
ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੂੰ ਨਹੀਂ ਮਿਲੀ ਰਾਹਤ
ਐਸ.ਆਈ.ਟੀ. ਕਦੇ ਵੀ ਕਰ ਸਕਦੀ ਹੈ ਗ੍ਰਿਫ਼ਤਾਰ
ਐਸ.ਏ.ਐਸ ਨਗਰ, 27 ਅਗੱਸਤ (ਗੁਰੁਮਖ ਸਿੰਘ ਵਾਲੀਆ) : ਬਹੁ-ਚਰਚਿਤ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਅਤੇ ਕਤਲ ਮਾਮਲੇ ਵਿਚ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੂੰ ਅਦਾਲਤ ਵਲੋਂ ਰਾਹਤ ਨਹੀਂ ਦਿਤੀ ਗਈ। ਮਾਮਲੇ ਵਿਚ ਬਣਾਈ ਗਈ ਐਸਆਈਟੀ ਹੁਣ ਕਦੇ ਵੀ ਸੈਣੀ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ। ਮਾਮਲੇ ਦੀ ਸੁਣਵਾਈ ਵੀਰਵਾਰ ਨੂੰ ਮੁਹਾਲੀ ਦੇ ਐਡੀਸ਼ਨਲ ਸੈਸ਼ਨ ਜੱਜ ਮਾਣਯੋਗ ਰਜਨੀਸ਼ ਗਰਗ ਵਲੋਂ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਦੋਹਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਉਪਰੰਤ ਮਾਮਲੇ ਦੀ ਸੁਣਵਾਈ 29 ਅਗੱਸਤ ਤਕ ਮੁਲਤਵੀ ਕਰ ਦਿਤੀ ਹੈ ਅਤੇ ਸੈਣੀ ਦੀ ਗ੍ਰਿਫ਼ਤਾਰੀ ਨਾ ਹੋਣ 'ਤੇ ਕਿਸੇ ਤਰ੍ਹਾਂ ਦੇ ਨਿਰਦੇਸ਼ ਨਹੀਂ ਦਿਤੇ ਹਨ।
ਜ਼ਿਕਰਯੋਗ ਹੈ ਕਿ 6 ਮਈ 2020 ਨੂੰ ਦਰਜ ਕੀਤੀ ਗਈ ਐਫ਼.ਆਈ.ਆਰ ਵਿਚ ਸੁਮੇਧ ਸੈਣੀ ਨਾਲ ਮੁਲਜ਼ਮ ਬਣਾਏ ਗਏ ਚੰਡੀਗੜ੍ਹ ਪੁਲਿਸ ਦੇ ਦੋ ਸਾਬਕਾ ਅਧਿਕਾਰੀ ਜਗੀਰ ਸਿੰਘ ਅਤੇ ਕੁਲਦੀਪ ਸਿੰਘ ਨੇ ਵਾਅਦਾ ਮੁਆਫ਼ ਗਵਾਹ ਬਣਨ ਤੋਂ ਬਾਅਦ ਅਦਾਲਤ ਵਿਚ ਸੁਮੇਧ ਸੈਣੀ ਵਿਰੁਧ ਬਿਆਨ ਦਰਜ ਕਰਵਾਏ ਸਨ। ਜਿਸ ਤੋਂ ਬਾਅਦ ਸਰਕਾਰੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਮੁਹਾਲੀ ਦੀ ਫ਼ਸਟ ਕਲਾਸ ਜੁਡੀਸ਼ੀਅਲ ਮੈਜਿਸਟ੍ਰੇਟ ਰਸਵੀਨ ਕੌਰ ਦੀ ਅਦਾਲਤ ਨੇ ਸੈਣੀ ਵਿਰੁਧ ਦਰਜ ਮਾਮਲੇ ਵਿਚ 302 ਦੀ ਧਾਰਾ ਜੋੜਣ ਦੇ ਹੁਕਮ ਦਿਤੇ ਸਨ।image