ਦੁਨੀਆਂ ਛੱਡਣ ਤੋਂ ਪਹਿਲਾਂ ਪੰਜਾਬ ਨੂੰ ਨੰਬਰ ਇਕ ਸੂਬਾ ਬਣਾ ਕੇ ਜਾਣਾ ਭਾਵੇਂ ਮੁੜ ਚੋਣ ਲੜਨੀ ਪੈ ਜਾਏ
Published : Sep 27, 2018, 8:32 am IST
Updated : Sep 27, 2018, 8:32 am IST
SHARE ARTICLE
Assistant Editor Nimrat Kaur Talking to Chief Minister Capt Amarinder Singh
Assistant Editor Nimrat Kaur Talking to Chief Minister Capt Amarinder Singh

ਮੈਂ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਕਿ ਨਸ਼ਿਆਂ ਦਾ ਲੱਕ ਤੋੜ ਦੇਵਾਂਗਾ ਤੇ ਲੱਕ ਤੋੜ ਦਿਤਾ ਹੈ............

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਨਸ਼ਿਆਂ ਦੇ ਮੁੱਦੇ 'ਤੇ ਖਾਧੀ ਗਈ ਗੁਟਕਾ ਸਾਹਿਬ ਦੀ ਸਹੁੰ ਪੁਗਾ ਦਿਤੀ ਹੈ। ਮੁੱਖ ਮੰਤਰੀ ਨੇ 'ਰੋਜ਼ਾਨਾ ਸਪੋਕਸਮੈਨ' ਦੇ ਟੀਵੀ ਸ਼ੋਅ 'ਚ ਉਚੇਚੇ ਤੌਰ 'ਤੇ ਹਿੱਸਾ ਲੈਂਦਿਆਂ ਇਹ ਗੱਲ ਕਹੀ। ਮੁੱਖ ਮੰਤਰੀ ਨੇ ਸਪੱਸ਼ਟ ਕਿਹਾ ਕਿ ਉਨ੍ਹਾਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਹਾ ਸੀ, 'ਅਸੀਂ ਸਰਕਾਰ ਬਣਨ ਦੇ ਚਾਰ ਮਹੀਨਿਆਂ ਅੰਦਰ ਨਸ਼ਿਆਂ ਦਾ ਲੱਕ ਤੋੜ ਦੇਵਾਂਗੇ। ਨਸ਼ਿਆਂ ਦਾ ਲੱਕ ਤੋੜ ਦਿਤਾ ਗਿਆ ਹੈ।

ਜੋ ਹੈਰੋਇਨ ਅਕਾਲੀਆਂ ਵੇਲੇ 1200 ਰੁਪਏ ਗ੍ਰਾਮ ਮਿਲਦੀ ਸੀ, ਹੁਣ ਨਸ਼ਾ ਸਪਲਾਈ ਲਾਈਨ ਤੋੜ ਦਿਤੀ ਗਈ ਹੋਣ ਕਰ ਕੇ 6 ਹਜ਼ਾਰ ਰੁਪਏ ਗ੍ਰਾਮ ਮਸਾਂ ਮਿਲਦੀ ਹੈ।' ਕੈਪਟਨ ਨੇ ਕਿਹਾ ਕਿ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਬਾਰੇ ਗੁਮਰਾਹਕੁਨ ਪ੍ਰਚਾਰ ਕਰ ਰਿਹਾ ਹੈ। ਨਸ਼ਿਆਂ ਦਾ ਲੱਕ ਤੋੜਨਾ ਅਤੇ ਨਸ਼ੇ ਖ਼ਤਮ ਕਰਨਾ ਦੋ ਵੱਖ-ਵੱਖ ਗੱਲਾਂ ਹਨ। ਨਸ਼ਿਆਂ ਦਾ ਲੱਕ ਤੋੜਨ ਵਾਲੀ ਸਹੁੰ ਪੁਗਾਈ ਜਾ ਚੁਕੀ ਹੈ।

Captain Amarinder SinghCaptain Amarinder Singh

ਸਨਅਤੀ ਨਿਵੇਸ਼

ਸਨਅਤੀ ਨਿਵੇਸ਼ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਮਗਰੋਂ ਹੁਣ ਤਕ 400 ਸਮਝੌਤੇ ਸਹੀਬੰਦ ਹੋ ਚੁਕੇ ਹਨ ਅਤੇ 20 ਹਜ਼ਾਰ ਕਰੋੜ ਦਾ ਨਿਵੇਸ਼ ਆ ਰਿਹਾ ਹੈ। 40 ਹਜ਼ਾਰ ਕਰੋੜ ਨਿਵੇਸ਼ ਦੇ ਭਰੋਸੇ ਮਿਲ ਚੁਕੇ ਹਨ।

