
ਰਾਜਪਾਲ ਨੇ ਮਨਜ਼ੂਰ ਕੀਤਾ ਕਰਨਾਟਕ ਦੇ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ ਦਾ ਅਸਤੀਫ਼ਾ
ਬੰਗਲੁਰੂ, 26 ਜੁਲਾਈ : ਕਰਨਾਟਕ 'ਚ ਅੱਜ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੇ ਆਖਰਕਾਰ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ | ਯੇਦੀਯੁਰੱਪਾ ਨੇ ਰਾਜਪਾਲ ਥਾਵਰਚੰਦ ਗਹਿਲੋਤ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਅਪਣਾ ਅਸਤੀਫ਼ਾ ਸੌਂਪ ਦਿਤਾ | ਰਾਜਪਾਲ ਨੇ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ | ਯੇਦੀਯੁਰੱਪਾ ਨੇ ਕੁੱਝ ਸਮਾਂ ਪਹਿਲਾਂ ਇਕ ਸਮਾਗਮ ਵਿਚ ਭਾਸ਼ਣ ਦਿੰਦੇ ਹੋਏ ਅਪਣੇ ਅਸਤੀਫ਼ੇ ਦਾ ਐਲਾਨ ਕੀਤਾ ਸੀ |
ਯੇਦੀਯੁਰੱਪਾ ਨੇ ਕਿਹਾ,''ਮੈਂ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਹੈ | ਮੈਂ ਇਹ ਉਦਾਸ ਹੋ ਕੇ ਨਹੀਂ, ਬਲਕਿ ਖ਼ੁਸ਼ੀ ਨਾਲ ਕਰ ਰਿਹਾ ਹਾਂ | ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸਾਹ ਦਾ ਧਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ 75 ਸਾਲ ਦੀ ਉਮਰ ਤੋਂ ਬਾਅਦ ਵੀ ਅਹੁਦੇ 'ਤੇ ਬਣੇ ਰਹਿਣ ਦੀ ਪ੍ਰਵਾਨਗੀ ਦਿਤੀ | ਮੈਂ ਭਵਿੱਖ ਵਿਚ ਪਾਰਟੀ ਨਿਰਮਾਣ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਰਹਾਂਗਾ |'' ਜ਼ਿਕਰਯੋਗ ਹੈ ਕਿ ਕਰਨਾਟਕ ਦੇ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਨੇ ਅਹੁਦੇ ਤੋਂ ਹਟਾਏ ਜਾਣ ਸਬੰਧੀ ਕਿਆਸਿਆਂ ਨੂੰ ਵਿਰਾਮ ਦਿੰਦੇ ਹੋਏ ਅੱਜ ਅਸਤੀਫ਼ੇ ਦਾ ਐਲਾਨ ਕਰ ਦਿਤਾ ਸੀ |
ਦਰਅਸਲ, ਕੁਝ ਸਮਾਂ ਪਹਿਲਾਂ ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਨਾਲ ਮੁਲਾਕਾਤ ਕੀਤੀ ਸੀ, ਜਿਸ ਤੋਂ ਬਾਅਦ ਕਿਆਸੇ ਲਗਾਏ ਜਾ ਰਹੇ ਸੀ ਕਿ ਭਾਜਪਾ ਹਾਈ ਕਮਾਨ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣਾ ਚਾਹੁੰਦੀ ਹੈ | (ਪੀਟੀਆਈ)