
ਡੇਰੇ ਅਤੇ ਸਾਨੂੰ ਬਦਨਾਮ ਕਰਨ ਲਈ ਰਚੀ ਗਈ ਸੀ 'ਮਨੁੱਖੀ ਬੰਬ' ਦੀ ਝੂਠੀ ਸਾਜ਼ਸ਼ : ਵੀਰਪਾਲ
ਚੰਡੀਗੜ੍ਹ, 26 ਜੁਲਾਈ (ਨੀਲ ਭਲਿੰਦਰ ਸਿੰਘ) : ਇਨ੍ਹੀਂ ਦਿਨੀਂ ਚਰਚਾ 'ਚ ਬਣੀ ਹੋਈ ਡੇਰਾ ਸਮਰਥਕ ਵੀਰਪਾਲ 2007 ਦੌਰਾਨ ਸੌਦਾ ਸਾਧ ਵਲੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਤੋਂ ਬਾਅਦ ਪੰਜਾਬ ਦੇ ਤਣਾਅਗ੍ਰਸਤ ਹੋਏ ਮਾਹੌਲ ਦੌਰਾਨ ਵੀ ਸਰਗਰਮ ਚਰਚਾ ਵਿਚ ਰਹਿ ਚੁਕੀ ਹੈ।
ਪੰਜਾਬ ਪੁਲਿਸ ਦੇ ਵੱਖ-ਵੱਖ ਥਾਣਿਆਂ ਨੂੰ ਸਾਲ 2007 ਵਿਚ ਭੇਜੀਆਂ ਗਈਆਂ ਤਸਵੀਰਾਂ (ਜੋ ਇੱਥੇ ਨਾਲ ਹੀ ਪ੍ਰਕਾਸ਼ਤ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਿਚ ਹੇਠ ਲਿਖੇ ਅੰਗਰੇਜ਼ੀ ਭਾਸ਼ਾ ਵਿਚ ਨਾਵਾਂ ਵਿਚ ਇਕ ਨਾਂ ਵੀਰਪਾਲ ਕੌਰ ਦਾ ਵੀ ਲਿਖਿਆ ਸਪੱਸ਼ਟ ਹੈ) ਵਿਚ ਇਕ ਤਸਵੀਰ ਵੀਰਪਾਲ ਦੀ ਦੱਸੀ ਜਾ ਰਹੀ ਹੈ।
ਵੀਰਪਾਲ ਨਾਲ ਮਿਲਦੀ ਜੁਲਦੀ ਇਸ ਤਸਵੀਰ ਦਾ ਸਬੰਧ ਉਸ ਸਮੇਂ ਕੁੱਝ ਡੇਰਾ ਪ੍ਰੇਮਣਾਂ ਨੂੰ ਕਥਿਤ ਮਨੁੱਖੀ ਬੰਬ ਦੇ ਤੌਰ 'ਤੇ ਤਿਆਰ ਕੀਤਾ ਗਿਆ ਹੋਣ ਦੀ ਕਹਾਣੀ ਨਾਲ ਜੁੜਦਾ ਹੈ। ਖ਼ੁਫ਼ੀਆ ਤੰਤਰ ਦੀਆਂ ਤਤਕਾਲੀ ਰਿਪੋਰਟਾਂ ਮੁਤਾਬਕ ਇਸ ਆਤਮਘਾਤੀ ਦਸਤੇ ਦੇ ਨਿਸ਼ਾਨੇ 'ਤੇ ਬਾਦਲ ਪਰਵਾਰ ਰਿਹਾਅ ਹੋਣ ਦੀ ਜਾਣਕਾਰੀ ਵੀ ਪ੍ਰਾਪਤ ਹੁੰਦੀ ਹੈ। ਇਨ੍ਹਾਂ 'ਤੇ ਉਦੋਂ ਇਹ ਕਥਿਤ ਦੋਸ਼ ਲੱਗਾ ਸੀ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਹੁਣ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਹੁਣ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਾਰਨ ਲਈ ਮਨੁੱਖੀ ਬੰਬ ਵਜੋਂ ਤਿਆਰ ਕੀਤਾ ਗਿਆ ਸੀ