ਲੋੜ ਪਈ ਤਾਂ ਅਗਲੀ ਚੋਣ ਵੀ ਲੜਾਂਗਾ 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਦੁਨੀਆਂ ਤੋਂ ਜਾਣ ਤੋਂ ਪਹਿਲਾਂ ਉਹ ਪੰਜਾਬ ਨੂੰ ਮੁੜ ਮਜ਼ਬੂਤ ਤੇ ਖ਼ੁਸ਼ਹਾਲ ਸੂਬਾ ਵੇਖਣ ਦੇ ਚਾਹਵਾਨ ਹਨ ਅਤੇ ਇਸ ਲਈ ਉਨ੍ਹਾਂ ਨੂੰ ਮੁੜ ਚੋਣ ਲੜਨੀ ਪਈ ਤਾਂ ਉਹ ਜ਼ਰੂਰ ਲੜਨਗੇ। ਉਨ੍ਹਾਂ ਦਸਿਆ ਕਿ ਉਹ ਅਗਲੇ ਕੁੱਝ ਦਿਨਾਂ 'ਚ ਇਜ਼ਰਾਈਲ ਦੇ ਦੌਰੇ 'ਤੇ ਜਾ ਰਹੇ ਹਨ ਜਿਥੇ ਉਹ ਪਾਣੀ ਸੰਭਾਲ ਅਤੇ ਬਦਲਵੀਆਂ ਫ਼ਸਲਾਂ ਦੀ ਗੱਲ ਕਰਨਗੇ। 

ਬਾਦਲ ਨੂੰ ਪ੍ਰਧਾਨ ਬਣਾਉਣਾ ਮੇਰੀ ਵੱਡੀ ਗ਼ਲਤੀ ਸੀ 

ਕੈਪਟਨ ਅਮਰਿੰਦਰ ਸਿੰਘ ਨੇ ਆਪ੍ਰੇਸ਼ਨ ਬਲੂ ਸਟਾਰ ਦੇ ਘਟਨਾਕ੍ਰਮ ਬਾਰੇ ਬੜੇ ਵਿਸਥਾਰ ਨਾਲ ਗੱਲਬਾਤ ਕੀਤੀ। ਉਨ੍ਹਾਂ ਦਸਿਆ ਕਿ ਕਾਂਗਰਸ ਨੂੰ ਅਲਵਿਦਾ ਆਖਣ ਮਗਰੋਂ ਉਹ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਵਿਚਰਨ ਲੱਗ ਪਏ। 1985 'ਚ ਉਨ੍ਹਾਂ ਨੂੰ ਲੰਡਨ ਜਾਣਾ ਪੈ ਗਿਆ। ਜਿਸ ਦਿਨ ਉਹ ਭਾਰਤ ਵਾਪਸ ਆਏ ਤਾਂ ਪਟਿਆਲਾ ਪਹੁੰਚ ਕੇ ਉਹ ਸੰਤ ਲੌਂਗੋਵਾਲ ਨੂੰ ਮਿਲਣ ਵਾਸਤੇ ਨਿਕਲੇ ਹੀ ਸੀ ਕਿ ਕਿਸੇ ਪੱਤਰਕਾਰ ਨੇ ਉਨ੍ਹਾਂ ਨੂੰ ਦਸਿਆ ਕਿ ਸੰਤ ਜੀ ਨੂੰ ਗੋਲੀ ਮਾਰ ਦਿਤੀ ਗਈ ਹੈ। ਫਿਰ 1985 ਦੇ ਅਖ਼ੀਰ 'ਚ ਚੋਣਾਂ ਦਾ ਐਲਾਨ ਹੋਣ 'ਤੇ ਸੁਰਜੀਤ ਸਿੰਘ ਬਰਨਾਲਾ ਨੇ ਉਨ੍ਹਾਂ ਨੂੰ ਚੋਣ ਲੜਨ ਦਾ ਸੱਦਾ ਦਿਤਾ।

Parkash Singh BadalParkash Singh Badal

ਉਹ ਤਲਵੰਡੀ ਸਾਬੋ ਤੋਂ ਚੋਣ ਜਿੱਤੇ ਅਤੇ ਕੈਬਨਿਟ 'ਚ ਸ਼ਾਮਲ ਹੋਏ। ਫਿਰ ਆਪ੍ਰੇਸ਼ਨ ਬਲੈਕ ਥੰਡਰ ਹੋਇਆ ਤਾਂ ਉਨ੍ਹਾਂ ਕੈਬਨਿਟ ਤੋਂ ਵੀ ਅਸਤੀਫ਼ਾ ਦੇ ਦਿਤਾ। ਹਾਲਾਤ ਬਦਲਦੇ ਗਏ ਅਤੇ ਉਨ੍ਹਾਂ ਖਿੰਡੇ-ਪੁੰਡੇ ਅਕਾਲੀ ਦਲ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿਤਾ ਜਿਸ ਦੌਰਾਨ ਉਨ੍ਹਾਂ (ਕੈਪਟਨ) ਕੋਲੋਂ ਹੀ ਗ਼ਲਤੀ ਹੋ ਗਈ। ਉਨ੍ਹਾਂ ਇਕਜੁਟ ਹੋ ਰਹੇ ਅਕਾਲੀ ਦਲ ਦੀ ਪ੍ਰਧਾਨਗੀ ਪ੍ਰਕਾਸ਼ ਸਿੰਘ ਬਾਦਲ ਨੂੰ ਦੇ ਦਿਤੀ।

