
ਪੰਜਾਬ ਭਰ ਦੇ ਕੁੱਲ 138 ਪ੍ਰਿੰਸੀਪਲ ਸਿੰਗਾਪੁਰ ਤੋਂ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ
ਚੰਡੀਗੜ੍ਹ - ਪੰਜਾਬ ਦੀ ਸਿੱਖਿਆ ਪ੍ਰਣਾਲੀ ਦਾ ਪੱਧਰ ਉੱਚਾ ਚੁੱਕਣ ਲਈ ਸੂਬਾ ਸਰਕਾਰ ਵੱਲੋਂ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਹੋਰ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਦਿਸ਼ਾ ਵਿਚ ਐਤਵਾਰ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਅਧਿਆਪਕਾਂ ਦਾ ਦੂਜਾ ਬੈਚ ਚੰਡੀਗੜ੍ਹ ਤੋਂ ਆਈਆਈਐਮ ਅਹਿਮਦਾਬਾਦ ਲਈ ਰਵਾਨਾ ਕੀਤਾ ਗਿਆ।
CM ਭਗਵੰਤ ਮਾਨ ਸ਼ਹੀਦਾਂ ਦੇ ਘਰ ਜਾਣ ਕਾਰਨ ਅਧਿਆਪਕਾਂ ਦੀ ਬੱਸ ਨੂੰ ਹਰੀ ਝੰਡੀ ਨਹੀਂ ਦਿਖਾ ਸਕੇ। ਉਨ੍ਹਾਂ ਦੀ ਥਾਂ ’ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਗਸੀਪਾ ਸੰਸਥਾ ਸੈਕਟਰ-26 ਚੰਡੀਗੜ੍ਹ ਤੋਂ ਅਧਿਆਪਕਾਂ ਦੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸਿੱਖਿਆ ਮੰਤਰੀ ਬੈਂਸ ਨੇ ਸਾਰੇ ਅਧਿਆਪਕਾਂ ਨੂੰ ਸਿਖਲਾਈ ਲਈ ਵਧਾਈ ਵੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ। ਵੱਖ-ਵੱਖ ਸਕੂਲਾਂ ਵਿਚ ਬੁਨਿਆਦੀ ਢਾਂਚਾ ਵਿਕਾਸ, ਅਧਿਆਪਕਾਂ ਦੀ ਰੈਗੂਲਰਾਈਜ਼ੇਸ਼ਨ, ਭਰਤੀ ਅਤੇ ਹੋਰ ਕੰਮ ਕੀਤੇ ਜਾ ਰਹੇ ਹਨ।
ਅਧਿਆਪਕਾਂ ਦੀ ਸਿਖਲਾਈ ਇਸ ਦਿਸ਼ਾ ਵਿਚ ਇੱਕ ਮਹੱਤਵਪੂਰਨ ਕਦਮ ਹੈ। ਪਿਛਲੇ ਸਾਲ ਸਿਖਲਾਈ ਸੈੱਲ ਦੇ ਗਠਨ ਤੋਂ ਬਾਅਦ ਅਧਿਆਪਕ ਦੇਸ਼-ਵਿਦੇਸ਼ ਦੀਆਂ ਸੰਸਥਾਵਾਂ ਤੋਂ ਸਿਖਲਾਈ ਪ੍ਰਾਪਤ ਕਰ ਰਹੇ ਹਨ। ਪੰਜਾਬ ਭਰ ਦੇ ਕੁੱਲ 138 ਪ੍ਰਿੰਸੀਪਲ ਸਿੰਗਾਪੁਰ ਤੋਂ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ। ਨਾਲ ਹੀ, ਅੱਜ 50 ਹੈੱਡਮਾਸਟਰਾਂ ਦੇ ਦੂਜੇ ਬੈਚ ਨੂੰ ਆਈਆਈਐਮ ਅਹਿਮਦਾਬਾਦ ਵਿਚ ਸਿਖਲਾਈ ਲਈ ਭੇਜਿਆ ਗਿਆ ਹੈ।
