ਲੜਕੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਵਿਅਕਤੀ ਪਹਿਲਾਂ ਵੀ ਅਜਿਹਾ ਕਰ ਚੁੱਕਾ ਹੈ
ਲਹਿਰਾਗਾਗਾ - ਆਏ ਦਿਨ ਕਿਸੇ ਨਾ ਕਿਸੇ ਬੱਚੀ ਦਾ ਬਲਾਤਕਾਰ ਹੋਣ ਦੀ ਖ਼ਬਰ ਸਾਹਮਣੇ ਆਈ ਰਹਿੰਦੀ ਹੈ ਤੇ ਅੱਜ ਲਹਿਰਾਗਾਗਾ ਤੋਂ ਇਕ 10 ਸਾਲ ਦੀ ਬੱਚੀ ਨਾਲ ਬਲਾਤਕਾਰ ਹੋਣ ਦੀ ਖ਼ਬਰ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ 23 ਅਗਸਤ ਦੀ ਦੁਪਹਿਰ ਨੂੰ ਇਕ 55 ਸਾਲ ਦੇ ਵਿਅਕਤੀ ਨੇ ਇਕ ਪਰਵਾਸੀ ਪਰਿਵਾਰ ਦੀ 10 ਸਾਲ ਦੀ ਨਾਬਾਲਗ ਲੜਕੀ ਨਾਲ ਦੁਸ਼ਕਰਮ ਕੀਤਾ। ਲੜਕੀ ਅਪਣੇ ਘਰ ਦੇ ਕੋਲ ਇਕ ਤਲਾਬ ਵਿਚ ਬੱਤਖ ਦੇਖਣ ਗਈ ਸੀ ਤੇ ਵਿਅਕਤੀ ਉਸ ਨੂੰ ਜ਼ਬਰਦਸਤੀ ਉਠਾ ਕੇ ਝਾੜੀਆਂ ਵਿਚ ਲੈ ਗਿਆ ਤੇ ਉਸ ਦੇ ਹੱਥ-ਪੈਰ ਬੰਨ੍ਹ ਕੇ ਉਸ ਨਾਲ ਬਲਾਤਕਾਰ ਕੀਤਾ।
ਬੱਚੀ ਦੇ ਭਰਾ ਅਤੇ ਗੁਆਂਢੀਆਂ ਨੇ ਕਿਹਾ ਕਿ ਉਹ ਵਿਅਕਤੀ ਪਹਿਲਾਂ ਵੀ ਅਜਿਹਾ ਕਰ ਚੁੱਕਾ ਹੈ ਤੇ ਉਹਨਾਂ ਨੇ ਵੀ ਉਸ ਖਿਲਾਫ਼ ਪੁਲਿਸ ਕੋਲ ਮਾਮਲਾ ਦਰਜ ਕਰਵਾ ਦਿੱਤਾ ਹੈ। ਉਹਨਾਂ ਕਿਹਾ ਕਿ ਬੱਚੀ ਦੀ ਹਾਲਤ ਹੁਣ ਠੀਕ ਹੈ ਪਰ ਜੇ ਕੋਈ ਸਮੇਂ ਸਿਰ ਨਾ ਪਹੁੰਚਦਾ ਤਾਂ ਵਿਅਕਤੀ ਬੱਚੀ ਨੂੰ ਮਾਰ ਵੀ ਸਕਦਾ ਸੀ। ਇਸ ਮਾਮਲੇ 'ਚ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਐੱਸ.ਐੱਚ.ਓ ਸੌਰਭ ਸੱਭਰਵਾਲ ਨੇ ਦੱਸਿਆ ਕਿ 23 ਅਗਸਤ ਨੂੰ ਲੜਕੀ ਦੇ ਪਿਤਾ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਦੀ ਬੱਚੀ ਨਾਲ ਜਬਰ-ਜ਼ਨਾਹ ਕੀਤਾ ਗਿਆ ਹੈ ਅਤੇ ਉਸ ਤੋਂ ਬਾਅਦ ਸ਼ਹਿਰ 'ਚ ਟੀਮਾਂ ਬਣਾ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਸੀ ਤੇ 25 ਤਰੀਕ ਦੀ ਸ਼ਾਮ ਨੂੰ ਉਕਤ ਵਿਅਕਤੀ ਨੂੰ ਖਨੌਰੀ ਤੋਂ ਹੀ ਕਾਬੂ ਕਰ ਲਿਆ ਸੀ ਤੇ ਪੁਲਿਸ ਨੇ ਉਸ ਦਾ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।