ਕੈਪਟਨ ਨੇ ਜ਼ੋਰ ਦੇ ਕੇ ਕਿਹਾ ਕਿ ਬਾਦਲ ਨੂੰ ਪ੍ਰਧਾਨ ਮੰਨਣਾ ਉਨ੍ਹਾਂ ਦੀ ਵੱਡੀ ਗ਼ਲਤੀ ਸੀ ਕਿਉਂਕਿ 'ਪ੍ਰਕਾਸ਼ ਸਿੰਘ ਬਾਦਲ ਸਿਰਫ਼ ਪ੍ਰਕਾਸ਼ ਸਿੰਘ ਬਾਦਲ ਵਾਸਤੇ ਹੈ। ਉਸ ਨੂੰ ਨਾ ਤਾਂ ਪੰਜਾਬ ਦਾ ਕੋਈ ਫ਼ਿਕਰ ਹੈ ਅਤੇ ਨਾ ਹੀ ਕਿਸੇ ਹੋਰ ਚੀਜ਼ ਦੀ। ਜੋ ਇਸ ਨੂੰ ਅਤੇ ਇਸ ਦੇ ਪਰਵਾਰ ਨੂੰ ਸੂਤ ਬੈਠਦਾ ਹੈ, ਇਹ ਉਹੀ ਕਰਦਾ ਹੈ। ਫਿਰ ਜਦੋਂ ਚੋਣਾਂ ਦਾ ਐਲਾਨ ਹੋਇਆ ਤਾਂ ਬਾਦਲ ਨੇ ਉਨ੍ਹਾਂ (ਕੈਪਟਨ) ਨੂੰ 'ਆਈਸੋਲੇਟ' ਕਰਨਾ ਸ਼ੁਰੂ ਕਰ ਦਿਤਾ ਤੇ ਆਖ਼ਰ ਉਹ ਬਾਹਰ ਹੋ ਗਏ। 

ਬਾਦਲਾਂ ਨਾਲ ਮਿਲੇ ਹੋਣਾ

ਮੁੱਖ ਮੰਤਰੀ ਨੇ ਸਪੱਸ਼ਟ ਕਿਹਾ ਕਿ ਜੋ ਲੋਕ ਉਨ੍ਹਾਂ ਨੂੰ ਸਿਆਸੀ ਤੌਰ 'ਤੇ ਪਸੰਦ ਨਹੀਂ ਕਰਦੇ, ਉਹ ਉਨ੍ਹਾਂ ਉਤੇ ਬਾਦਲਾਂ ਨਾਲ ਮਿਲੇ ਹੋਣ ਦੇ ਦੋਸ਼ ਲਾਉਂਦੇ ਹਨ। ਉਨ੍ਹਾਂ ਕਿਹਾ ਕਿ ਜੇ ਅਜਿਹਾ ਹੁੰਦਾ ਤਾਂ 2007 ਮਗਰੋਂ ਅਕਾਲੀ ਸਰਕਾਰ ਵੇਲੇ ਉਨ੍ਹਾਂ ਉਤੇ ਪਾਏ ਗਏ ਕੇਸ ਹੁਣ ਤਕ ਵੀ ਚਲਦੇ ਨਾ ਹੁੰਦੇ।

ਸੁਖਬੀਰ ਦੇ ਦੋਸ਼ ਗ਼ਲਤ 

ਕੈਪਟਨ ਅਮਰਿੰਦਰ ਸਿੰਘ ਨੇ ਹਾਲੀਆ ਪੰਚਾਇਤ ਚੋਣਾਂ 'ਚ ਵਿਰੋਧੀਆਂ ਵਲੋਂ ਲਾਏ ਧੱਕੇਸ਼ਾਹੀ ਦੇ ਦੋਸ਼ਾਂ ਬਾਰੇ ਕਿਹਾ ਕਿ ਸੂਬੇ ਦੇ ਲੋਕ ਅਕਾਲੀਆਂ ਦੇ 10 ਸਾਲ ਦੇ ਕਾਰਜਕਾਲ 'ਚ ਤੰਗ ਆ ਚੁਕੇ ਹਨ। ਪਹਿਲਾਂ ਲੋਕਾਂ ਨੇ ਇਨ੍ਹਾਂ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਨਕਾਰਿਆ, ਫਿਰ ਗੁਰਦਾਸਪੁਰ ਅਤੇ ਸ਼ਾਹਕੋਟ ਜ਼ਿਮਨੀ ਚੋਣਾਂ 'ਚ ਤੇ ਹੁਣ ਜ਼ਿਲਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ 'ਚ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਪੰਜਾਬ ਦਾ ਧਾਰਮਕ ਮਾਹੌਲ ਬੁਰੀ ਤਰ੍ਹਾਂ ਖ਼ਰਾਬ ਕੀਤਾ ਹੈ।

