
ਲੋਕਾਂ ਵਲੋਂ ਵਿਰਾਸਤੀ ਕਿਲ੍ਹੇ ਵਿਚ ਨਾਜਾਇਜ਼ ਕਬਜ਼ੇ ਕੀਤੇ ਗਏ : ਪ੍ਰਦੀਪ ਸਿੰਘ ਵਾਲੀਆ
ਅੰਮ੍ਰਿਤਸਰ, 26 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਬਾਬਾ ਜੱਸਾ ਸਿੰਘ ਆਹਲੂਵਾਲੀਆ ਮੈਮੋਰੀਅਲ ਸੁਸਾਇਟੀ ਅਤੇ ਭਾਈਚਾਰੇ ਦੇ ਸੂਬਾ ਪ੍ਰਧਾਨ ਪ੍ਰਦੀਪ ਸਿੰਘ ਵਾਲੀਆ ਨੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਕਿਲ੍ਹੇ ਨੂੰ ਮੁੜ ਸੁਰਜੀਤ ਕਰਨ ਸਬੰਧੀ ਮੀਟਿੰਗ ਹੋਈ ਤੇ ਸਮੂਹ ਅਹੁਦੇਦਾਰਾਂ ਵਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਕਿ ਪੰਜਾਬ ਸਰਕਾਰ, ਪੰਜਾਬ ਹੈਰੀਟੇਜ਼ ਟੂਰਿਜ਼ਮ ਪ੍ਰਮੋਸ਼ਨਲ ਬੋਰਡ ਵਿਭਾਗ ਦੇ ਮੰਤਰੀ ਚਰਜੀਤ ਸਿੰਘ ਚੰਨੀ ਰਾਹੀਂ ਕਿਲ੍ਹਾ ਆਹਲੂਵਾਲੀਆ ਦੀ ਖ਼ਾਲੀ ਪਈ ਥਾਂ ਦੀ ਉਸਾਰੀ ਕਰਵਾਈ ਜਾਵੇ ਅਤੇ ਰਹਿੰਦੇ ਬਾਕੀ ਕੰਮ ਕੀਤੇ ਜਾਣ।
File Photo
ਵਾਲੀਆ ਨੇ ਕਿਹਾ ਕਿ ਉਨ੍ਹਾਂ ਦੀ ਸੁਸਾਇਟੀ ਵਲੋਂ ਕਿਲ੍ਹੇ ਦਾ ਦੌਰਾ ਕੀਤਾ ਗਿਆ ਜਿਥੇ ਉਨ੍ਹਾਂ ਦੇਖਿਆ ਕਿ ਕੰਮ ਪੂਰਾ ਨਹੀਂ ਹੋਇਆ, ਲੋਕਾਂ ਵਲੋਂ ਨਾਜਾਇਜ਼ ਕਬਜ਼ੇ ਲਗਾਤਾਰ ਹੋ ਰਹੇ ਹਨ। ਜਾਨਲੇਵਾ ਕੋਰੋਨਾ ਦੀ ਬੀਮਾਰੀ ਕਰ ਕੇ ਵੀ ਕੰਮ ਦੀ ਰਫ਼ਤਾਰ ਘੱਟ ਹੈ। ਇਹ ਵਿਰਾਸਤੀ ਇਮਾਰਤ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਅੰਦਰ ਕੌਮ ਦੇ ਯੋਧਿਆਂ ਪ੍ਰਤੀ ਸਨਮਾਨ ਦੀ ਭਾਵਨਾ ਪੈਦਾ ਕਰੇਗੀ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕਿਲ੍ਹੇ ਦੇ ਸਵਾਗਤੀ ਗੇਟ ਤੇ ਇਸ ਦਾ ਇਤਿਹਾਸ ਲਿਖਾਇਆ ਜਾਵੇ ਤਾਂ ਜੋ ਇਸ ਤੋਂ ਪ੍ਰੇਰਨਾ ਮਿਲ ਸਕੇ।
ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਤੋਂ ਥੋੜ੍ਹੀ ਦੂਰੀ ਧਰਮ ਸਿੰਘ ਮਾਰਕੀਟ ਦੇ ਬਾਹਰੋਂ ਸਭਿਆਚਾਰਕ ਭੰਗੜੇ ਦੇ ਬੁੱਤ ਲੱਗੇ ਉਥੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਬੁੱਤ ਲਗਾਇਆ ਜਾਵੇ। ਪ੍ਰਦੀਪ ਸਿੰਘ ਵਾਲੀਆ ਨੇ ਦਸਿਆ ਕਿ 2 ਕਰੋੜ 22 ਲੱਖ ਦਾ ਟੈਂਡਰ 24 ਜਨਵਰੀ 2019 ਨੂੰ ਕਰਵਾਇਆ ਸੀ। ਇਸ ਮੌਕੇ ਸੁਰਿੰਦਰ ਸਿੰਘ ਵਾਲੀਆ, ਸੁਖਬੀਰ ਸਿੰਘ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ, ਪਰਮਿੰਦਰ ਸਿੰਘ, ਤਰਲੋਚਨ ਸਿੰਘ ਮੌਜੂਦ ਸਨ।