ਇਸ ਦੌਰਾਨ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਦਾਖਲਿਆਂ ਵਿਚ 17 ਫ਼ੀਸਦੀ ਤੋਂ ਵੱਧ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਦੇ ਵੀ ਅਜਿਹਾ ਨਹੀਂ ਹੋਇਆ ਹੋਵੇਗਾ ਕਿਉਂਕਿ ਨਰਸਰੀ, ਪ੍ਰੀ-ਪ੍ਰਾਇਮਰੀ-1 ਵਿਚ ਦਾਖਲਿਆਂ ਵਿਚ 17 ਫ਼ੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ। ਤਰਨਤਾਰਨ, ਜਿਸ ਨੂੰ ਪੰਜਾਬ ਦਾ ਸਭ ਤੋਂ ਪਛੜਿਆ ਇਲਾਕਾ ਕਿਹਾ ਜਾਂਦਾ ਹੈ, ਵਿਚ ਪਿਛਲੇ ਸਾਲ ਨਾਲੋਂ ਦਾਖਲਿਆਂ ਵਿਚ 25 ਫ਼ੀਸਦੀ ਵਾਧਾ ਹੋਇਆ ਹੈ।
ਸਿੱਖਿਆ ਕ੍ਰਾਂਤੀ ਕਾਰਨ ਆਉਣ ਵਾਲੇ ਸਾਲਾਂ ਵਿਚ ਵੱਡੀਆਂ ਤਬਦੀਲੀਆਂ ਦੇਖਣ ਨੂੰ ਮਿਲਣਗੀਆਂ। ਭਵਿੱਖ ਵਿਚ ਸਮੂਹ ਅਧਿਆਪਕਾਂ ਨਾਲ ਸਾਂਝਾ ਇਜਲਾਸ ਬੁਲਾਇਆ ਜਾਵੇਗਾ। ਇਸ ਤੋਂ ਪਤਾ ਚੱਲ ਸਕੇਗਾ ਕਿ ਕਿਹੜੇ-ਕਿਹੜੇ ਸਕੂਲਾਂ ਵਿਚ ਨਤੀਜਿਆਂ ਅਤੇ ਹੋਰ ਪ੍ਰਕਿਰਿਆਵਾਂ ਵਿਚ ਕੀ ਬਦਲਾਅ ਕੀਤੇ ਗਏ ਹਨ।
ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਵਿਚ ਜਲਦੀ ਹੀ ਪੀਟੀਆਈ, ਡੀਪੀਆਈ ਅਤੇ ਯੋਗਾ ਅਧਿਆਪਕ ਦੀ ਭਰਤੀ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਸਬੰਧੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰ ਖੇਤਰ ਲਈ ਕੰਮ ਕੀਤਾ ਜਾ ਰਿਹਾ ਹੈ।
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਦੀ ਪ੍ਰਸਿੱਧ ਪ੍ਰਿੰਸੀਪਲ ਅਕੈਡਮੀ ਤੋਂ ਉਨ੍ਹਾਂ ਨੂੰ ਪੜ੍ਹਾਉਣ ਦੇ ਤਰੀਕੇ ਅਤੇ ਪ੍ਰਬੰਧ ਸਿਖਾਉਣ ਦੀ ਸਿਖਲਾਈ ਦਿੱਤੀ ਗਈ ਹੈ। ਇਸ ਕੜੀ ਵਿੱਚ ਕੁੱਲ 72 ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿਖਲਾਈ ਲਈ 36-36 ਪ੍ਰਿੰਸੀਪਲਾਂ ਦੇ ਦੋ ਬੈਚ ਭੇਜੇ ਗਏ ਸਨ, ਜੋ ਕਿ 24 ਜੁਲਾਈ ਤੋਂ 28 ਜੁਲਾਈ ਤੱਕ ਸਿਖਲਾਈ ਪ੍ਰਾਪਤ ਕਰਕੇ ਵਾਪਸ ਪਰਤ ਆਏ ਹਨ।