Sukhbir Singh BadalSukhbir Singh Badal

ਹੁਣ ਤਕ 200 ਬੇਅਦਬੀ ਘਟਨਾਵਾਂ ਵਾਪਰ ਚੁਕੀਆਂ ਹਨ ਪਰ ਅਕਾਲੀਆਂ ਦੇ ਕਾਰਜਕਾਲ 'ਚ ਇਕ ਬੰਦਾ ਵੀ ਇਨ੍ਹਾਂ ਕੋਲੋਂ ਨਹੀਂ ਫੜਿਆ ਗਿਆ। ਕਾਂਗਰਸ ਦੀ ਸਰਕਾਰ 'ਚ ਅਕਾਲੀਆਂ ਵੇਲੇ ਮਾਰੇ ਗਏ ਆਰਐੱਸਐੱਸ ਦੇ ਆਗੂਆਂ ਦੇ ਹਤਿਆਰੇ ਵੀ ਫੜ ਲਏ ਗਏ ਜਦਕਿ ਇਨ੍ਹਾਂ ਨੇ ਕੋਈ ਕੇਸ ਹੱਲ ਨਹੀਂ ਕੀਤਾ। 

ਸੁਖਬੀਰ ਗੱਪਾਂ ਮਾਰਨ ਦਾ ਆਦੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਰੇ ਕਿਹਾ ਕਿ 'ਉਹ ਗੱਪਾਂ ਮਾਰਨ ਦਾ ਆਦੀ ਹੋ ਚੁੱਕਾ ਹੈ। ਉਹ ਲੋਕਾਂ ਨੂੰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ 'ਉਹ ਬੜਾ ਵੱਡਾ ਬੰਦਾ ਹੈ ਅਤੇ ਪੁਲਿਸ ਵਾਲੇ ਹਾਲੇ ਵੀ ਉਸ ਨੂੰ ਰੀਪੋਰਟ ਕਰਦੇ ਹਨ। ਉਹ ਉਂਜ ਹੀ ਆਖੀ ਜਾ ਰਿਹਾ ਹੈ ਕਿ ਉਹ ਟਰੈਕ ਕਰ ਲੈਂਦਾ ਹੈ ਕਿ ਮੁੱਖ ਮੰਤਰੀ ਕਿਥੇ ਜਾ ਰਿਹੈ ਤੇ ਕੌਣ ਮਿਲਣ ਆ ਰਿਹੈ? ਅਜਿਹਾ ਕੁੱਝ ਵੀ ਸੰਭਵ ਨਹੀਂ। ਉਂਜ ਵੀ ਇਕ ਸੀਨੀਅਰ ਵਿਅਕਤੀ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। 

ਸਾਡੇ ਅਫ਼ਸਰਾਂ ਉਤੇ ਸੁਖਬੀਰ ਦੀਆਂ ਧਮਕੀਆਂ ਦਾ ਕੋਈ ਅਸਰ ਨਹੀਂ

ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦਾ ਪ੍ਰਧਾਨ ਪ੍ਰਸ਼ਾਸਨ ਦਾ ਮਨੋਬਲ ਡੇਗਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਅਪਣੀ ਸਰਕਾਰ ਮੁੜ ਬਣਨ ਦਾ ਡਰਾਵਾ ਦੇ ਕੇ ਅਫ਼ਸਰਾਂ ਨੂੰ ਸਿੱਧਾ ਕਰਨ ਦੀਆਂ ਭਬਕੀਆਂ ਮਾਰ ਰਿਹਾ ਹੈ  ਜਦਕਿ ਅਜਿਹਾ ਕੁੱਝ ਵੀ ਨਹੀਂ ਹੈ। ਪੰਜਾਬ ਬਾਦਲਾਂ ਨੂੰ ਨਕਾਰ ਚੁੱਕਾ ਹੈ, ਇਸ ਵੇਲੇ ਪੂਰੀ ਅਫ਼ਸਰਸ਼ਾਹੀ ਅਪਣਾ ਕੰਮ ਕਰ ਰਹੀ ਹੈ।

