ਬਰਸਾਤ ਤੇ ਹਨ੍ਹੇਰੀ ਨੇ ਪੰਜਾਬ ਦਾ ਕਿਸਾਨ ਬੁਰੀ ਤਰ੍ਹਾਂ ਝੰਬਿਆ
Published : Sep 27, 2018, 10:37 am IST
Updated : Sep 27, 2018, 10:37 am IST
SHARE ARTICLE
Captain Amrinder Singh reviewing the loss of crops
Captain Amrinder Singh reviewing the loss of crops

ਪੰਜਾਬ ਵਿਚ 22 ਤੋਂ 24 ਸਤੰਬਰ ਤਕ ਚਲੀ ਹਨੇਰੀ ਅਤੇ ਪਏ ਭਾਰੀ ਮੀਂਹ ਨੇ ਸਾਉਣੀ ਦੀ ਫ਼ਸਲ ਦਾ ਵੱਡਾ ਨੁਕਸਾਨ ਕੀਤਾ ਹੈ.........

ਚੰਡੀਗੜ੍ਹ : ਪੰਜਾਬ ਵਿਚ 22 ਤੋਂ 24 ਸਤੰਬਰ ਤਕ ਚਲੀ ਹਨੇਰੀ ਅਤੇ ਪਏ ਭਾਰੀ ਮੀਂਹ ਨੇ ਸਾਉਣੀ ਦੀ ਫ਼ਸਲ ਦਾ ਵੱਡਾ ਨੁਕਸਾਨ ਕੀਤਾ ਹੈ। ਕੁਦਰਤੀ ਕਰੋਪੀ ਨੇ ਝੰਬੇ ਕਿਸਾਨਾਂ ਦੇ ਅੱਥਰੂ ਕਢਾ ਦਿਤੇ ਹਨ। ਖੇਤੀਬਾੜੀ ਵਿਭਾਗ ਵਲੋਂ ਅੱਜ ਸਰਕਾਰ ਨੂੰ ਭੇਜੀ ਰੀਪੋਰਟ ਮੁਤਾਬਕ ਤਿੰਨ ਦਿਨ ਮੀਂਹ ਨਾਲ ਸਾਉਣੀ ਦੀ ਦੋ ਲੱਖ 31 ਹਜ਼ਾਰ  872 ਏਕੜ ਫ਼ਸਲਾਂ ਨੂੰ ਨੁਕਸਾਨ ਪੁੱਜਾ ਹੈ। ਵਿਭਾਗ ਨੇ ਫ਼ਸਲਾਂ ਦੇ ਦੇਰੀ ਨਾਲ ਪੱਕਣ ਦੀ ਵੀ ਚੇਤਾਵਨੀ ਦਿਤੀ ਹੈ। ਰਾਜ ਵਿਚ ਦਾਣਾ ਮੰਡੀਆਂ ਪਹਿਲੀ ਅਕਤੂਬਰ ਤੋਂ ਖੁਲ੍ਹ ਜਾਣਗੀਆਂ। ਮੌਸਮ ਵਿਭਾਗ ਨੇ 28 ਤੇ 29 ਸਤੰਬਰ ਨੂੰ ਮੁੜ ਬਾਰਸ਼ ਹੋਣ ਦੀ ਸੰਭਾਵਨਾ ਦੱਸੀ ਹੈ।

ਖੇਤੀਬਾੜੀ ਵਿਭਾਗ ਦੀ ਤਿਆਰ ਕੀਤੀ ਰੀਪੋਰਟ ਵਿਚ ਦਸਿਆ ਗਿਆ ਹੈ ਕਿ ਝੋਨੇ ਦੀ ਇਕ ਲੱਖ 16 ਹਜ਼ਾਰ 107 ਏਕੜ ਫ਼ਸਲ ਨੁਕਸਾਨੀ ਗਈ ਹੈ। ਬਾਸਮਤੀ ਹੇਠਲਾ 20 ਹਜ਼ਾਰ 975 ਏਕੜ ਰਕਬਾ ਵਖਰਾ ਖ਼ਰਾਬ ਹੋਇਆ ਹੈ। ਨਰਮੇ ਹੇਠਲੀ 91 ਹਜ਼ਾਰ 28 ਏਕੜ ਜ਼ਮੀਨ ਨੂੰ ਨੁਕਸਾਨ ਪੁੱਜਾ ਹੈ। ਮੱਕੀ ਹੇਠਲਾ 4465 ਏਕੜ ਰਕਬਾ ਨੁਕਸਾਨਿਆ ਗਿਆ ਹੈ। ਪੰਜਾਹ ਏਕੜ ਸਰ੍ਹੋਂ ਅਤੇ 190 ਏਕੜ ਪਸ਼ੂਆਂ ਦਾ ਚਾਰਾ ਖਾਣ ਜੋਗਾ ਨਹੀਂ ਰਿਹਾ। ਰੀਪੋਰਟ ਮੁਤਾਬਕ 76 ਤੋਂ 100 ਫ਼ੀ ਸਦੀ ਨੁਕਸਾਨ ਦੀ ਮਾਰ ਹੇਠ 300 ਏਕੜ ਰਕਬਾ ਆਇਆ ਹੈ। ਇਸ ਨਾਲ ਹੀ 403 ਏਕੜ 51 ਤੋਂ 75 ਫ਼ੀ ਸਦੀ ਦਾ ਨੁਕਸਾਨ ਦਸਿਆ ਗਿਆ।

