
ਕਰਾਈਮ ਵਿੰਗ ਅੰਮ੍ਰਿਤਸਰ ਦੀ ਟੀਮ ਵਲੋਂ ਪਿੰਡ ਸ਼ਹਿਜਾਦਾ ਵਿਖੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਕੀਤੀ ਗਈ ਛਾਪੇਮਾਰੀ 'ਚ ਪੁਲਿਸ............
ਅੰਮ੍ਰਿਤਸਰ : ਕਰਾਈਮ ਵਿੰਗ ਅੰਮ੍ਰਿਤਸਰ ਦੀ ਟੀਮ ਵਲੋਂ ਪਿੰਡ ਸ਼ਹਿਜਾਦਾ ਵਿਖੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਕੀਤੀ ਗਈ ਛਾਪੇਮਾਰੀ 'ਚ ਪੁਲਿਸ ਦਾ ਘਿਨਾਉਣਾ ਚਿਹਰਾ ਉਸ ਸਮੇਂ ਸਾਹਮਣੇ ਆਇਆ ਜਦ ਵਿਅਕਤੀ ਦੇ ਘਰ ਨਾ ਮਿਲਣ 'ਤੇ ਪੁਲਿਸ ਨੇ ਘਰ ਦੀ ਔਰਤ ਨੂੰ ਜੀਪ ਦੀ ਛੱਤ 'ਤੇ ਬਿਠਾ ਲਿਆ ਤੇ ਸਾਰੇ ਪਿੰਡ 'ਚ ਘੁਮਾ ਕੇ ਜ਼ਲੀਲ ਕੀਤਾ। ਇਸ ਮੌਕੇ ਪੀੜਤ ਔਰਤ ਜਸਵਿੰਦਰ ਕੌਰ ਪਤਨੀ ਗੁਰਵਿੰਦਰ ਸਿੰਘ ਵਾਸੀ ਸ਼ਹਿਜਾਦਾ ਨੇ ਦਸਿਆ ਕਿ 22 ਸਤੰਬਰ ਨੂੰ ਪੁਲਿਸ ਉਸ ਦੇ ਪਤੀ ਨੂੰ ਜ਼ਬਰਦਸਤੀ ਬਿਨਾਂ ਕਿਸੇ ਕਸੂਰ ਦੇ ਚੁੱਕਣ ਲਈ ਘਰ 'ਚ ਦਾਖ਼ਲ ਹੋ ਗਈ
ਜਿਸ 'ਤੇ ਅਸੀਂ ਉਸ ਦਾ ਵਿਰੋਧ ਕੀਤਾ ਤਾਂ ਇਨ੍ਹਾਂ ਪੁਲਿਸ ਅਧਿਕਾਰੀਆਂ ਵਲੋਂ ਸਾਡੀ (ਔਰਤਾਂ) ਦੀ ਕੁੱਟਮਾਰ ਕੀਤੀ ਗਈ। ਇਸ ਸਬੰਧੀ ਦਰਖਾਸਤ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਲਿਖਤੀ ਤੌਰ 'ਤੇ ਦਿਤੀ ਗਈ ਹੈ ਪਰ ਅੱਜ ਦੁਬਾਰਾ ਉਕਤ ਕਰਾਈਮ ਵਿਭਾਗ ਦੀ ਟੀਮ ਸਾਡੇ ਘਰ 'ਚ ਜ਼ਬਰਦਸਤੀ ਦਾਖ਼ਲ ਹੋ ਗਈ ਜਿਸ 'ਤੇ ਸਾਡੇ ਵਲੋਂ ਇਨ੍ਹਾਂ ਨੂੰ ਪੁਛਿਆ ਗਿਆ ਕਿ ਤੁਸੀਂ ਕਿਸ ਕੇਸ 'ਚ ਆਏ ਤਾਂ ਇਨ੍ਹਾਂ ਨੇ ਮੈਨੂੰ ਜ਼ਬਰਦਸਤੀ ਫੜ ਲਿਆ ਜਦਕਿ ਇਨ੍ਹਾਂ ਦੇ ਨਾਲ ਕੋਈ ਵੀ ਮਹਿਲਾ ਪੁਲਿਸ ਮੁਲਾਜ਼ਮ ਨਹੀਂ ਸੀ।