Sukhbir BadalSukhbir Singh Badal

ਸੁਖਬੀਰ ਦੀਆਂ ਗੱਲਾਂ ਦਾ ਕਿਸੇ 'ਤੇ ਕੋਈ ਅਸਰ ਨਹੀਂ ਹੈ ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਪਿਛਲੀ ਸਰਕਾਰ 'ਚ 'ਬੈਕ ਸੀਟ' 'ਤੇ ਚਲੇ ਗਏ ਸਨ ਤੇ ਸੁਖਬੀਰ ਹੀ ਸਰਕਾਰ ਚਲਾ ਰਿਹਾ ਸੀ ਪਰ ਹੁਣ ਨਾ ਤਾਂ ਅਫ਼ਸਰਾਂ 'ਤੇ ਉਸ ਦਾ ਕੋਈ ਅਸਰ ਹੈ ਅਤੇ ਨਾ ਹੀ ਕਮਿਸ਼ਨ ਰੀਪੋਰਟ ਬਾਰੇ ਕੰਮ ਕਰ ਰਹੀ ਐਸਆਈਟੀ ਉਤੇ। 

ਰਾਜਸਥਾਨ ਤੋਂ ਪਾਣੀਆਂ ਦੀ ਰਾਇਲਟੀ ਮਿਲਣੀ ਚਾਹੀਦੀ ਹੈ

ਰਾਜਸਥਾਨ ਨੂੰ ਵਰ੍ਹਿਆਂ ਤੋਂ ਜਾ ਰਹੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਇਲਟੀ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੜ-ਪੜਦਾਦਾ ਮਹਾਰਾਜਾ ਨਰਿੰਦਰ ਸਿੰਘ ਨੇ ਹੀ ਸਰਹੰਦ ਨਹਿਰ ਬਣਵਾਈ ਸੀ ਤੇ ਪਟਿਆਲਾ ਵਲੋਂ ਭਾਰਤ ਸਰਕਾਰ ਨੂੰ ਪਾਣੀਆਂ ਦੀ ਰਾਇਲਟੀ ਅਦਾ ਕੀਤੀ ਜਾਂਦੀ ਰਹੀ ਹੈ। ਇਹੋ ਕਾਨੂੰਨ ਹੈ। ਇਥੋਂ ਤਕ ਕਿ ਕੈਨੇਡਾ ਅਤੇ ਅਮਰੀਕਾ ਵਿਚ ਵੀ ਅਜਿਹਾ ਹੀ ਹੁੰਦਾ ਹੈ ਪਰ ਇਥੇ ਸਾਡਾ ਸਿਸਟਮ ਕੋਈ ਮੰਨਦਾ ਨਹੀਂ। ਸੁਪਰੀਮ ਕੋਰਟ ਨੇ ਵੀ ਇਸ ਬਾਰੇ ਨਾਂਹ ਕਰ ਦਿਤੀ ਹੈ ਪਰ ਇਹ ਹੋਣੀ ਚਾਹੀਦੀ ਹੈ।

ਹਰਿਆਣੇ ਨਾਲ ਸਾਡੇ ਦਰਿਆਵਾਂ ਦੇ ਪਾਣੀ ਤਾਂ ਵੰਡ ਦਿਤੇ ਪਰ ਪੰਜਾਬ ਨੂੰ ਯਮੁਨਾ ਦਾ ਹਿੱਸਾ ਨਹੀਂ ਮਿਲਿਆ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਣੀਆਂ ਦੀ ਵੰਡ ਦੇ ਮਾਮਲੇ ਵਿਚ ਪੰਜਾਬ ਨਾਲ ਵੱਡਾ ਧੱਕਾ ਹੋਇਆ ਹੈ।  ਉਨ੍ਹਾਂ ਕਿਹਾ ਕਿ 1966 ਵਿਚ ਪੰਜਾਬ ਅਤੇ ਹਰਿਆਣਾ ਵਿਚ ਵੰਡ ਮੌਕੇ 60:40 ਦਾ ਅਨੁਪਾਤ ਅਪਣਾਇਆ ਗਿਆ ਜਿਸ ਤਹਿਤ ਪੰਜਾਬ ਦੇ ਦਰਿਆਵਾਂ ਰਾਵੀ, ਬਿਆਸ ਅਤੇ ਸਤਲੁਜ ਦੇ ਪਾਣੀ ਤਾਂ ਵੰਡ ਦਿਤੇ ਗਏ ਪਰ ਤਾਜੇਵਾਲਾ ਤੋਂ ਯਮੁਨਾ 'ਚੋਂ ਜੋ ਹਿੱਸਾ ਪੰਜਾਬ ਨੂੰ ਮਿਲਣਾ ਸੀ, ਉਹ ਨਹੀਂ ਮਿਲਿਆ ਜਦਕਿ ਹਰਿਆਣਾ ਨੂੰ ਹੋਰ ਪਾਸਿਉਂ ਵੀ ਪਾਣੀ ਦਿਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤਰਫਲ ਪੱਖੋਂ ਜ਼ਮੀਨ ਪੰਜਾਬ ਕੋਲ ਜ਼ਿਆਦਾ ਹੈ ਅਤੇ ਪਾਣੀ ਘੱਟ ਜਦਕਿ ਹਰਿਆਣਾ ਕੋਲ ਜ਼ਮੀਨ ਪੰਜਾਬ ਤੋਂ ਘੱਟ ਅਤੇ ਪਾਣੀ ਵੱਧ।  

