
ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਮੁੱਖ ਮੰਤਰੀ ਦੇ ਨਾਂ ਭੇਜੀ ਗਈ ਚਿੱਠੀ ਦਾ ਜਵਾਬ ਪ੍ਰਸ਼ਾਸਨ ਨੇ ਦਿਤਾ ਹੈ।
ਅੰਮ੍ਰਿਤਸਰ, 26 ਜੁਲਾਈ (ਪਪ) : ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਮੁੱਖ ਮੰਤਰੀ ਦੇ ਨਾਂ ਭੇਜੀ ਗਈ ਚਿੱਠੀ ਦਾ ਜਵਾਬ ਪ੍ਰਸ਼ਾਸਨ ਨੇ ਦਿਤਾ ਹੈ। ਇਸ ਚਿੱਠੀ ਦਾ ਜਵਾਬ ਦਿੰਦਿਆਂ ਅੰਮ੍ਰਿਤਸਰ ਦੇ ਨਗਰ ਸੁਧਾਰ ਟਰੱਸਟ ਨੇ ਸਿੱਧੂ ਨੂੰ ਅਧੂਰੀ ਜਾਣਕਾਰੀ ਹੋਣ ਦੀ ਗੱਲ ਆਖੀ ਹੈ। ਦਰਅਸਲ ਕੁੱਝ ਦਿਨ ਪਹਿਲਾਂ ਸਿੱਧੂ ਨੇ ਇਕ ਚਿੱਠੀ ਅੰਮ੍ਰਿਤਸਰ ਦੇ ਡੀ.ਸੀ. ਨੂੰ ਲਿਖੀ ਸੀ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੇ ਹਲਕੇ ਵਿਚ ਵਿਕਾਸ ਕਾਰਜ ਨਹੀਂ ਹੋ ਰਹੇ ਹਨ। ਇਸ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਜਾਂਚ ਕਰਨ ਅਤੇ ਅੰਮ੍ਰਿਤਸਰ ਪ੍ਰਸ਼ਾਸਨ ਤੋਂ ਇਸ ਬਾਬਤ ਜਵਾਬ ਮੰਗਿਆ ਸੀ। ਇਸ ਤੋਂ ਬਾਅਦ ਨਗਰ ਸੁਧਾਰ ਟਰੱਸਟ ਵਲੋਂ ਇਸ ਦਾ ਜਵਾਬ ਭੇਜ ਦਿਤਾ ਗਿਆ ਹੈ, ਜਿਸ ਵਿਚ ਵਿਭਾਗ ਨੇ ਨਵਜੋਤ ਸਿੱਧੂ ਨੂੰ ਹੀ ਗ਼ਲਤ ਕਿਹਾ ਹੈ।
ਨਗਰ ਸੁਧਾਰ ਟਰੱਸਟ ਦਾ ਕਹਿਣਾ ਹੈ ਕਿ ਸਿੱਧੂ ਨੂੰ ਇਸ ਮਾਮਲੇ ਵਿਚ ਜਾਣਕਾਰੀ ਨਹੀਂ ਹੈ। ਨਾਲ ਹੀ ਉਨ੍ਹਾਂ ਨੂੰ ਗੁੰਮਰਾਹ ਕੀਤਾ ਗਿਆ ਹੈ। ਚਿੱਠੀ ਦੇ ਦਿਤੇ ਗਏ ਜਵਾਬ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਹਲਕੇ ਦੇ ਸਾਰੇ ਕੰਮ ਹੋਏ ਹਨ। ਇਸ ਸਬੰਧੀ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਨੇ ਕਿਹਾ ਕਿ ਮੁੱਖ ਮੰਤਰੀ ਦੇ ਹੁਕਮਾਂ 'ਤੇ ਪ੍ਰਿੰਸੀਪਲ ਸੈਕਟਰੀ ਵਲੋਂ ਉਨ੍ਹਾਂ ਤੋਂ ਜਵਾਬ ਮੰਗਿਆ ਗਿਆ ਸੀ ਜਿਹੜਾ ਉਨ੍ਹਾਂ ਵਲੋਂ ਭੇਜ ਦਿਤਾ ਗਿਆ ਹੈ। ਬੱਸੀ ਨੇ ਕਿਹਾ ਕਿ ਨਵਜੋਤ ਸਿੱਧੂ ਵਲੋਂ ਕੀਤੇ ਗਏ ਸਾਰੇ ਸਵਾਲਾਂ ਦਾ ਜਵਾਬ ਉਨ੍ਹਾਂ ਨੇ ਦੇ ਦਿਤਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੇ ਹਲਕੇ ਵਿਚ ਵਿਕਾਸ ਦੇ ਸਾਰੇ ਕੰਮ ਕੀਤੇ ਜਾ ਰਹੇ ਹਨ ਅਤੇ ਕੁੱਝ ਕੰਮ ਹੋ ਵੀ ਰਹੇ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਵਿਚ ਵੀ ਵਿਕਾਸ ਦੇ ਕੰਮ ਲਗਾਤਾਰ ਜਾਰੀ ਹਨ