
ਤਾਮਿਲਨਾਡੂ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਿਆ ਫ਼ਿਲਹਾਲ ਪੰਜਾਬ ਦਾ ਵੀ ਕਾਰਜਭਾਰ
ਚੰਡੀਗੜ੍ਹ, 27 ਅਗੱਸਤ (ਨਰਿੰਦਰ ਸਿੰਘ ਝਾਮਪੁਰ) : ਤਾਮਿਲਨਾਡੂ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਪੰਜਾਬ ਦੇ ਰਾਜਪਾਲ ਦਾ ਕਾਰਜਭਾਰ ਵੀ ਦਿਤਾ ਗਿਆ ਹੈ |
ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ ਰਾਜਪਾਲ ਦੇ ਨਾਲ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਕਾਰਜਭਾਰ ਵੀ ਦਿਤਾ ਗਿਆ ਹੈ | ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ 'ਚ ਪੰਜਾਬ ਦੇ ਮੌਜੂਦਾ ਰਾਜਪਾਲ ਵੀ.ਪੀ. ਸਿੰਘ ਬਦਨੌਰ ਦਾ ਕਾਰਜਕਾਲ ਖ਼ਤਮ ਹੋਣ ਤੋਂ ਕੁੱਝ ਦਿਨ ਪਹਿਲਾਂ ਇਹ ਚਰਚਾ ਸ਼ੁਰੂ ਹੋ ਗਈ ਸੀ ਕਿ ਭਾਜਪਾ ਆਗੂਆਂ ਦੇ ਦਬਾਅ ਹੇਠ ਪੰਜਾਬ ਦੇ ਬਣਨ ਵਾਲੇ ਨਵੇਂ ਰਾਜਪਾਲ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਕੰਮ ਨਹੀਂ ਦਿਤਾ ਜਾਵੇਗਾ ਤੇ ਇਸ ਦੀ ਵੱਖਰੀ ਨਿਯੁਕਤੀ ਹੋਵੇਗੀ | ਭਾਵੇਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਬਾਰੇ ਸਥਿਤੀ ਸਾਫ਼ ਕਰ ਦਿਤੀ ਸੀ ਪਰ ਅੱਜ ਰਾਸ਼ਟਰਪਤੀ ਵਲੋਂ ਪੰਜਾਬ ਦੇ ਨਵੇਂ ਰਾਜਪਾਲ ਵਜੋਂ ਤਾਮਿਲਨਾਡੂ ਦੇ ਰਾਜਪਾਲ ਨੂੰ ਨਿਯੁਕਤ ਕਰਨ ਸਬੰਧੀ ਜਾਰੀ ਹੁਕਮਾਂ ਬਾਅਦ ਪ੍ਰਸ਼ਾਸਕ ਬਾਰੇ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੋ ਗਈ ਹੈ ਕਿ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਅਹੁਦਾ ਪੰਜਾਬ ਕੋਲ ਹੀ ਰਹੇਗਾ | ਪੰਜਾਬ ਦੇ ਮੌਜੂਦਾ ਰਾਜਪਾਲ ਬਦਨੌਰ 22 ਅਗੱਸਤ ਨੂੰ ਅਪਣੇ ਕਾਰਜਕਾਲ ਦਾ ਪੰਜ ਸਾਲ ਦਾ ਸਮਾਂ ਪੂਰਾ ਕਰ ਚੁੱਕੇ ਸਨ ਪਰ ਨਵੇਂ ਰਾਜਪਾਲ ਦੀ ਨਿਯੁਕਤੀ ਨਾ ਹੋਣ ਕਾਰਨ ਉਹ ਹਾਲੇ ਇਸ ਅਹੁਦੇ 'ਤੇ ਕੰਮ ਕਰ ਰਹੇ ਸਨ | ਤਾਮਿਲਨਾਡੂ ਦੇ ਰਾਜਪਾਲ ਨੂੰ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਕੰਮਕਾਰ ਸਥਾਈ ਰਾਜਪਾਲ ਦੀ ਨਿਯੁਕਤੀ ਤਕ ਵੇਖਣ ਲਈ ਕਿਹਾ ਗਿਆ ਹੈ |