
ਜਲੰਧਰ ਜ਼ਿਲ੍ਹੇ ਦੇ ਪਿੰਡ ਨੂਰਪੁਰ ਦਾ ਰਹਿਣ ਵਾਲਾ ਹੈ ਅਮਰਦੀਪ
ਜਲੰਧਰ : ਮਹਾਨਗਰ ਦੇ ਐਨ ਨਾਲ ਲੱਗਦੇ ਪਿੰਡ ਨੂਰਪੁਰ ਵਾਸੀ ਸਾਬਕਾ ਬੀਐੱਸਐੱਫ ਅਧਿਕਾਰੀ ਅਮਰਦੀਪ ਸਿੰਘ ਨੇ 14 ਤੇ 16 ਅਗਸਤ ਨੂੰ ਲਗਾਤਾਰ ਦੋ ਵਾਰ ਰੂਸ ਦੀ ਸਭ ਤੋਂ ਉੱਚੀ 5642 ਮੀਟਰ ਦੀ ਚੋਟੀ ’ਤੇ ਚੜ੍ਹਾਈ ਚੜ੍ਹ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਨੇ ਦੋ ਵਾਰ ਦੀ ਇਹ ਚੜ੍ਹਾਈ ਇਕ ਦਿਨ ਦੇ ਵਕਫੇ ਪਿੱਛੋਂ ਚੜ੍ਹੀ ਤੇ ਨਵੀਂ ਉਪਲੱਬਧੀ ਹਾਸਲ ਕੀਤੀ ਹੈ।
ਗੱਲਬਾਤ ਕਰਦਿਆਂ ਪਰਬਤਾਰੋਹੀ 44 ਸਾਲਾ ਅਮਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ 1980 ’ਚ ਨੂਰਪੁਰ ਪਿੰਡ ’ਚ ਹੋਇਆ ਸੀ। ਉਨ੍ਹਾਂ ਨੇ ਗ੍ਰੈਜੂਏਸ਼ਨ ਡੀਏਵੀ ਕਾਲਜ ਜਲੰਧਰ ਤੋਂ ਕੀਤੀ ਅਤੇ ਐਂਨਸੀਸੀ ਕੈਡੇਟ ਰਹੇ, ਜਿਨ੍ਹਾਂ ਕੋਲ ਐਨਸੀਸੀ ਦਾ ਸਰਟੀਫਿਕੇਟ ਵੀ ਹੈ। 2004 ’ਚ ਉਹ ਬੀਐੱਸਐੱਫ ’ਚ ਬਤੌਰ ਸਬ-ਇੰਸਪੈਕਟਰ ਭਰਤੀ ਹੋ ਗਏ ਅਤੇ 10 ਸਾਲ ਸੇਵਾਵਾਂ ਦੇਣ ਉਪਰੰਤ 2014 ’ਚ ਉਨ੍ਹਾਂ ਨੇ ਯੂਨੀਅਨ ਬੈਂਕ ਆਫ ਇੰਡੀਆ ’ਚ ਬਤੌਰ ਸਕਿਉਰਿਟੀ ਇੰਚਾਰਜ ਦੀ ਪ੍ਰੀਖਿਆ ਪਾਸ ਕਰ ਲਈ।
ਬੀਐੱਸਐੱਫ ਦੀ ਨੌਕਰੀ ਛੱਡ ਕੇ ਬੈਂਕ ਦੀ ਨੌਕਰੀ ਸ਼ੁਰੂ ਕਰ ਲਈ। ਮੌਜੂਦਾ ਸਮੇਂ ਉਹ ਗੁਜਰਾਤ ਵਿਖੇ ਖੇਤਰੀ ਸਕਿਉਰਿਟੀ ਇੰਚਾਰਜ ਵਜੋਂ ਸੇਵਾਵਾਂ ਦੇ ਰਹੇ ਹਨ। ਆਪਣੇ ਪਰਬਤਾਰੋਹਣ ਦੇ ਸਫ਼ਰ ਬਾਰੇ ਗੱਲ ਕਰਦਿਆਂ ਅਮਰਦੀਪ ਸਿੰਘ ਨੇ ਦੱਸਿਆ ਕਿ ਪਰਬਤਾਰੋਹੀ ਵਜੋਂ ਉਨ੍ਹਾਂ ਦਾ ਸਫਰ 2000 ਵਿਚ ਨਹਿਰੂ ਇੰਸਟੀਚਿਊਟ ਆਫ ਮਾਊਂਟੇਨੀਅਰਿੰਗ ਉੱਤਰਕਾਸ਼ੀ ਤੋਂ ਬੇਸਿਕ ਮਾਊਂਟੇਨੀਅਰਿੰਗ ਕੋਰਸ ਨਾਲ ਸ਼ੁਰੂ ਹੋਇਆ।