
ਨਵਜੋਤ ਸਿੱਧੂ ਨੇ ਹਾਈਕਮਾਨ ਵਲੋਂ ਤੈਅ 18 ਨੁਕਾਤੀ ਏਜੰਡੇ ਦੀ ਪੂਰਤੀ ਲਈ ਹੋਮ ਵਰਕ ਕੀਤਾ ਸ਼ੁਰੂ
ਪਾਰਟੀ ਦੀ ਹੇਠਲੀ ਪੱਧਰ ਤਕ ਸਰਗਰਮੀ ਵਧਾਉਣ ਲਈ ਵੀ ਕੀਤੀ ਚਰਚਾ
ਚੰਡੀਗੜ੍ਹ, 26 ਜੁਲਾਈ (ਗੁਰਉਪਦੇਸ਼ ਭੁੱਲਰ): ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਬਾਅਦ ਅੱਜ ਨਵਜੋਤ ਸਿੰਘ ਸਿੱਧੂ ਨੇ ਚਾਰ ਕਾਰਜਕਾਰੀ ਪ੍ਰਧਾਨਾਂ ਸੰਗਤ ਸਿੰਘ ਗਿਲਜੀਆਂ, ਕੁਲਜੀਤ ਨਾਗਰਾ, ਪਵਨ ਗੋਇਲ ਤੇ ਸੁਖਵਿੰਦਰ ਸਿੰਘ ਡੈਨੀ ਨਾਲ ਅੱਜ ਇਥੇ ਪੰਜਾਬ ਕਾਂਗਰਸ ਭਵਨ ਵਿਚ ਪਹਿਲੀ ਮੀਟਿੰਗ ਕੀਤੀ | ਇਸ ਤੋਂ ਇਲਾਵਾ ਉਨ੍ਹਾਂ ਪਾਰਟੀ ਦੇ ਵੱਖ ਵੱਖ ਵਿੰਗਾਂ ਤੇ ਸੈੱਲਾਂ ਦੇ ਮੁਖੀਆਂ ਨਾਲ ਵੀ ਇਕ ਵਖਰੀ ਮੀਟਿੰਗ ਕੀਤੀ | ਭਾਵੇਂ ਇਨ੍ਹਾਂ ਮੀਟਿੰਗਾਂ ਦਾ ਮੁੱਖ ਮਕਸਦ ਪਾਰਟੀ ਦੇ ਮਜ਼ਬੂਤੀ ਲਈ ਭਵਿੱਖ ਦੇ ਪ੍ਰੋਗਰਾਮਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕਰਨਾ ਦਸਿਆ ਗਿਆ ਹੈ ਪਰ ਪਤਾ ਲੱਗਾ ਹੈ ਕਿ ਸਿੱਧੂ ਵਲੋਂ ਕਾਰਜਕਾਰੀ ਪ੍ਰਧਾਨਾਂ ਨਾਲ ਕੀਤੀ ਮੀਟਿੰਗ ਦਾ ਮੁੱਖ ਏਜੰਡਾ ਕਾਂਗਰਸ ਹਾਈਕਮਾਨ ਵਲੋਂ ਦਿਤਾ 18 ਨੁਕਾਤੀ ਏਜੰਡਾ ਰਿਹਾ | ਇਸ ਤਰ੍ਹਾਂ ਸਿੱਧੂ ਨੇ ਅਪਣੇ ਕੀਤੇ ਐਲਾਨ ਮੁਤਾਬਕ ਇਸ ਏਜੰਡੇ ਦੀ ਪੂਰਤੀ ਲਈ ਹੋਮ ਵਰਕ ਸ਼ੁਰੂ ਕਰ ਦਿਤਾ ਹੈ |
ਇਸ ਏਜੰਡੇ ਦੀਆਂ ਮੁੱਖ ਮੰਗਾਂ ਵਿਚ ਬੇਅਦਬੀ ਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣਾ, ਨਸ਼ਿਆਂ ਦੇ ਵੱਡੇ ਸੌਦਾਗਰਾਂ ਵਿਰੁਧ ਕਾਰਵਾਈ, ਟਰਾਂਸਪੋਰਟ ਤੇ ਰੇਤ ਸਮੇਤ ਹੋਰ ਵੱਖ ਵੱਖ ਤਰ੍ਹਾਂ ਦੇ ਮਾਫ਼ੀਏ ਖ਼ਤਮ ਕਰਨ ਅਤੇ ਬਿਜਲੀ ਸਮਝੌਤੇ ਰੱਦ ਕਰਨਾ ਆਦਿ ਸ਼ਾਮਲ ਹਨ | ਅੱਜ ਹੋਈ ਮੀਟਿੰਗ ਵਿਚ ਸਿੱਧੂ ਨੇ ਕਾਰਜਕਾਰੀ ਪ੍ਰਧਾਨਾਂ ਨਾਲ ਵਿਚਾਰ ਵਟਾਂਦਰੇ ਵਿਚ ਉਨ੍ਹਾਂ ਤੋਂ ਸੁਝਾਅ ਲਏ ਕਿ 18 ਨੁਕਾਤੀ ਏਜੰਡੇ ਦੀ ਪੂਰਤੀ ਲਈ ਕਿਵੇਂ ਅੱਗੇ ਵਧਿਆ ਜਾਵੇ | ਇਸ ਸਬੰਧੀ ਸਰਕਾਰ ਨਾਲ ਤਾਲਮੇਲ ਬਣਾ ਕੇ ਮੁੱਖ ਮੰਤਰੀ ਨਾਲ ਗੱਲਬਾਤ ਸ਼ੁਰੂ ਕੀਤੇ ਜਾਣ ਦੀ ਗੱਲ ਹੋਈ | ਪੰਜਾਬ ਕਾਂਗਰਸ ਦੀ ਹੇਠਲੀ ਪੱਧਰ ਤਕ ਮਜ਼ਬੂਤੀ ਲਈ ਵਰਕਰਾਂ ਨਾਲ ਸੰਪਰਕ ਵਧਾਉਣ ਤੇ ਸੂਬਾ ਪਾਰਟੀ ਦਫ਼ਤਰ ਵਿਚ ਸਰਗਰਮੀ ਵਧਾਉਣ ਬਾਰੇ ਵੀ ਚਰਚਾ ਹੋਈ | ਵੱਖ ਵੱਖ ਸੈੱਲਾਂ ਦੇ ਮੁਖੀਆਂ ਨਾਲ ਮੀਟਿੰਗ ਵਿਚ ਸਿੱਧੂ ਨੇ ਪਾਰਟੀ ਦੇ ਕੰਮ ਨੂੰ ਹੋਰ ਵਧੇਰੇ ਵਧੀਆ ਬਣਾਉਣ ਲਈ ਵਿਚਾਰ ਜਾਣੇ |