Sutlej Yamuna link canalSutlej Yamuna link Canal

ਲੋਕਾਂ ਨੂੰ ਲਗਦੈ ਕਿ ਸੀਬੀਆਈ ਕੇਂਦਰ ਦੀ ਹੈ ਤੇ ਅਕਾਲੀ ਕੇਂਦਰ ਨਾਲ ਹਨ

ਕੈਪਟਨ ਨੇ ਬੇਅਦਬੀ ਅਤੇ ਗੋਲੀਕਾਂਡ ਬਾਰੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਉਤੇ ਅਗਲੀ ਕਾਰਵਾਈ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਆਈਆਈਟੀ) ਬਾਰੇ ਸਪੱਸ਼ਟ ਕੀਤਾ ਕਿ ਉਹ ਨਿਜੀ ਤੌਰ 'ਤੇ ਅਗਲੇਰੀ ਕਾਰਵਾਈ ਸੀਬੀਆਈ (ਕੇਂਦਰੀ ਜਾਂਚ ਬਿਊਰੋ) ਨੂੰ ਦੇਣਾ ਚਾਹੁੰਦੇ ਹਨ ਪਰ ਲੋਕਾਂ ਨੂੰ ਲਗਦਾ ਹੈ ਕਿ ਸੀਬੀਆਈ ਕੇਂਦਰ ਸਰਕਾਰ ਦੀ ਹੈ ਅਤੇ ਅਕਾਲੀ ਦਲ ਕੇਂਦਰ 'ਚ ਭਾਈਵਾਲ ਹਨ।

CBICBI

ਲੋਕ ਸਮਝਦੇ ਹਨ ਕਿ ਸੀਬੀਆਈ ਤੋਂ ਇਨਸਾਫ਼ ਨਹੀਂ ਮਿਲੇਗਾ। ਇਸੇ ਲਈ ਵਿਧਾਨ ਸਭਾ 'ਚ ਸਰਬਸੰਮਤੀ ਨਾਲ ਵਿਸੇਸ ਜਾਂਚ ਟੀਮ ਗਠਿਤ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਲਗਾਈ ਗਈ ਰੋਕ ਦਾ ਜਾਂਚ ਟੀਮ ਦੇ ਕੰਮ ਉਤੇ ਕੋਈ ਬਹੁਤਾ ਪ੍ਰਭਾਵ ਨਹੀਂ ਪਵੇਗਾ। 

ਇੰਦਰਾ ਗਾਂਧੀ ਨੂੰ ਪਹਿਲਾਂ ਹੀ ਕਹਿ ਦਿਤਾ ਸੀ

ਕੈਪਟਨ ਨੇ ਦਸਿਆ ਕਿ ਉਹ ਸਾਲ 1980 ਤੋਂ ਹੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਹਿਣ 'ਤੇ ਪੰਜਾਬ 'ਚ ਸਾਰੀਆਂ ਪ੍ਰਮੁੱਖ ਪਾਰਟੀਆਂ ਦੀ ਲੀਡਰਸ਼ਿਪ ਨਾਲ ਮਾਹੌਲ ਠੀਕ ਕਰਨ ਲਈ ਸਰਗਰਮ ਰਹੇ। ਇਸ ਦੌਰਾਨ ਭਾਵੇਂ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਤਾਂ ਨਹੀਂ ਮਿਲ ਸਕੇ ਪਰ ਹਾਲਾਤ ਕਾਬੂ ਕਰਨ ਲਈ ਹਰ ਪਾਸਿਉਂ ਕੋਸ਼ਿਸ਼ਾਂ ਜਾਰੀ ਰਹੀਆਂ। ਆਖ਼ਰ ਨੂੰ 1984 ਤਕ ਮਾਹੌਲ ਬਹੁਤ ਭਖ ਗਿਆ ਤੇ ਉਨ੍ਹਾਂ (ਕੈਪਟਨ) ਪ੍ਰਧਾਨ ਮੰਤਰੀ ਨੂੰ ਫ਼ਰਵਰੀ 1984 'ਚ ਕਹਿ ਦਿਤਾ ਸੀ ਕਿ ਉਹ ਦਰਬਾਰ ਸਾਹਿਬ 'ਤੇ ਹਮਲੇ ਜਿਹੀ ਗ਼ਲਤੀ ਬਿਲਕੁਲ ਨਾ ਕਰਨ। ਜੇ ਅਜਿਹਾ ਹੋਇਆ ਤਾਂ ਉਹ ਉਨ੍ਹਾਂ (ਕਾਂਗਰਸ) ਨੂੰ ਛੱਡ ਦੇਣਗੇ। 

