
ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਰੀਪੋਰਟ ਵੀ ਕੋਰੋਨਾ ਪਾਜ਼ੇਟਿਵ
ਚੰਡੀਗੜ੍ਹ, 27 ਅਗੱਸਤ (ਗੁਰਉਪਦੇਸ਼ ਭੁੱਲਰ) : ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਕੋਰੋਨਾ ਪਾਜ਼ੇਟਿਵ ਹੋਣ ਵਾਲੇ ਪੰਜਾਬ ਦੇ ਵਿਧਾਇਕਾਂ ਦੀ ਗਿਣਤੀ 30 ਤਕ ਪਹੁੰਚ ਗਈ ਹੈ। ਜਦਕਿ ਇਕ ਹੋਰ ਮੰਤਰੀ ਬ੍ਰਹਮ ਮਹਿੰਦਰਾ ਦੀ ਰੀਪੋਰਟ ਪਾਜ਼ੇਟਿਵ ਹੋਣ ਬਾਅਦ ਕੋਰੋਨਾ ਪੀੜਤ ਹੋਣ ਵਾਲੇ ਮੰਤਰੀਆਂ ਦੀ ਗਿਣਤੀ ਵੀ ਪੰਜ ਹੋ ਗਈ ਹੈ। ਜਿਹੜੇ ਹੋਰ ਵਿਧਾਇਕਾਂ ਦੀ ਰੀਪੋਰਟ ਪਾਜ਼ੇਟਿਵ ਆਈ ਹੈ, ਉਨ੍ਹਾਂ ਵਿਚ ਸੁਰਿੰਦਰ ਡਾਬਰ, ਦਰਸ਼ਨ ਬਰਾੜ, ਦਲਵੀਰ ਗੋਲਡੀ ਸ਼ਾਮਲ ਹਨ ਜਦਕਿ 27 ਵਿਧਾਇਕਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀਆਂ ਰੀਪੋਰਟਾਂ ਤਾਂ ਬੀਤੀ ਰਾਤ ਤਕ ਆ ਗਈਆਂ ਸਨ। ਮੰਤਰੀ ਬ੍ਰਹਮ ਮਹਿੰਦਰਾ ਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਅੱਜ ਹੋਈ ਹੈ। ਇਸ ਤੋਂ ਪਹਿਲਾਂ ਚਾਰ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਕਾਂਗੜ ਤੇ ਸੁੰਦਰ ਸ਼ਾਮ ਅਰੋੜਾ ਸ਼ਾਮਲ ਹਨ। ਇਨ੍ਹਾਂ ਵਿਚੋਂ ਬਾਜਵਾ ਸੱਭ ਤੋਂ ਪਹਿਲਾਂ ਕੋਰੋਨਾ ਪਾਜ਼ੇਟਿਵ ਹੋਏ ਸਨ ਤੇ ਇਸ ਸਮੇਂ ਠੀਕ ਵੀ ਹੋ ਚੁੱਕੇ ਹਨ। ਬ੍ਰਹਮ ਮਹਿੰਦਰਾ ਦੀ ਰੀਪੋਰਟ ਪਾਜ਼ੇਟਿਵ ਆਉਣ ਬਾਅਦ ਉਹ ਚੰਡੀਗੜ੍ਹ ਹੀ ਇਕਾਂਤਵਾਸ ਹੋਏ ਹਨ। ਕੋਰੋਨਾ ਪਾਜ਼ੇਟਿਵ ਮੈਂਬਰ ਵਿਧਾਨ ਸਭਾ ਸੈਸ਼ਨ ਵਿਚ ਭਾਗ ਨਹੀਂ ਲੈ ਸਕਣਗੇ।