਰਨਾਲਾ ਦੀ ਹਮਾਇਤ ਵਿਚ ਸ.ਕਾਲਕਾ ਨੇ ਅਕਾਲ ਤਖ਼ਤ ਦੇ ਹੁਕਮਾਂ 'ਤੇ ਇਸ਼ਤਿਹਾਰ ਰੂਪੀ ਚਿੱਠੀ ਜਾਰੀ ਕਰ ਕੇ ਉਂਗਲ ਚੁਕੀ ਸੀ। ਕੀ ਅਜਿਹੇ ਪਰਵਾਰਕ ਪਿਛੋਕੜ ਵਾਲੇ ਦਿੱਲੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ.ਹਰਮੀਤ ਸਿੰਘ ਕਾਲਕਾ ਕੋਲੋਂ ਸ.ਸੁਖਬੀਰ ਸਿੰਘ ਬਾਦਲ ਨੂੰ ਅਸਤੀਫ਼ਾ ਨਹੀਂ ਲੈ ਲੈਣਾ ਚਾਹੀਦਾ?”
ਇਸ ਵਿਚਕਾਰ 'ਸਪੋਕਸਮੈਨ' ਨੂੰ ਅਪਣਾ ਪੱਖ ਦੱਸਦੇ ਹੋਏ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਸ.ਹਰਮੀਤ ਸਿੰਘ ਕਾਲਕਾ ਨੇ ਕਿਹਾ,“ਜੇ ਮੇਰੇ ਦਾਦਾ ਜੀ ਸ.ਜਸਵੰਤ ਸਿੰਘ ਕਾਲਕਾ ਨੇ ਅਕਾਲ ਤਖ਼ਤ ਸਾਹਿਬ ਦੀ ਵਿਰੋਧਤਾ ਕੀਤੀ ਹੁੰਦੀ ਤਾਂ ਉਨ੍ਹਾਂ ਨੂੰ ਉਦੋਂ ਤਲਬ ਕਰਨ ਦਾ ਰੀਕਾਰਡ ਤਾਂ ਹੋਣਾ ਚਾਹੀਦਾ ਹੈ ਨਾ? ਅਸਲ ਵਿਚ ਮੇਰੀ ਅਗਵਾਈ 'ਚ ਦਿੱਲੀ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਤੋਂ ਜਾਗੋ ਪਾਰਟੀ ਮਾਯੂਸ ਹੈ ਤੇ ਦਿੱਲੀ ਗੁਰਦਵਾਰਾ ਚੋਣਾਂ ਲਈ ਇਨ੍ਹਾਂ ਕੋਲ ਮੁੱਦਿਆਂ ਦੀ ਘਾਟ ਹੈ, ਇਸ ਲਈ ਇਹ ਅਪਣੇ ਬਣਾਏ ਤੱਥਾਂ ਸਹਾਰੇ ਸੰਗਤ ਨੂੰ ਗੁਮਰਾਹ ਕਰ ਰਹੇ ਹਨ।''