Indira GandhiIndira Gandhi

ਬਿਕਰਮ ਮਜੀਠੀਆ

ਮੁੱਖ ਮੰਤਰੀ ਨੇ ਕਿਹਾ ਕਿ ਭਾਰਤ, ਖ਼ਾਸਕਰ ਪੰਜਾਬ ਵਿਚ ਨਸ਼ਿਆਂ ਦੀ ਆਮਦ ਪਾਕਿਸਤਾਨ ਦੀ ਵੱਡੀ ਸਾਜ਼ਸ਼ ਹੈ। ਭਾਰਤ ਦੀਆਂ ਸਾਰੀਆਂ ਪ੍ਰਮੁੱਖ ਫ਼ੌਜੀ ਰੈਜੀਮੈਂਟਸ ਵਿਚ ਪੰਜਾਬ ਦੇ ਨੌਜਵਾਨ ਜਾਂਦੇ ਹਨ। ਇਹ ਪਾਕਿਸਤਾਨ ਦੀ ਸਾਜ਼ਸ਼ ਹੈ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ 'ਚ ਗ਼ਲਤਾਨ ਕਰ ਕੇ ਭਾਰਤੀ ਫ਼ੌਜ ਨੂੰ ਕਮਜ਼ੋਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹੁਣ ਨਸ਼ਿਆਂ ਨੂੰ ਖ਼ਤਮ ਕਰਨ ਦੀ ਵਾਰੀ ਹੈ

Bikram Singh MajithiaBikram Singh Majithia

ਇਸੇ ਲਈ ਪੰਜਾਬ ਸਣੇ ਉਤਰੀ ਭਾਰਤ ਦੇ ਸੂਬਿਆਂ ਨੇ ਸਿਰ ਜੋੜ ਕੇ ਆਪਸੀ ਤਾਲਮੇਲ ਨਾਲ ਕਾਰਵਾਈ ਵਿੱਢੀ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਬੰਦੇ ਤਾਂ ਨਸ਼ਿਆਂ ਦੇ ਵਪਾਰ 'ਚ ਸ਼ਾਮਲ ਰਹੇ ਹਨ। ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਬਤੌਰ ਮੁੱਖ ਮੰਤਰੀ ਨਸ਼ਿਆਂ ਬਾਰੇ ਮਜੀਠੀਆ ਦਾ ਨਾਮ ਤਾਂ ਹੀ ਲੈ ਸਕਦੇ ਹਨ ਜੇ ਸਾਬਤ ਹੋਇਆ ਹੋਵੇ। ਹਾਲ ਦੀ ਘੜੀ ਇਸ ਦੀ ਜਾਂਚ ਜਾਰੀ ਹੈ।

ਸੋਨੀਆ ਗਾਂਧੀ ਕਾਰਨ ਕਾਂਗਰਸ 'ਚ ਪਰਤਿਆ

ਆਪ੍ਰੇਸ਼ਨ ਬਲਿਊ ਸਟਾਰ ਦੇ ਰੋਸ ਵਜੋਂ ਕਾਂਗਰਸ ਤੋਂ ਅਸਤੀਫ਼ਾ ਦੇਣ ਮਗਰੋਂ 1996 'ਚ ਮੁੜ ਕਾਂਗਰਸ 'ਚ ਪਰਤਣ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਅਪਣੀ ਸਥਿਤੀ ਸਪੱਸ਼ਟ ਕੀਤੀ। ਉਨ੍ਹਾਂ ਕਿਹਾ ਕਿ ਸਿਆਸੀ ਤੌਰ 'ਤੇ ਸਰਗਰਮ ਰਹਿਣ ਲਈ ਉਨ੍ਹਾਂ ਕੋਲ ਦੋ ਰਸਤੇ ਹੀ ਬਚਦੇ ਸਨ-ਇਕ ਅਕਾਲੀ ਦਲ ਅਤੇ ਦੂਜਾ ਕਾਂਗਰਸ 'ਚ ਪਰਤ ਜਾਣਾ।

sonia gandhiSonia Gandhi

ਉਨ੍ਹਾਂ ਕਿਹਾ 'ਅਕਾਲੀ ਦਲ ਦਾ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਕਿੰਨੀ ਵਾਰ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰ ਕੇ ਮੁਕਰ ਜਾਂਦਾ ਰਿਹਾ ਅਤੇ ਸੁਰਜੀਤ ਸਿੰਘ ਬਰਨਾਲਾ ਨੇ ਤਾਂ ਦਰਬਾਰ ਸਾਹਿਬ 'ਤੇ ਹਮਲਾ ਹੀ ਕਰ ਦਿਤਾ ਸੀ। ਅਜਿਹੇ ਵਿਚ ਕਾਂਗਰਸ ਅਤੇ ਅਕਾਲੀ ਦਲ ਵਿਚ ਕੀ ਫ਼ਰਕ ਰਹਿ ਜਾਂਦਾ ਹੈ? ਦੂਜੇ ਪਾਸੇ, ਸੋਨੀਆ ਗਾਂਧੀ ਕਾਂਗਰਸ ਦਾ ਨਵਾਂ ਚੈਪਟਰ ਸਨ ਜਿਸ ਕਰ ਕੇ ਉਹ ਕਾਂਗਰਸ 'ਚ ਪਰਤੇ ਅਤੇ 1997 'ਚ ਉਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ।

ਸੁਮੇਧ ਸੈਣੀ ਤੇ ਬਾਦਲ

ਬਰਗਾੜੀ ਗੋਲੀਕਾਂਡ ਮੌਕੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪੂਰੀ ਭੂਮਿਕਾ ਨੂੰ ਨੈਗੇਟਿਵ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਸੇਵਾਮੁਕਤ ਹੋਣ ਮਗਰੋਂ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਕੋਲ ਲਿਖ ਕੇ ਦੇ ਕੇ ਆਇਆ ਕਿ ਘਟਨਾ ਵਾਲੇ ਦਿਨ ਉਹ ਮੁੱਖ ਮੰਤਰੀ ਬਾਦਲ ਨੂੰ ਮਿਲੇ ਸਨ। ਕੈਪਟਨ ਨੇ ਕਿਹਾ ਕਿ ਸੈਣੀ ਦੇ ਉਕਤ ਪ੍ਰਗਟਾਵੇ ਮਗਰੋਂ ਬਾਦਲ ਲਈ ਮੁਕਰਨਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਸੂਬੇ ਦੇ ਲੋਕਾਂ ਉਤੇ ਗੋਲੀ ਚੱਲ ਰਹੀ ਹੋਵੇ ਅਤੇ ਮੁੱਖ ਮੰਤਰੀ ਆਖੇ ਕਿ ਉਸ ਨੂੰ ਕੋਈ ਜਾਣਕਾਰੀ ਹੀ ਨਹੀਂ ਸੀ ਤਾਂ ਉਹ ਕਾਹਦਾ ਮੁੱਖ ਮੰਤਰੀ ਹੈ? 

Sumedh Saini Sumedh Saini

'ਸਿਟ' ਮੁਖੀ ਲੋਕਾਂ ਦੀ ਤੀਬਰਤਾ ਨੂੰ ਸਮਝਦਾ ਹੈ

ਮੁੱਖ ਮੰਤਰੀ ਨੇ ਕਿਹਾ ਕਿ ਕਮਿਸ਼ਨ ਰੀਪੋਰਟ ਉਤੇ ਅਗਲੇਰੀ ਜਾਂਚ ਅਤੇ ਕਾਰਵਾਈ ਲਈ ਬਣਾਈ ਗਈ ਸਿਟ (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਦਾ ਮੁਖੀ ਕਾਬਲ ਪੁਲਿਸ ਅਫ਼ਸਰ ਹੈ ਜੋ 14 ਸਾਲ ਸੀਬੀਆਈ 'ਚ ਕੰਮ ਕਰ ਚੁੱਕਾ ਹੈ। ਇਸ ਤੋਂ ਇਲਾਵਾ ਦੋ ਬੜੇ ਕਾਬਲ ਆਈਜੀ ਅਤੇ ਦੋ ਐਸਪੀ ਸ਼ਾਮਲ ਕੀਤੇ ਗਏ ਹਨ। ਜੇਕਰ ਲੋੜ ਪਈ ਤਾਂ ਇਸ ਦਾ ਦਾਇਰਾ ਵਧਾਇਆ ਵੀ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਇਹ ਗੱਲ ਬੜੀ ਸਪੱਸ਼ਟ ਹੈ ਕਿ ਪੰਜਾਬ ਦੇ ਲੋਕ ਇਸ ਮਾਮਲੇ ਵਿਚ ਜਲਦ ਕਾਰਵਾਈ ਚਾਹੁੰਦੇ ਹਨ ਅਤੇ ਇਹ ਗੱਲ 'ਸਿਟ' ਮੁਖੀ ਅਤੇ ਬਾਕੀ ਅਫ਼ਸਰਾਂ ਨੂੰ ਚੰਗੀ ਤਰ੍ਹਾਂ ਪਤਾ ਹੈ। ਇਹ ਖ਼ੁਦਮੁਖ਼ਤਿਆਰ ਬਾਡੀ ਹੈ ਜੋ ਉਹੀ ਕੰਮ ਕਰ ਰਹੀ ਹੈ ਜੋ ਪੰਜਾਬ ਚਾਹੁੰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement