
ਕਿਸਾਨ ਜਮਹੂਰੀ ਅੰਦੋਲਨਾਂ ਲਈ ਪ੍ਰੇਰਨਾ ਸਰੋਤ ਬਣੇ ਪਰ ਮੋਦੀ ਸਰਕਾਰ ਦਾ ਘਮੰਡ ਤੇ ਅਗਿਆਨਤਾ ਪੂਰੀ ਦੁਨੀਆਂ ਦੇਖ ਰਹੀ ਹੈ : ਸੰਯੁਕਤ ਕਿਸਾਨ ਮੋਰਚਾ
ਪ੍ਰਮੋਦ ਕੌਸ਼ਲ
ਲੁਧਿਆਣਾ, 26 ਅਗੱਸਤ : ਸੰਯੁਕਤ ਕਿਸਾਨ ਮੋਰਚੇ ਦੀ ਪਹਿਲੀ ਆਲ ਇੰਡੀਆ ਕਾਨਫ਼ਰੰਸ ਵੀਰਵਾਰ ਨੂੰ ਸਿੰਘੂ ਬਾਰਡਰ ’ਤੇ ਸ਼ੁਰੂ ਹੋਈ। ਸੰਮੇਲਨ ਵਿਚ ਕਿਸਾਨ ਅੰਦੋਲਨ ਨੂੰ ਵਿਸਥਾਰ ਦੇਣ ਅਤੇ ਹੋਰ ਤਿੱਖਾ ਕਰਨ ’ਤੇ ਧਿਆਨ ਕੇਂਦਰਤ ਕੀਤਾ ਗਿਆ। ਇਸ ਇਤਿਹਾਸਕ ਸੰਮੇਲਨ ’ਚ 22 ਸੂਬਿਆਂ ਨਾਲ ਸਬੰਧਤ 300 ਤੋਂ ਵੱਧ ਕਿਸਾਨ ਅਤੇ ਖੇਤ ਮਜ਼ਦੂਰ ਯੂਨੀਅਨਾਂ, 18 ਆਲ ਇੰਡੀਆ ਟਰੇਡ ਯੂਨੀਅਨਾਂ, 9 ਮਹਿਲਾ ਸੰਗਠਨਾਂ ਅਤੇ 17 ਵਿਦਿਆਰਥੀ ਤੇ ਨੌਜਵਾਨ ਜਥੇਬੰਦੀਆਂ ਦੇ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ।
ਇਸ ਕਿਸਾਨ ਕਾਨਫ਼ਰੰਸ ਦਾ ਉਦਘਾਟਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੀਤਾ, ਜਿਨ੍ਹਾਂ ਨੇ ਸਾਰੇ ਡੈਲੀਗੇਟਾਂ ਦਾ ਸਵਾਗਤ ਕੀਤਾ ਅਤੇ ਸਾਰੀਆਂ ਮੰਗਾਂ ਪੂਰੀਆਂ ਹੋਣ ਤਕ ਸ਼ਾਂਤਮਈ ਧਰਨਾ ਜਾਰੀ ਰੱਖਣ ਦੇ ਕਿਸਾਨਾਂ ਦੇ ਸੰਕਲਪ ਦੀ ਪੁਸ਼ਟੀ ਕੀਤੀ। ਇਸ ਤੋਂ ਬਾਅਦ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸ਼ੋਕ ਮਤਾ ਪੇਸ਼ ਕੀਤਾ ਗਿਆ। ਕਾਨਫ਼ਰੰਸ ਦੀ ਇੰਤਜ਼ਾਮੀਆਂ ਕਮੇਟੀ ਦੇ ਕਨਵੀਨਰ ਡਾ: ਅਸੀਸ ਮਿੱਤਲ ਨੇ ਡੈਲੀਗੇਟਾਂ ਦੇ ਅੱਗੇ ਮਤਿਆਂ ਦਾ ਖਰੜਾ ਰਖਿਆ। ਇਨ੍ਹਾਂ ਮਤਿਆਂ ਵਿਚ ਲੋਕਾਂ ਨੂੰ ਦੇਸ਼ ਭਰ ਵਿਚ ਚਲ ਰਹੇ ਸੰਘਰਸ਼ ਨੂੰ ਤੇਜ਼ ਕਰਨ ਅਤੇ ਹੋਰ ਅੱਗੇ ਵਧਾਉਣ ਤੇ ਫੈਲਾਉਣ ਦੀ ਅਪੀਲ ਕੀਤੀ ਤਾਂ ਜੋ ਮੋਦੀ ਸਰਕਾਰ ਨੂੰ 3 ਖੇਤੀ ਵਿਰੋਧੀ ਕਾਨੂੰਨ ਰੱਦ ਕਰਨ ਅਤੇ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦੇਣ ਲਈ ਮਜਬੂਰ ਕੀਤਾ ਜਾ ਸਕੇ।
