
ਆਰਥਕ ਸੰਕਟ ਤੋਂ ਉਭਰਨ ਲਈ ਨਵੇਂ ਨੋਟ ਛਾਪਣ ਦੀ ਨਹੀਂ ਹੈ ਕੋਈ ਯੋਜਨਾ
ਨਵੀਂ ਦਿੱਲੀ, 26 ਜੁਲਾਈ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਸੰਸਦ ਨੂੰ ਕਿਹਾ ਕਿ ਕੋਰੋਨਾ ਮਹਾਂਮਾਰੀ ਨਾਲ ਪੈਦਾ ਹੋਏ ਆਰਥਕ ਸੰਕਟ ਨਾਲ ਨਜਿੱਠਣ ਲਈ ਸਰਕਾਰ ਨਵੇਂ ਕਰੰਸੀ ਨੋਟ ਨਹੀਂ ਛਾਪ ਰਹੀ | ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਅਜਿਹੀ ਕਿਸੇ ਵੀ ਯੋਜਨਾ 'ਤੇ ਵਿਚਾਰ ਨਹੀਂ ਕਰ ਰਹੀ |
ਇਕ ਸਵਾਲ ਦੇ ਜਵਾਬ ਵਿਚ ਕਿ, ਕੀ ਸੰਕਟ ਨਾਲ ਨਜਿੱਠਣ ਲਈ ਸਰਕਾਰ ਵਲੋਂ ਨਵੇਂ ਨੋਟ ਛਾਪਣ ਦੀ ਕੋਈ ਯੋਜਨਾ ਹੈ, ਨਿਰਮਲਾ ਸੀਤਾਰਮਨ ਨੇ ਕਿਹਾ ਕਿ ਨਹੀਂ ਇਸ ਤਰ੍ਹਾਂ ਦੀ ਕੋਈ ਯੋਜਨਾ ਨਹੀਂ | ਇਥੇ ਦੱਸ ਦੇਈਏ ਕਿ ਕੋਰੋਨਾ ਕਾਰਨ ਵਿੱਤੀ ਆਰਥਕਤਾ ਨੂੰ ਬਚਾਉਣ ਅਤੇ ਰੁਜ਼ਗਾਰ ਪੈਦਾ ਕਰਨ ਲਈ, ਬਹੁਤ ਸਾਰੇ ਅਰਥਸ਼ਾਸਤਰੀਆਂ ਅਤੇ ਮਾਹਰਾਂ ਨੇ ਸਲਾਹ ਦਿਤੀ ਸੀ ਕਿ ਸਰਕਾਰ ਨੂੰ ਨਵੇਂ ਕਰੰਸੀ ਨੋਟਾਂ ਦੀ ਛਪਾਈ ਦਾ ਸਹਾਰਾ ਲੈਣਾ ਚਾਹੀਦਾ ਹੈ | ਵਿੱਤ ਮੰਤਰੀ ਨੇ ਕਿਹਾ ਕਿ ਸਾਡੀ ਆਰਥਕਤਾ ਦਾ ਮੁੱਲ ਜੋ ਵੀ ਹੈ, ਮਜ਼ਬੂਤ ਹੈ ਅਤੇ ਆਤਮ ਨਿਰਭਰ ਭਾਰਤ ਮਿਸ਼ਨ ਨੇ ਵਿੱਤੀ ਸਾਲ 2020-21 ਦੇ ਦੂਜੇ ਅੱਧ ਤੋਂ ਆਰਥਕਤਾ ਨੂੰ ਸਹੀ ਮਾਰਗ 'ਤੇ ਲਿਆਂਦਾ ਹੈ | ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਸੰਸਦ ਨੂੰ ਦਿਤੇ ਅਪਣੇ ਲਿਖਤੀ ਜਵਾਬ ਵਿਚ ਸੀਤਾਰਮਨ
ਨੇ ਕਿਹਾ ਕਿ 2020-21 ਦੌਰਾਨ ਭਾਰਤ ਦੀ ਜੀਡੀਪੀ ਵਿਚ 7.3 ਪ੍ਰਤੀਸ਼ਤ ਦੀ ਕਮੀ ਆਉਣ ਦਾ ਅਨੁਮਾਨ ਲਗਾਇਆ ਗਿਆ ਹੈ | ਇਹ ਘਾਟ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਸਾਡੇ ਉਪਾਵਾਂ ਨੂੰ ਦਰਸਾਉਂਦੀਆਂ ਹਨ | ਉਨ੍ਹਾਂ ਕਿਹਾ ਕਿ ਅਰਥਕਤਾ ਨੂੰ ਸਹੀ ਪਟਰੀ 'ਤੇ ਲਿਆਉਣ ਅਤੇ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਸਵੈ-ਨਿਰਭਰ ਭਾਰਤ ਅਧੀਨ 29.87 ਲੱਖ ਕਰੋੜ ਰੁਪਏ ਦੇ ਵਿਸ਼ੇਸ਼ ਆਰਥਕ ਪੈਕੇਜ ਦਾ ਐਲਾਨ ਕੀਤਾ ਗਿਆ ਹੈ | ਸੀਤਾਰਮਨ ਨੇ ਕਿਹਾ ਕਿ ਸਰਕਾਰ ਨੇ ਕੇਂਦਰੀ ਬਜਟ 2021-22 ਵਿਚ ਕਈ ਰਾਹਤ ਉਪਾਵਾਂ ਦਾ ਐਲਾਨ ਕੀਤਾ ਹੈ, ਜਿਵੇਂ ਪੂੰਜੀਗਤ ਖ਼ਰਚਿਆਂ ਵਿਚ 34.5 ਪ੍ਰਤੀਸ਼ਤ ਦਾ ਵਾਧਾ ਅਤੇ ਸਿਹਤ ਖ਼ਰਚਿਆਂ ਵਿਚ 137 ਪ੍ਰਤੀਸ਼ਤ ਦਾ ਵਾਧਾ |