
ਬੇਅਦਬੀਆਂ ਦੇ ਗੰਭੀਰ ਮਸਲੇ ’ਤੇ ਸਿੱਖ ਵਿਦਵਾਨਾਂ ਤੇ ਬੁੱਧੀਜੀਵੀਆਂ ਦੀ ਇਕੱਤਰਤਾ ਅਕਾਲ ਤਖ਼ਤ ਵਿਖੇ ਹੋਈ
ਅੰਮਿ੍ਰਤਸਰ, 26 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਰੋਕਣ ਦੇ ਗੰਭੀਰ ਮਸਲੇ ਵਿਚ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਵਿਦਵਾਨ ਤੇ ਬੁੱਧੀਜੀਵੀਆਂ ਦੀ ਅਹਿਮ ਬੈਠਕ ਹੋਈ। ਬੈਠਕ ਉਪਰੰਤ ਗੱਲਬਾਤ ਦੌਰਾਨ ਗਿ. ਹਰਪ੍ਰੀਤ ਸਿੰਘ ਨੇ ਦਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਜਾਗਤ ਜੋਤ ਗੁਰੂ ਹਨ। ਪਰ ਬੀਤੇ ਵਕਤ ਵਿਚ ਸਿੱਖ ਕੌਮ ਨੂੰ ਢਾਹ ਲਾਉਣ ਵਾਲਿਆਂ ਦੀ ਗਿਣਤੀ ਵਿਚ ਇਜ਼ਾਫ਼ਾ ਹੋਇਆ, ਜਿਸ ਕਾਰਨ ਗੁਰੂ ਦੀਆਂ ਬੇਅਦਬੀਆਂ ਹੋ ਰਹੀਆਂ ਹਨ ਅਤੇ ਅੱਜ ਦੀ ਇੱਕਤਰਤਾ ਦਾ ਮੁੱਖ ਆਦੇਸ਼ ਗੁਰੂ ਦੀਆਂ ਬੇਅਦਬੀਆਂ ਨੂੰ ਰੋਕਿਆ ਜਾਵੇ ਤੇ ਦੋਸ਼ੀਆਂ ਨੂੰ ਬੇਨਕਾਬ ਕਰ ਕੇ ਸਖ਼ਤ ਸਜ਼ਾਵਾ ਦਿਤੀਆਂ ਜਾਣ।
‘ਜਥੇਦਾਰ’ ਨੇ ਕਿਹਾ ਕਿ ਬੇਅਦਬੀ ਦੇ ਮੁੱਦੇ ਤੇ ਰਾਜਨੀਤੀ ਕਰਨ ਤੋਂ ਸਿਆਸਤਦਾਨਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਪਿੰਡਾਂ ਅਤੇ ਸ਼ਹਿਰਾਂ ਦੀਆਂ ਸੁਸਾਇਟੀਆਂ ਨਾਲ ਵਿਚਾਰਾਂ ਕਰ ਕੇ ਪਿੰਡਾਂ ਤੇ ਸ਼ਹਿਰ ਦੇ ਪੱਧਰ ਤੇ ਸਿੱਖ ਕੌਮ ਦੀ ਮਾਣ ਮਰਿਆਦਾ ਦਾ ਖ਼ਿਆਲ ਰੱਖਣ ਸਬੰਧੀ ਵਧੇਰੇ ਜਾਗਰੂਕਤਾ ਦੀ ਲੋੜ ਹੈ। ਪਿੰਡ ਹੋਵੇ ਜਾਂ ਸ਼ਹਿਰ ਬੇਅਦਬੀ ਸਬੰਧੀ ਕੋਈ ਵੀ ਘਟਨਾ ਮਿਲਦੀ ਹੈ ਤਾਂ ਤੁਰਤ ਦੋਸ਼ੀਆਂ ਨੂੰ ਫੜਨ ਲਈ ਯੋਗ ਉਪਰਾਲੇ ਕੀਤੇ ਜਾਣਗੇ। ਬੀਤੇ ਸਮੇਂ ਵਿਚ ਹੋਈਆਂ ਬੇਅਦਬੀਆਂ ਬਾਰੇ ਵੀ ਖੁਲ੍ਹ ਕੇ ਵਿਚਾਰ ਚਰਚਾ ਕੀਤੀ ਗਈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅੱਜ ਦੀ ਇਕੱਤਰਤਾ ਵਿਚ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ, ਜੋ ਸਭਾ ਸੁਸਾਇਟੀਆਂ ਨਾਲ ਸਿੱਖ ਕੌਮ ਦੇ ਅਹਿਮ ਮੁੱਦਿਆਂ ’ਤੇ ਵਿਚਾਰਾਂ ਕੀਤੀਆਂ ਜਾਣਗੀਆਂ।
ਆਦੇਸ਼ ਯੂਨੀਵਰਸਿਟੀ ਬਠਿੰਡਾ ਦੇ ਵਾਇਸ ਚਾਂਸਲਰ ਅਤੇ ਡਾ. ਐਸ ਪੀ ਸਿੰਘ ਸਾਬਕਾ ਵਾਇਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਅਪਣੇ ਵਿਚਾਰ ਦਸਦਿਆਂ ਕਿਹਾ ਕਿ ਬੇਅਦਬੀ ਪੰਥਕ ਮਸਲਾ ਹੈ, ਜਿਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਾਜ਼ਰੀ ਵਿਚ ਸੁਲਝਾਇਆ ਜਾ ਸਕਦਾ ਹੈ। ਇਸ ਲਈ ਸਰਕਾਰਾਂ ’ਤੇ ਹੀ ਨਿਰਭਰ ਰਹਿਣਾ ਕਦੇ ਵੀ ਉਚਿਤ ਨਹੀਂ।
ਇਸ ਮੌਕੇ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਕਮੇਟੀ, ਐਡਵੋਕੇਟ ਭਗਵੰਤਪਾਲ ਸਿੰਘ ਸਿਆਲਕਾ, ਬਾਬਾ ਰਾਮ ਸਿੰਘ, ਬੀਬੀ ਕਿਰਨਜੀਤ ਕੌਰ, ਬਾਬਾ ਸੁਰ ਸਿੰਘ ਵਾਲੇ, ਫ਼ੈਡਰੇਸ਼ਨ ਨੇਤਾ ਗੁਰਚਰਨ ਸਿੰਘ ਗਰੇਵਾਲ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਨੇਤਾ ਐਡਵੋਕੇਟ ਜਸਬੀਰ ਸਿੰਘ ਘੁੰਮਣ ਆਦਿ ਮੌਜੂਦ ਸਨ।