
ਨਵਜੋਤ ਸਿੱਧੂ ਨੇ ਕੀਤੇ ਦੋ ਹੋਰ ਟਵੀਟ, ਕਿਹਾ
‘ਘਰੇਲੂ ਖਪਤਕਾਰਾਂ ਨੂੰ 3 ਰੁਪਏ ਤੇ ਉਦਯੋਗਾਂ ਨੂੰ 5 ਰੁਪਏ ਯੂਨਿਟ ਬਿਜਲੀ ਦੇ ਵਾਅਦੇ ਪੂਰੇ ਹੋਣ’
ਚੰਡੀਗੜ੍ਹ, 26 ਅਗੱਸਤ (ਗੁਰਉਪਦੇਸ਼ ਭੁੱਲਰ): ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਫਿਰ ਦੋ ਟਵੀਟ ਕੀਤੇ ਹਨ। ਇਕ ਟਵੀਟ ਰਾਹੀਂ ਉਨ੍ਹਾਂ ਕਿਹਾ ਕਿ ਘਰੇਲੂ ਖਪਤਕਾਰਾਂ ਨੂੰ 3 ਰੁਪਏ ਪ੍ਰਤੀ ਯੂਨਿਟ ਅਤੇ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਸਾਡਾ ਵਾਅਦਾ ਹੈ, ਜੋ ਪੂਰਾ ਕੀਤਾ ਜਾਵੇ।
ਉਨ੍ਹਾਂ ਐਸ.ਸੀ., ਬੀ.ਸੀ. ਤੇ ਬੀ.ਪੀ.ਐਲ ਸ਼੍ਰੇਣੀਆਂ ਨੂੰ ਬਿਜਲੀ ਸਬਸਿਡੀ ਦੇਣ ਦੀ ਮੰਗ ਵੀ ਸਰਕਾਰ ਤੋਂ ਕੀਤੀ ਹੈ। ਇਕ ਹੋਰ ਵਖਰੇ ਟਵੀਟ ਰਾਹੀਂ ਉਨ੍ਹਾਂ 27 ਅਗੱਸਤ ਨੂੰ ਹਾਈ ਕੋਰਟ ਵਿਚ ਹੋ ਰਹੀ ਸੁਣਵਾਈ ਦੀ ਗੱਲ ਕਰਦਿਆਂ ਕਿਹਾ ਕਿ ਨਸ਼ਾ ਕਾਰੋਬਾਰ ਨੂੰ ਲੈ ਕੇ ਢਾਈ ਸਾਲ ਬਾਅਦ ਐਸ.ਟੀ.ਐਫ਼ ਤੇ ਸਰਕਾਰ ਦੀਆਂ ਹੋਰ ਜਾਂਚ ਰੀਪੋਰਟਾਂ ਖੁਲ੍ਹਣ ਨਾਲ ਨਸ਼ੇ ਦੇ ਪੀੜਤ ਪ੍ਰਵਾਰਾਂ ਨੂੰ ਨਿਆਂ ਮਿਲੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਰੀਪੋਰਟਾਂ ਦੀ ਜਾਂਚ ਨਾਲ ਮਜੀਠੀਆ ਵਰਗਿਆਂ ਦੇ ਨਸ਼ੇ ਬਾਰੇ ਭੇਦ ਖੁਲ੍ਹਣਗੇ ਅਤੇ ਮੁੱਖ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲ ਸਕੇਗੀ।