ਉਕਤ ਪੁਲਿਸ ਕਰਮਚਾਰੀਆਂ ਵਲੋਂ ਸਾਡੀ ਮਾਰ-ਕੁਟਾਈ ਕੀਤੀ ਗਈ ਤੇ ਘਰ 'ਚ ਕੋਈ ਮਰਦ ਮੈਂਬਰ ਨਾ ਮਿਲਣ ਕਰ ਕੇ ਮੈਨੂੰ ਸਰਕਾਰੀ ਜੀਪ ਦੀ ਛੱਤ 'ਤੇ ਜ਼ਬਰਦਸਤੀ ਬਿਠਾ ਕੇ ਸਾਰੇ ਪਿੰਡ 'ਚ ਘੁਮਾਇਆ ਗਿਆ। ਸਾਰਾ ਪਿੰਡ ਇਕੱਠਾ ਹੁੰਦਾ ਦੇਖ ਇਨ੍ਹਾਂ ਨੇ ਜੀਪ ਕਸਬਾ ਚਵਿੰਡਾ ਦੇਵੀ ਨੂੰ ਭਜਾ ਲਈ ਅਤੇ ਚਵਿੰਡਾ ਦੇਵੀ ਬਾਈਪਾਸ ਮੋੜ ਉਪਰ ਚਲਦੀ ਜੀਪ ਨੂੰ ਤੇਜ਼ ਮੋੜ ਕੇ ਮੈਨੂੰ ਜ਼ਮੀਨ 'ਤੇ ਸੁੱਟ ਦਿਤਾ ਜਿਸ ਕਾਰਨ ਮੇਰਾ ਗੁੱਟ ਟੁੱਟ ਗਿਆ ਤੇ ਹੋਰ ਵੀ ਕਾਫ਼ੀ ਸੱਟਾਂ ਲੱਗੀਆਂ। ਉਨ੍ਹਾਂ ਦਸਿਆ ਕਿ ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਚੁੱਕੀ ਹੈ।
ਇਸ ਸਬੰਧੀ ਘਟਨਾ ਦਾ ਪਤਾ ਲੱਗਣ 'ਤੇ ਡੀ.ਐੱਸ.ਪੀ. ਮਜੀਠਾ ਨਿਰਲੇਪ ਸਿੰਘ ਤੇ ਐਸ.ਐਚ.ਓ. ਕੱਥੂਨੰਗਲ ਹਰਪ੍ਰੀਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਪਰਵਾਰ ਦੇ ਮੈਂਬਰਾਂ ਦਾ ਹਾਲ ਜਾਣਿਆ ਤੇ ਪਰਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਸਾਰੇ ਮਾਮਲੇ ਸਬੰਧੀ ਉੇੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿਤਾ ਗਿਆ ਹੈ ਤੇ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜ਼ਖ਼ਮੀ ਔਰਤ ਦੀ ਮੈਡੀਕਲ ਰੀਪੋਰਟ ਆਉਣ 'ਤੇ ਮਾਮਲਾ ਦਰਜ ਕੀਤਾ ਜਾਵੇਗਾ।
ਇਸ ਸਬੰਧੀ ਕਰਾਈਮ ਵਿਭਾਗ ਦੀ ਟੀਮ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਪਰ ਸੰਪਰਕ ਨਹੀਂ ਹੋ ਸਕਿਆ। ਅਖੀਰ ਪਿੰਡ ਵਾਸੀਆਂ ਨੇ ਵੱਡੀ ਗਿਣਤੀ 'ਚ ਇਕੱਤਰ ਹੋ ਕੇ ਰੋਸ ਪ੍ਰਗਟ ਕੀਤਾ ਤੇ ਕਿਹਾ ਕਿ ਪੁਲਿਸ ਦਾ ਇਹ ਚਿਹਰਾ ਬਹੁਤ ਹੀ ਘਿਨਾਉਣਾ ਹੈ ਅਤੇ ਇਕ ਔਰਤ ਨੂੰ ਜੀਪ ਦੀ ਛੱਤ 'ਤੇ ਬਿਠਾ ਕੇ ਜ਼ਲੀਲ ਕਰਨਾ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਜੇ ਇਨਸਾਫ਼ ਨਾ ਮਿਲਿਆ ਤਾਂ ਮਜਬੂਰਨ ਸਾਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਘਿਰਾਉ ਕਰਨਾ ਪਵੇਗਾ ਜਿਸ ਦੀ ਜ਼ਿੰਮੇਵਾਰੀ ਸਬੰਧਤ ਵਿਭਾਗ ਦੀ ਹੋਵੇਗੀ।