
2019-20 ਤੋਂ 2023-24 ਦਰਮਿਆਨ 4,300 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ।
ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁਧਵਾਰ ਨੂੰ ਇਕ ਮੀਡੀਆ ਰੀਪੋਰਟ ਦਾ ਹਵਾਲਾ ਦਿਤਾ, ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਗੁਜਰਾਤ ’ਚ ਕੁੱਝ ‘ਗੁੰਮਨਾਮ ਪਾਰਟੀਆਂ’ ਨੂੰ 2019-20 ਤੋਂ 2023-24 ਦਰਮਿਆਨ 4,300 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ। ਚੋਣ ਕਮਿਸ਼ਨ ਵਲੋਂ ਤੁਰਤ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੀਡੀਆ ਰੀਪੋਰਟ ਸਾਂਝੀ ਕੀਤੀ, ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਗੁਜਰਾਤ ’ਚ 10 ਗੁੰਮਨਾਮ ਰਜਿਸਟਰਡ ਸਿਆਸੀ ਪਾਰਟੀਆਂ ਨੂੰ 2019-20 ਤੋਂ 2023-24 ਤਕ 4,300 ਕਰੋੜ ਰੁਪਏ ਦਾ ਚੰਦਾ ਮਿਲਿਆ। ਰੀਪੋਰਟ ਮੁਤਾਬਕ ਇਸ ਸਮੇਂ ਦੌਰਾਨ ਤਿੰਨ ਚੋਣਾਂ 2019, 2024 ਦੀਆਂ ਲੋਕ ਸਭਾ ਚੋਣਾਂ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਇਨ੍ਹਾਂ ਪਾਰਟੀਆਂ ਨੇ ਸਿਰਫ 43 ਉਮੀਦਵਾਰ ਖੜ੍ਹੇ ਕੀਤੇ, ਜਿਨ੍ਹਾਂ ਨੂੰ ਮਿਲ ਕੇ 54,069 ਵੋਟਾਂ ਮਿਲੀਆਂ। ਰੀਪੋਰਟ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਦੀਆਂ ਚੋਣ ਰੀਪੋਰਟਾਂ ’ਚ ਸਿਰਫ 39.02 ਲੱਖ ਰੁਪਏ ਖਰਚ ਕੀਤੇ ਗਏ, ਜਦਕਿ ਆਡਿਟ ਰੀਪੋਰਟ ’ਚ 3,500 ਕਰੋੜ ਰੁਪਏ ਖਰਚ ਕੀਤੇ ਗਏ।
ਇਸ ’ਤੇ ਰਾਹੁਲ ਗਾਂਧੀ ਨੇ ਕਿਹਾ, ‘‘ਗੁਜਰਾਤ ’ਚ ਕੁੱਝ ਗੁੰਮਨਾਮ ਪਾਰਟੀਆਂ ਹਨ, ਜਿਨ੍ਹਾਂ ਦੇ ਨਾਂ ਕਿਸੇ ਨੇ ਨਹੀਂ ਸੁਣੇ ਪਰ ਉਨ੍ਹਾਂ ਨੂੰ 4,300 ਕਰੋੜ ਰੁਪਏ ਦਾ ਚੰਦਾ ਮਿਲਿਆ। ਇਨ੍ਹਾਂ ਪਾਰਟੀਆਂ ਨੇ ਚੋਣਾਂ ਲੜੀਆਂ ਹਨ ਜਾਂ ਬਹੁਤ ਘੱਟ ਮੌਕਿਆਂ ਉਤੇ ਉਨ੍ਹਾਂ ਉਤੇ ਪੈਸਾ ਖਰਚ ਕੀਤਾ ਹੈ।’’
ਸਾਬਕਾ ਕਾਂਗਰਸ ਪ੍ਰਧਾਨ ਨੇ ਚੋਣ ਕਮਿਸ਼ਨ ਉਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ, ‘‘ਇਹ ਹਜ਼ਾਰਾਂ ਕਰੋੜ ਰੁਪਏ ਕਿੱਥੋਂ ਆਏ? ਉਨ੍ਹਾਂ ਨੂੰ ਕੌਣ ਚਲਾ ਰਿਹਾ ਹੈ? ਅਤੇ ਪੈਸਾ ਕਿੱਥੇ ਗਿਆ? ਕੀ ਚੋਣ ਕਮਿਸ਼ਨ ਜਾਂਚ ਕਰੇਗਾ ਜਾਂ ਇੱਥੇ ਵੀ ਹਲਫਨਾਮਾ ਮੰਗੇਗਾ? ਜਾਂ ਕੀ ਇਹ ਕਾਨੂੰਨ ਨੂੰ ਹੀ ਬਦਲ ਦੇਵੇਗਾ, ਤਾਂ ਜੋ ਇਹ ਅੰਕੜੇ ਵੀ ਲੁਕਾਏ ਜਾ ਸਕਣ?’’