
55 ਲੱਖ ਰਾਸ਼ਨ ਕਾਰਡ ਕੱਟਣ ਦੀ ਗੱਲ ਪੂਰੀ ਤਰ੍ਹਾਂ ਝੂਠ – ਅਨਿਲ ਸਰੀਨ
ਚੰਡੀਗੜ੍ਹ: ਰਾਸ਼ਨ ਕਾਰਡ ਮੁੱਦੇ ਤੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ | 55 ਲੱਖ ਰਾਸ਼ਨ ਕਾਰਡ ਕੱਟੇ ਜਾਣ ਨੂੰ ਲੈ ਕੇ ਮੁੱਖ ਮੰਤਰੀ ਵੱਲੋਂ ਦਿੱਤਾ ਗਿਆ ਬਿਆਨ ਬਿਲਕੁੱਲ ਝੂਠਾ ਹੈ | ਇਹ ਦੋਸ਼ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਵਲੋਂ ਅੱਜ ਚੰਡੀਗੜ੍ਹ ਵਿਖੇ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਸੁਬਾ ਖਜਾਨਚੀ ਸੁਖਵਿੰਦਰ ਸਿੰਘ ਗੋਲਡੀ, ਸੁਬਾ ਬੁਲਾਰਾ ਐਸ ਐਸ ਚੰਨੀ ਅਤੇ ਸੁਬਾ ਮੀਡਿਆ ਮੁੱਖੀ ਵਿਨੀਤ ਜੋਸ਼ੀ ਸਣ।
ਅਨਿਲ ਸਰੀਨ ਨੇ ਕਿਹਾ ਕਿ ਆਪ ਸਰਕਾਰ ਵਲੋਂ 55 ਲੱਖ ਰਾਸ਼ਨ ਕਾਰਡ ਕੱਟੇ ਜਾਣ ਦੀ ਗੱਲ ਕੀਤੀ ਗਈ ਸੀ, ਜੋ 100 ਫ਼ੀਸਦੀ ਝੂਠ ਹੈ | ਉਨ੍ਹਾਂ ਖੁਲਾਸਾ ਕੀਤਾ ਕਿ ਨੈਸ਼ਨਲ ਫ਼ੂਡ ਸੇਫ਼ਟੀ ਐਕਟ (ਐਨਐਫ਼ਐਸਏ) ਤਹਿਤ ਸੁਪਰੀਮ ਕੋਰਟ ਨੇ ਈ-ਕੇਵਾਈਸੀ ਜਰੂਰੀ ਕੀਤੀ ਹੈ ਅਤੇ ਇਸ ਸੰਬੰਧੀ ਕੇਂਦਰ ਸਰਕਾਰ ਵਲੋਂ 17 ਮਾਰਚ 2023 ਤੋਂ ਬਾਅਦ 21 ਚਿੱਠੀਆਂ ਸੂਬਾ ਸਰਕਾਰ ਨੂੰ ਲਿਖੀਆਂ ਗਈਆਂ | 30 ਮਈ 2025 ਦੇ ਕੇਂਦਰੀ ਮੰਤਰੀ ਦੇ ਪੱਤਰ ਵਿਚ ਵੀ ਸਪੱਸ਼ਟ ਕੀਤਾ ਗਿਆ ਕਿ ਹੁਣ ਤੱਕ 31 ਵਾਰ ਐਕਸਟੈਂਸ਼ਨਾਂ ਦਿੱਤੀਆਂ ਜਾ ਚੁੱਕੀਆਂ ਹਨ | ਫ਼ਿਰ ਵੀ ਪੰਜਾਬ ਦੇ ਮੁੱਖ ਮੰਤਰੀ ਦਾ ਇਹ ਕਹਿਣਾ ਕਿ ਕੇਂਦਰ ਧੱਕਾ ਕਰ ਰਹੀ ਹੈ, ਸਰਾਸਰ ਬੇਬੁਨਿਆਦ ਹੈ |
