
ਏ.ਜੀ. ਸਿੱਧੂ ਦੇ ਅਸਤੀਫ਼ੇ ਬਾਅਦ ਪੰਜਾਬ ਦਾ ਸਿਆਸੀ ਮੈਦਾਨ ਭਖਿਆ
ਵਿਰੋਧੀ ਪਾਰਟੀਆਂ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ, ਦਿੱਲੀ ਤੋਂ ਸਰਕਾਰ ਚਲਣ ਦੇ ਦੋਸ਼ ਦੁਹਰਾਏ
ਚੰਡੀਗੜ੍ਹ, 26 ਜੁਲਾਈ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਐਡਵੋਕੇਟ ਜਨਰਲ ਦੇ ਅਸਤੀਫ਼ੇ ਤੋਂ ਬਾਅਦ ਸੂਬੇ ਦੀ ਸਿਆਸਤ ਇਕਦਮ ਭਖ ਗਈ ਹੈ ਅਤੇ ਵਿਰੋਧੀ ਪਾਰਟੀਆਂ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਦਿਆਂ ਸਖ਼ਤ ਪ੍ਰਤੀਕਰਮ ਦਿਤੇ ਹਨ | ਇਸ ਨਾਲ ਹੀ ਨਵੇਂ ਬਣਾਏ ਗਏ ਏ.ਜੀ. ਵਿਨੋਦ ਘਈ ਨੂੰ ਲੈ ਕੇ ਵੀ ਵਿਵਾਦ ਛਿੜ ਗਿਆ ਹੈ | ਵਿਰੋਧੀ ਧਿਰ ਨੇ 'ਆਪ' ਸਰਕਾਰ ਦੇ 100 ਦਿਨ ਦੇ ਕਾਰਜਕਾਲ ਦੌਰਾਨ ਹੀ ਡੀ.ਜੀ.ਪੀ., ਮੁੱਖ ਸਕੱਤਰ ਤੇ ਏ.ਜੀ. ਸਮੇਤ ਵੱਡੇ ਅਧਿਕਾਰੀਆਂ ਦੇ ਹੋਏ ਤਬਾਦਲਿਆਂ ਨੂੰ ਲੈ ਕੇ ਸਵਾਲ ਚੁਕੇ ਹਨ | ਸਾਰੀਆਂ ਹੀ ਪਾਰਟੀਆਂ ਇਕ ਗੱਲ ਮੁੱਖ ਤੌਰ 'ਤੇ ਜ਼ੋਰ ਦੇ ਕੇ ਕਹਿ ਰਹੀਆਂ ਹਨ ਕਿ ਭਗਵੰਤ ਮਾਨ ਸਰਕਾਰ ਦਿੱਲੀ ਤੋਂ ਹੀ ਚਲ ਰਹੀ ਹੈ |
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਹੈ ਕਿ ਏ.ਜੀ. ਸਿੱਧੂ ਦੇ ਅਸਤੀਫ਼ੇ ਨਾਲ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕਿਸ ਤਰ੍ਹਾਂ ਦਾ ਬਦਲਾਅ ਆ ਰਿਹਾ ਹੈ | ਭਗਵੰਤ ਮਾਨ ਸਰਕਾਰ ਦਿੱਲੀ ਵਾਲਿਆਂ ਦੇ ਹੱਥਾਂ ਵਿਚ ਕਠਪੁਤਲੀ ਬਣ ਚੁੱਕੀ ਹੈ ਅਤੇ ਮੰਤਰੀ ਤੇ ਅਧਿਕਾਰੀ ਅਪਣੀ ਮਰਜ਼ੀ ਨਾਲ ਕੁੱਝ ਬੋਲ ਨਹੀਂ ਸਕਦੇ | ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਉਪ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਗ਼ੈਰ ਸੰਵਿਧਾਨਕ ਤਰੀਕੇ ਨਾਲ ਚਲ ਰਹੀ ਹੈ | ਚੰਗੇ ਅਫ਼ਸਰਾਂ ਲਈ ਕੰਮ ਕਰਨਾ ਮੁਸ਼ਕਲ ਹੋ ਰਿਹਾ ਹੈ | ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਟਵੀਟ ਕਰ ਕੇ ਕਿਹਾ ਕਿ 'ਆਪ' ਦੀ ਇਹ ਸਰਕਾਰ ਵੀ ਚੰਨੀ ਸਰਕਾਰ ਦੇ ਰਾਹ 'ਤੇ ਚਲ ਪਈ ਹੈ | ਡੀ.ਜੀ.ਪੀ. ਤੇ ਏ.ਜੀ. ਦੇ ਤਬਾਦਲੇ ਚੰਨੀ ਸਰਕਾਰ ਵਾਂਗ ਹੀ ਹੋਏ ਹਨ ਤੇ ਵਿਵਾਦ ਖੜੇ ਹੋ ਗਏ | ਚੰਨੀ ਸਰਕਾਰ ਨੂੰ ਹਰੀਸ਼ ਚੌਧਰੀ ਅਪਣੀਆਂ
ਉਂਗਲੀਆਂ ਤੇ ਨਚਾ ਰਹੇ ਸਨ ਤੇ ਹੁਣ ਉਹੀ ਭੂਮਿਕਾ ਰਾਘਵ ਚੱਢਾ ਦੀ ਹੈ | ਭਾਜਪਾ ਦੇ ਇਕ ਹੋਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਮਾਨਦਾਰ ਅਧਿਕਾਰੀਆਂ ਦਾ ਭਗਵੰਤ ਮਾਨ ਸਰਕਾਰ ਵਿਚ ਦਮ ਘੁਟ ਰਿਹਾ ਹੈ |