
ਕੇਂਦਰੀ ਮੰਤਰੀ ਨਿਤਿਆਨੰਦ ਰਾਏ ਨਾਲ ਕੀਤੀ ਮੁਲਾਕਾਤ, ਸੌਂਪਿਆ ਮੰਗ ਪੱਤਰ
ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਸਮੇਤ ਹੋਰ ਕਈ ਆਗੂਆਂ ਨੇ ਅੱਜ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨਾਲ ਮੁਲਾਕਾਤ ਕੀਤੀ। ਜਿਸ ਦੌਰਾਨ ਉਹਨਾਂ ਨੇ ਕੇਂਦਰੀ ਮੰਤਰੀ ਨੂੰ 3 ਗੱਲਾਂ ਲਿਖਤੀ ਰੂਪ ਵਿਚ ਦਿੱਤੀਆਂ ਹਨ ਤੇ ਉਹਨਾਂ 'ਤੇ ਵਿਚਾਰ ਚਰਚਾ ਕਰਨ ਦੀ ਗੱਲ ਕਹੀ ਹੈ।
ਉਹਨਾਂ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਕਿ ਕਿਸੇ ਵੀ ਸਟੇਟ ਅਸੈਂਬਲੀ ਨੂੰ ਇਹ ਕੋਈ ਹੱਕ ਨਹੀਂ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਕੋਈ ਵੀ ਕਾਨੂੰਨ ਪਾਸ ਕਰੇ। ਇਹ ਅਧਿਕਾਰ ਸਿਰਫ਼ ਕੇਂਦਰ ਕੋਲ ਹੈ ਤੇ ਉਹ ਵੀ ਉਸ ਸਮੇਂ ਜਦੋਂ ਕਮੇਟੀ ਦੀ ਮੈਬਰਸ਼ਿਪ ਕੋਈ ਵੀ ਕੰਮ ਕਰਨ ਲਈ ਕਹੇ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮੰਤਰੀ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਨੂੰ ਤਾੜਨਾ ਕਰਨ ਕਿ ਅਸੈਂਬਲੀ ਵਿਚ ਕੋਈ ਵੀ ਗੈਰ-ਕਾਨੂੰਨੀ ਸਵਾਲ-ਜਵਾਬ ਨਾ ਕਰਨ।
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀਆਂ ਟਰੇਡ ਯੂਨੀਅਨਾਂ ਬਣਾ ਰਹੇ ਹਨ ਪਰ ਮੈਂ ਕਹਿ ਰਿਹਾ ਹਾਂ ਕਿ ਇਹ ਕੋਈ ਫੈਕਟਰੀ ਨਹੀਂ ਹੈ ਜਿਸ ਦੀਆਂ ਯੂਨੀਅਨਾਂ ਬਣਾਈਆਂ ਜਾਣ ਇੱਥੇ ਸੇਵਾ ਦਾ ਕੰਮ ਹੁੰਦਾ ਹੈ। ਸਰਨਾ ਨੇ ਕਿਹਾ ਕਿ ਮੁੱਖ ਮੰਤਰੀ ਇਹ ਸਭ ਖ਼ਰਾਬੀ ਕਰਨ ਲਈ ਕਰ ਰਹੇ ਹਨ।
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਵੇਂ ਦੂਰਦਰਸ਼ਨ ਦੇ ਬਹੁਤ ਸਾਰੇ ਚੈਨਲ ਜਾਰੀ ਕੀਤੇ ਹੋਏ ਹਨ ਇਸੇ ਤਰ੍ਹਾਂ ਹੀ ਇਸ ਚੈਨਲ 'ਤੇ ਗੁਰਬਾਣੀ ਪ੍ਰਸਾਰਣ ਲਈ ਵੱਖਰਾ ਦੂਰਦਰਸ਼ਨ ਚੈਨਲ ਚਲਾਇਆ ਜਾਵੇ ਤਾਂ ਜੋ ਦੁਨੀਆਂ ਭਰ ਦੇ ਸਿੱਖ ਇਸ ਦਾ ਫ਼ਾਇਦਾ ਲੈ ਸਕਣ। ਉਹਨਾਂ ਨੇ ਕਿਹਾ ਕਿ ਇਸ ਚੈਨਲ 'ਤੇ ਸਾਰੇ ਗੁਰਦੁਆਰਾ ਸਾਹਿਬ ਤੋਂ ਗੁਰਬਾਣੀ ਚਲਾਈ ਜਾ ਸਕਦੀ ਹੈ ਫਿਰ ਉਹ ਚਾਹੇ ਹੇਮਕੁੰਟ ਸਾਹਿਬ ਤੋਂ ਹੋਵੇ, ਹਜ਼ੂਰ ਸਾਹਿਬ ਤੋਂ ਹੋਵੇ, ਉਹ ਫ਼ੈਸਲਾ ਦੂਰਦਰਸ਼ਨ ਦਾ ਅਪਣਾ ਹੋਵੇਗਾ।
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਦੋਂ ਉਹ ਦਿੱਲੀ ਕਮੇਟੀ ਦੇ ਪ੍ਰਧਾਨ ਸਨ ਤਾਂ ਉੱਥੇ ਕੋਈ ਵੀ ਨੁਕਸਾਨ ਨਹੀਂ ਹੁੰਦਾ ਸੀ ਜਦਕਿ ਹੁਣ 300 ਹਜ਼ਾਰ ਕਰੋੜ ਦਾ ਘਾਟਾ ਸਕੂਲਾਂ ਵਿਚ ਪਿਆ ਹੈ ਤੇ 5 ਕਰੋੜ ਰੁਪਏ ਮਹੀਨੇ ਭਰ ਦਾ ਘਾਟਾ ਹੈ। ਜਦੋਂ ਉਹ ਉੱਥੇ ਪ੍ਰਧਾਨ ਸਨ ਤਾਂ 126 ਕਰੋੜ ਰੁਪਏ 5 ਸਾਲਾਂ ਵਿਚ ਜਮ੍ਹਾ ਕਰ ਕੇ ਗਏ ਸਨ ਤੇ ਅੱਜ ਉਹ ਸਾਰੀਆਂ ਕਮਾਈਆਂ ਉਡਾ ਦਿੱਤੀਆਂ ਗਈਆਂ ਹਨ।