ਅੱਜ ਦੇ ਸੰਮੇਲਨ ਦੇ 3 ਸੈਸ਼ਨ ਸਨ : ਪਹਿਲਾ ਸਿੱਧੇ ਤੌਰ ’ਤੇ ਤਿੰਨ ਕਾਲੇ ਕਾਨੂੰਨਾਂ ਨਾਲ ਸਬੰਧਤ ਸੀ, ਦੂਜਾ ਉਦਯੋਗਿਕ ਕਾਮਿਆਂ ਨੂੰ ਸਮਰਪਤ ਅਤੇ ਤੀਜਾ ਖੇਤ ਮਜ਼ਦੂਰਾਂ, ਪੇਂਡੂ ਗ਼ਰੀਬਾਂ ਅਤੇ ਆਦਿਵਾਸੀਆਂ ਦੇ ਮੁੱਦਿਆਂ ਨਾਲ ਸਬੰਧਤ ਸੀ।
ਕੇਂਦਰ ਸਰਕਾਰ ਵਲੋਂ ਵਧਾਏ ਗੰਨੇ ਦੇ ਮੁੱਲ ’ਤੇ ਐਸਕੇਐਮ ਨੇ ਕਿਹਾ ਹੈ ਕਿ, ਇਹ ਵਾਧਾ ਸਪੱਸ਼ਟ ਤੌਰ ’ਤੇ ਦੇਸ਼ ਦੇ ਗੰਨਾ ਉਤਪਾਦਕ ਕਿਸਾਨਾਂ ਦਾ ਅਪਮਾਨ ਹੈ। ਇਕ ਪਾਸੇ, ਸੀਏਸੀਪੀ ਅਤੇ ਕੇਂਦਰ ਸਰਕਾਰ ਸਲਾਹ ਦਿੰਦੇ ਹਨ ਕਿ ਭਾਰਤ ਦੇ ਸਾਰੇ ਸੂਬਿਆਂ ਵਿਚ ਗੰਨੇ ਦੀ ਐਸਏਪੀ (ਸਟੇਟ ਐਡਵਾਈਜ਼ਡ ਕੀਮਤ) ਨੂੰ ਵੱਖੋ ਵੱਖ ਤਰੀਕੇ ਨਾਲ ਨਹੀਂ ਵਧਾਇਆ ਜਾਣਾ ਚਾਹੀਦਾ ਪਰ ਦੂਜੇ ਪਾਸੇ, ਮੋਦੀ ਸਰਕਾਰ ਵਲੋਂ ਐਫ਼ਆਰਪੀ ਨੂੰ ਸਹੀ ਢੰਗ ਨਾਲ ਤੈਅ ਨਹੀਂ ਕੀਤਾ ਗਿਆ ਹੈ। ਪੰਜਾਬ ਦੇ ਕਿਸਾਨਾਂ ਨੇ ਇਤਿਹਾਸਕ ਸੰਘਰਸ਼ ਤੋਂ ਬਾਅਦ ਗੰਨੇ ਲਈ 50 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਪ੍ਰਾਪਤ ਕੀਤਾ ਹੈ।
ਅੰਦੋਲਨਕਾਰੀ ਕਿਸਾਨ ਸਾਰੇ ਖੇਤੀ ਉਤਪਾਦਾਂ ਲਈ ਸੀ 2+50% ਦੇ ਫ਼ਾਰਮੂਲੇ ਮੁਤਾਬਕ ਕਾਨੂੰਨੀ ਤੌਰ ’ਤੇ ਪ੍ਰਵਾਨ ਕੀਮਤ ਦੀ ਮੰਗ ਕਰ ਰਹੇ ਹਨ। ਇਹ ਮੌਜੂਦਾ ਕਿਸਾਨ ਅੰਦੋਲਨ ਦੀਆਂ ਮੁੱਖ ਮੰਗਾਂ ’ਚੋਂ ਇਕ ਮੰਗ ਹੈ। ਸੰਯੁਕਤ ਕਿਸਾਨ ਮੋਰਚੇ ਵਲੋਂ ਤਿਆਰ ਕੀਤੀ ‘ਮਿਸ਼ਨ ਯੂਪੀ ਯੋਜਨਾ’ ਜਲਦੀ ਹੀ ਭਾਜਪਾ ਸਰਕਾਰ ਦੇ ਸਾਰੇ ਯਤਨਾਂ ਨੂੰ ਨਕਾਰਾ ਕਰ ਦੇਵੇਗੀ।
Ldh_Parmod_26_1 & 1 1: Photos