ਤੇ ਪੰਜਾਬ ਪੁਲਿਸ ਨੇ ਬਕਾਇਦਾ ਤੌਰ 'ਤੇ ਇਨ੍ਹਾਂ ਪੰਜਾਂ ਔਰਤਾਂ ਦੀਆਂ ਪੰਜਾਬ ਦੇ ਸਾਰੇ ਥਾਣਿਆਂ ਨੂੰ ਤਸਵੀਰਾਂ ਭੇਜੀਆਂ ਸਨ। ਵੀਰਪਾਲ ਸਮੇਤ ਬਾਕੀ ਔਰਤਾਂ ਦੀਆਂ ਤਸਵੀਰਾਂ ਹਾਲੇ ਵੀ ਦਿੱਲੀ ਸਥਿਤ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਲੱਗੀਆਂ ਹੋਈਆਂ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਬਾਦਲ ਪਰਵਾਰ ਦੀ ਸੁਰੱਖਿਆ ਵਿਚ ਲੱਗੀਆਂ ਹੋਈਆਂ ਤਾਮਾਮ ਸੁਰੱਖਿਆ ਏਜੰਸੀਆਂ ਪਾਸ ਹਾਲੇ ਵੀ ਇਨ੍ਹਾਂ ਔਰਤਾਂ ਦੀਆਂ ਤਸਵੀਰਾਂ ਮੌਜੂਦ ਹਨ ਤੇ ਸੁਰੱਖਿਆ ਕਰ ਰਹੇ ਮੁਲਾਜ਼ਮਾਂ ਨੂੰ ਇਹ ਹਦਾਇਤਾਂ ਕੀਤੀਆਂ ਹੋਈਆਂ ਹਨ
ਕਿ ਕੋਈ ਵੀ ਇਨ੍ਹਾਂ ਔਰਤਾਂ ਵਿਚੋਂ ਜੇ ਦਿਖਾਈ ਦੇਵੇ ਤਾਂ ਤੁਰਤ ਇਸ ਦੀ ਜਾਣਕਾਰੀ ਉਚ ਅਧਿਕਾਰੀਆਂ ਨੂੰ ਦਿਤੀ ਜਾਵੇ। ਇਹ ਤਸਵੀਰਾਂ ਪੰਜਾਬ ਪੁਲਿਸ ਨੇ 2007 ਵਿਚ ਜਾਰੀ ਕੀਤੀਆਂ ਸਨ। ਇਸ ਤੋਂ ਇਲਾਵਾ ਵੀਰਪਾਲ ਕੌਰ ਸਮੇਤ 5 ਔਰਤਾਂ 'ਤੇ ਸਿਟੀ ਪੁਲਿਸ ਸਟੇਸ਼ਨ ਬਠਿੰਡਾ ਵਿਖੇ 15 ਮਈ 2007 ਨੂੰ ਆਈ.ਪੀ.ਸੀ. ਦੀ ਧਾਰਾ-333, 148 'ਤੇ 149 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ 'ਤੇ ਇਨ੍ਹਾਂ ਔਰਤਾਂ 'ਤੇ ਬਠਿੰਡਾ ਵਿਖੇ 15 ਮਈ ਨੂੰ ਪੁਲਿਸ ਅਧਿਕਾਰੀਆਂ 'ਤੇ ਹਮਲਾ ਕਰ ਕੇ ਸੱਟਾਂ ਮਾਰੀਆਂ ਹੋਣ ਦੇ ਦੋਸ਼ ਲੱਗੇ ਸਨ।