ਪੰਜ ਹਜ਼ਾਰ ਦੇ ਕਰੀਬ 26 ਤੋਂ 50 ਫ਼ੀ ਸਦੀ ਫ਼ਸਲ ਖ਼ਰਾਬ ਹੋਣ ਦਾ ਅੰਦਾਜ਼ਾ ਹੈ। ਜਦੋਂ ਕਿ 0 ਤੋਂ 25 ਫ਼ੀ ਸਦੀ ਤਕ ਦੋ ਲੱਖ 26 ਹਜ਼ਾਰ 893 ਏਕੜ ਦਾ ਨੁਕਸਾਨ ਹੋਇਆ ਹੈ। ਮੋਗਾ, ਮੁਕਤਸਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਤੇ ਫ਼ਰੀਦਕੋਟ ਪੰਜ ਜ਼ਿਲ੍ਹਿਆਂ ਵਿਚ ਕਿਸਾਨਾਂ ਦਾ ਕਾਫ਼ੀ ਬਚਾਅ ਰਿਹਾ ਹੈ। ਸਾਉਣੀ ਨੂੰ ਨੁਕਸਾਨ ਪੁੱਜਣ ਦਾ ਕਾਰਨ ਫ਼ਸਲਾਂ ਦਾ ਢਹਿ ਜਾਣ ਜਾਂ ਨੀਵੇਂ ਖੇਤਾਂ ਵਿਚ ਪਾਣੀ ਭਰ ਜਾਣਾ ਦਸਿਆ ਜਾ ਰਿਹਾ ਹੈ। ਪੰਜਾਬ ਵਿਚ ਇਸ ਸਾਲ ਝੋਨੇ ਹੇਠਲਾ ਰਕਬਾ 365 ਲੱਖ ਏਕੜ ਹੈ ਅਤੇ ਸਰਕਾਰ ਨੇ 190 ਲੱਖ ਮੀਟਰਕ ਟਨ ਝਾੜ ਦਾ ਟੀਚਾ ਮਿਥਿਆ ਹੈ ਜਿਹੜਾ ਕਿ ਪਿਛਲੇ ਸਾਲ 29 ਲੱਖ ਮੀਟਰਕ ਟਨ ਤੋਂ ਵੀ ਵੱਧ ਦਸਿਆ ਜਾ ਰਿਹਾ ਹੈ।

ਕੇਂਦਰ ਸਰਕਾਰ ਦੀ ਇਕ ਰੀਪੋਰਟ ਮੁਤਾਬਕ ਉਤਰੀ ਭਾਰਤ ਵਿਚ ਇਸ ਵਾਰ ਸਾਉਣੀ ਦੀ ਬੰਪਰ ਫ਼ਸਲ ਦੀ ਉਮੀਦ ਕੀਤੀ ਜਾ ਰਹੀ ਹੈ। ਜਾਣਕਾਰੀ ਤਾਂ ਇਹ ਵੀ ਮਿਲੀ ਹੈ ਕਿ ਮੰਡੀਆਂ ਵਿਚ ਵਿਕਣ ਆਈ ਬਾਸਮਤੀ ਪਾਣੀ ਨਾਲ ਭਿੱਜ ਗਈ ਹੈ। ਸੱਭ ਤੋਂ ਵੱਧ ਬਾਸਮਤੀ ਦੀ ਫ਼ਸਲ ਦਾ ਤਿੰਨ ਫ਼ੀ ਸਦੀ ਤਕ ਨੁਕਸਾਨ ਹੋਇਆ ਹੈ ਜਾਂ ਫਿਰ ਅਗਾਊਂ ਲਾਇਆ ਝੋਨਾ ਨੁਕਸਾਨਿਆ ਗਿਆ ਹੈ।

ਖੇਤੀਬਾੜੀ ਵਿਭਾਗ ਦੇ ਸਕੱਤਰ ਕੇ.ਐਸ. ਪੰਨੂ ਨੇ ਕਿਹਾ ਹੈ ਕਿ ਵਿਭਾਗ ਦੀ ਰੀਪੋਰਟ ਮੁਢਲਾ ਅੰਦਾਜ਼ਾ ਹੀ ਹੈ ਜਦਕਿ ਅਸਲ ਪਤਾ ਗਿਰਦਾਵਰੀ ਤੋਂ ਬਾਅਦ ਹੀ ਲੱਗੇਗਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮੀਂਹ ਨਾਲ ਜ਼ਿਆਦਾਤਰ ਅਗਾਊਂ ਲਾਏ ਝੋਨੇ ਨੂੰ ਨੁਕਸਾਨ ਪੁੱਜਾ ਹੈ। ਚੇਤੇ ਕਰਵਾਇਆ ਜਾਂਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਗਿਰਦਾਵਰੀ ਦੇ ਆਦੇਸ਼ ਦੇ ਚੁਕੇ ਹਨ ਅਤੇ ਉਨ੍ਹਾਂ ਨੇ ਫ਼ਸਲਾਂ ਦਾ ਹਵਾਈ ਜਾਇਜ਼ਾ ਲਿਆ ਅਤੇ ਸਰਹੱਦੀ ਖੇਤਰਾਂ ਦੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement