
ਸ਼ਿਵ ਸੈਨਾ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖਣ ਵਾਲੇ ਆਗੂਆਂ ਨੂੰ ਨਿਸ਼ਾਨਾ ਬਣਾਇਆ
ਮੁੰਬਈ, 27 ਅਗੱਸਤ : ਸ਼ਿਵ ਸੈਨਾ ਨੇ ਦੋਸ਼ ਲਾਇਆ ਕਿ ਕਾਂਗਰਸ ਦੇ 23 ਸੀਨੀਅਰ ਆਗੂਆਂ ਦੁਆਰਾ 'ਕੁਲਵਕਤੀ ਪਾਰਟੀ ਪ੍ਰਧਾਨ' ਦੀ ਮੰਗ ਸਬੰਧੀ ਸੋਨੀਆ ਗਾਂਧੀ ਨੂੰ ਲਿਖੀ ਗਈ ਚਿੱਠੀ ਰਾਹੁਲ ਗਾਂਧੀ ਦੀ ਅਗਵਾਈ ਨੂੰ ਖ਼ਤਮ ਕਰਨ ਦੀ ਸਾਜ਼ਸ਼ ਸੀ।
ਸ਼ਿਵ ਸੈਨਾ ਦੇ ਮੁੱਖ ਪੱਤਰ 'ਸਾਮਨਾ' ਵਿਚ ਛਪੇ ਸੰਪਾਦਕੀ ਵਿਚ ਲਿਖਿਆ ਹੈ, 'ਇਹ ਆਗੂ ਤਦ ਕਿਥੇ ਸਨ ਜਦ ਭਾਜਪਾ ਰਾਹੁਲ ਗਾਂਧੀ 'ਤੇ ਤਿੱਖੇ ਹਮਲੇ ਕਰ ਰਹੀ ਸੀ ਅਤੇ ਉਸ ਦੇ ਕਾਂਗਰਸ ਪ੍ਰਧਾਨ ਦਾ ਅਹੁਦਾ ਛੱਡਣ ਮਗਰੋਂ ਇਨ੍ਹਾਂ ਆਗੂਆਂ ਨੇ ਪਾਰਟੀ ਨੂੰ ਸਰਗਰਮ ਕਰਨ ਦੀ ਚੁਨੌਤੀ ਕਿਉਂ ਨਹੀਂ ਲਈ? ਲਿਖਿਆ ਗਿਆ ਹੈ, 'ਜਦ ਅੰਦਰੋਂ ਹੀ ਲੋਕ ਰਾਹੁਲ ਗਾਂਧੀ ਦੀ ਅਗਵਾਈ ਨੂੰ ਖ਼ਤਮ ਕਰਨ ਦੀ ਕੌਮੀ ਸਾਜ਼ਿਸ਼ ਵਿਚ ਲਿਪਤ ਹਨ ਤਾਂ ਪਾਰਟੀ ਨੂੰ 'ਪਾਣੀਪਤ' ਯਾਨੀ ਹਾਰ ਮਿਲਣਾ ਤੈਅ ਹੈ। ਇਨ੍ਹਾਂ ਪੁਰਾਣੇ ਆਗੂਆਂ ਨੇ ਰਾਹੁਲ ਗਾਂਧੀ ਨੂੰ ਅੰਦਰੂਨੀ ਰੂਪ ਵਿਚ ਨੁਕਸਾਨ ਪਹੁੰਚਾਇਆ ਹੈ, ਅਜਿਹਾ ਨੁਕਸਾਨ ਜੋ ਭਾਜਪਾ ਨੇ ਵੀ ਉਨ੍ਹਾਂ ਨੂੰ ਨਹੀਂ ਪਹੁੰਚਾਇਆ।'
ਸ਼ਿਵ ਸੈਨਾ ਨੇ ਕਿਹਾ, 'ਉਨ੍ਹਾਂ ਵਿਚੋਂ ਕੋਈ ਵੀ ਜ਼ਿਲ੍ਹਾ ਪੱਧਰ ਦਾ ਆਗੂ ਵੀ ਨਹੀਂ ਪਰ ਗਾਂਧੀ ਅਤੇ ਨਹਿਰੂ ਪਰਵਾਰ ਦੇ ਬਲ 'ਤੇ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਬਣੇ।' ਸੰਪਾਦਕੀ ਵਿਚ ਲਿਖਿਆ ਹੈ, 'ਸਾਰੇ ਰਾਜਾਂ ਵਿਚ ਕਾਂਗਰਸ ਦੇ ਪੁਰਾਣੇ ਆਗੂ ਸਿਰਫ਼ ਅਪਣੀ ਥਾਂ ਬਚਾਈ ਰੱਖਣ ਲਈ ਸਰਗਰਮੀ ਵਿਖਾਉਂਦੇ ਹਨ ਅਤੇ ਸਮੇਂ ਅਨੁਸਾਰ ਭਾਜਪਾ ਨਾਲ ਹੱਥ ਮਿਲਾਉਂਦੇ ਹਨ। ਉਹ ਸਿਰਫ਼ ਇਹੋ ਸਰਗਰਮੀ ਵਿਖਾਉਂਦੇ ਹਨ। ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਇਸ ਬਾਰੇ ਕੀ ਕਰ ਸਕਦੇ ਹਨ? ਇਕ ਰਾਜਸੀ ਕੋਰੋਨਾ ਵਾਇਰਸ ਹੈ? (ਏਜੰਸੀ)imageਇਹ ਰਾਹੁਲ ਗਾਂਧੀ ਦੀ ਅਗਵਾਈ ਨੂੰ ਖ਼ਤਮ ਕਰਨ ਦੀ ਸਾਜ਼ਸ਼ ਸੀ