ਅਸਲ ਵਿਚ ਐਨਐਫ਼ਐਸਏ ਐਕਟ ਤਹਿਤ ਕੇਂਦਰ ਕੋਲ ਕਿਸੇ ਵੀ ਰਾਸ਼ਨ ਕਾਰਡ ਧਾਰਕ ਦਾ ਨਾਮ ਕੱਟੇ ਜਾਣ ਦਾ ਕੋਈ ਅਧਿਕਾਰ ਨਹੀਂ ਹੈ | ਇਹ ਅਧਿਕਾਰ ਸੂਬਾ ਸਰਕਾਰਾਂ ਕੋਲ ਹੈ | ਉਹ ਹੀ ਰਾਸ਼ਨ ਕਾਰਡ ਧਾਰਕ ਦਾ ਨਾਮ ਕੱਟ ਜਾਂ ਜੋੜ ਸਕਦੇ ਹਨ |
ਭਾਜਪਾ ਆਗੂ ਨੇ ਰਾਸ਼ਨ ਵੰਡ 'ਚ ਹੋ ਰਹੀ ਗੜਬੜ ਦੇ ਅੰਕੜੇ ਵੀ ਕੀਤੇ ਜਾਰੀ
ਭਾਜਪਾ ਆਗੂ ਅਨਿਲ ਸਰੀਨ ਵਲੋਂ ਹਾਸਲ ਕੀਤੇ ਅੰਕੜੇ ਵੀ ਜਾਰੀ ਕੀਤੇ ਗਏ | ਜਿਸ ਤਹਿਤ ਡੁਪਲੀਕੇਟ ਬੈਨਿਫਿਸ਼ਰੀ 10,147, ਸਾਈਲੈਂਟ ਰਾਸ਼ਨ ਕਾਰਡ (12 ਮਹੀਨਿਆਂ ਤੋਂ ਰਾਸ਼ਨ ਨਾ ਲੈਣ ਵਾਲੇ) : 21,317, ਮਿ੍ਤਕ ਬੈਨਿਫਿਸ਼ਰੀ : 7,511; 18 ਸਾਲ ਤੋਂ ਘੱਟ ਉਮਰ ਵਾਲੇ ਸਿੰਗਲ ਪਰਸਨ ਰਾਸ਼ਨ ਕਾਰਡ : 1,570;
6 ਲੱਖ ਤੋਂ ਵੱਧ ਆਮਦਨ ਵਾਲੇ ਲਾਭਪਾਤਰੀ : 94,471;
20 ਲੱਖ ਤੋਂ ਵੱਧ ਗ੍ਰਾਸ ਇਨਕਮ ਵਾਲੇ ਲਾਭਪਾਤਰੀ 896; ਚਾਰ ਪਹੀਆ ਵਾਹਨ ਵਾਲੇ ਲਾਭਪਾਤਰੀ 13,997; ਪ੍ਰਾਈਵੇਟ ਲਿਮਿਟਡ ਕੰਪਨੀਆਂ ਦੇ ਡਾਇਰੈਕਟਰ 5,399 ਸ਼ਾਮਿਲ ਹਨ |
ਅਨਿਲ ਸਰੀਨ ਨੇ ਸਵਾਲ ਕੀਤਾ ਕਿ ਇਨ੍ਹਾਂ ਵਿਚੋਂ 7,511 ਮਿ੍ਤਕ ਲੋਕਾਂ ਦੇ ਕਾਰਡਾਂ 'ਤੇ ਰਾਸ਼ਨ ਕੌਣ ਲੈ ਗਿਆ? ਇਹ ਸਾਫ਼ ਕਰਦਾ ਹੈ ਕਿ ਹੇਰਾਫੇਰੀ ਆਪ ਸਰਕਾਰ ਵਲੋਂ ਹੀ ਕੀਤੀ ਜਾ ਰਹੀ ਹੈ | ਆਪ ਸਰਕਾਰ ਰਾਸ਼ਨ ਕਾਰਡ ਦੇ ਮੁੱਦੇ 'ਤੇ ਸੂਬੇ ਦੇ ਲੋਕਾਂ ਨੂੰ ਸਿਰਫ਼ ਗੁੰਮਰਾਹ ਕਰ ਰਹੀ ਹੈ |
ਅਨਿਲ ਸਰੀਨ ਨੇ ਦੋਸ਼ ਲਗਾਇਆ ਕਿ ਜਿਵੇਂ ਲੋਕਾਂ ਨੇ ਲੈਂਡ ਪੁਲਿੰਗ ਨੀਤੀ ਦਾ ਵਿਰੋਧ ਕੀਤਾ, ਉਸ ਦੀ ਬੌਖਲਾਹਟ ਵਿਚ ਆਪ ਸਰਕਾਰ ਹੁਣ ਰਾਸ਼ਨ ਕਾਰਡਾਂ ਦਾ ਮੁੱਦਾ ਬਣਾਕੇ ਲੋਕਾਂ ਦੇ ਹੱਕਾਂ ਨਾਲ ਖੇਡ ਰਹੀ ਹੈ |