File Photo
ਡੇਰੇ ਅਤੇ ਸਾਨੂੰ ਬਦਨਾਮ ਕਰਨ ਲਈ ਰਚੀ ਗਈ ਸੀ 'ਮਨੁੱਖੀ ਬੰਬ' ਦੀ ਝੂਠੀ ਸਾਜ਼ਸ਼ : ਵੀਰਪਾਲ
ਵੀਰਪਾਲ ਨੇ ਫ਼ੋਨ 'ਤੇ 'ਰੋਜ਼ਾਨਾ ਸਪੋਕਸਮੈਨ' ਦੇ ਪੱਤਰਕਾਰ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨਾਲ ਸਬੰਧਤ ਤਸਵੀਰਾਂ ਲੱਗੀਆਂ ਗਈਆਂ ਹੋਣ ਦੀ ਜਾਣਕਾਰੀ ਉਨ੍ਹਾਂ ਨੂੰ 24 ਅਗੱਸਤ 2007 ਨੂੰ ਸ਼ਾਮ ਵੇਲੇ ਮਿਲੀ ਸੀ ਪਰ ਉਹ ਉਦੋਂ ਤੋਂ ਲੈ ਕੇ ਹੁਣ ਤਕ ਇਸ ਨੂੰ ਉਨ੍ਹਾਂ ਵਿਰੁਧ ਅਤੇ ਡੇਰੇ ਵਿਰੁਧ ਝੂਠੀ ਸਾਜ਼ਸ਼ ਕਰਾਰ ਦੇਣ ਵਾਲੇ ਅਪਣੇ ਬਿਆਨ 'ਤੇ ਬਰਕਰਾਰ ਹੈ। ਵੀਰਪਾਲ ਦਾ ਕਹਿਣਾ ਹੈ ਕਿ ਉਹ ਡੇਰੇ ਦੀ ਬਠਿੰਡਾ ਇਲਾਕੇ ਵਿਚ ਪ੍ਰਮੁੱਖ ਪ੍ਰਬੰਧਕਾਂ ਦੀ ਟੀਮ ਵਿਚ ਸ਼ਾਮਲ ਸੀ। ਉਸ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਕੁੱਝ ਮੀਡੀਆ ਰਿਪੋਰਟ ਤਕ ਹੀ ਸੀਮਤ ਸਨ,
ਜਿਸ ਵਿਚ ਉਨ੍ਹਾਂ ਨੂੰ ਮਨੁੱਖੀ ਬੰਬ ਦਸਿਆ ਗਿਆ ਸੀ ਜਦਕਿ ਇਸ ਸਬੰਧੀ ਕੋਈ ਮਾਮਲਾ ਉਨ੍ਹਾਂ ਵਿਰੁਧ ਦਰਜ ਹੀ ਨਹੀਂ ਹੋਇਆ ਸੀ। ਵੀਰਪਾਲ ਨੇ ਇਹ ਵੀ ਦਾਆਵਾ ਕੀਤਾ ਕਿ ਤਤਕਾਲੀ ਡੀ.ਜੀ.ਪੀ. ਪੰਜਾਬ ਨੇ ਇਹ ਸਪੱਸ਼ਟ ਕਰ ਦਿਤਾ ਸੀ ਕਿ ਇਨ੍ਹਾਂ ਦੀ ਅਜਿਹੀ ਕੋਈ ਭੂਮਿਕਾ ਨਜ਼ਰ ਨਹੀਂ ਆਈ। ਵੀਰਪਾਲ ਨੇ ਕਿਹਾ ਕਿ ਉਸ ਸਮੇਂ ਡੇਰਾ ਮੁਖੀ ਵਿਰੁਧ 'ਸਵਾਂਗ' ਮਾਮਲੇ ਨੂੰ ਪ੍ਰਭਾਵਤ ਕਰਨ ਲਈ ਉਨ੍ਹਾਂ ਵਿਰੁਧ ਝੂਠੇ ਮਾਮਲੇ ਦਰਜ ਕੀਤੇ ਗਏ ਸਨ, ਜਿਨ੍ਹਾਂ ਦੇ ਪੁਲਿਸ ਹੁਣ ਤਕ ਚਾਲਾਨ ਪੇਸ਼ ਨਹੀਂ ਕਰ ਸਕੀ।