
ਕਾਫ਼ੀ ਮੁਸ਼ਕਲਾਂ ਤੋਂ ਬਾਅਦ ਸਾਊਥ ਕੋਰੀਆ ਦੀ ਨਾਗਰਿਕਤਾ ਮਿਲੀ
ਜੰਮੂ: ਸਿੱਖ ਭਾਵੇਂ ਦੁਨੀਆਂ ਦੇ ਕਿਸੇ ਵੀ ਕੋਨੇ 'ਤੇ ਵਸਿਆ ਹੋਵੇ ਉਹ ਅਪਣੀ ਵੱਖਰੀ ਹੋਂਦ, ਵੱਖਰੀ ਪਛਾਣ ਨੂੰ ਕਾਇਮ ਰੱਖਣ ਲਈ ਹਮੇਸ਼ਾ ਸੰਘਰਸ਼ ਕਰਦਾ ਨਜ਼ਰ ਆਇਆ ਹੈ। ਸਿੱਖ ਹਰ ਖੇਤਰ ਵਿਚ ਵੱਡੀਆਂ ਮੱਲਾਂ ਮਾਰ ਰਹੇ ਹਨ। ਇਨ੍ਹੀਂ ਦਿਨੀ ਇਕ ਹੋਰ ਉਦਾਹਰਣ ਸਾਹਮਣੇ ਆਈ ਹੈ, ਜਦੋਂ ਇਕ ਸਾਬਤ ਸੂਰਤ ਸਿੱਖ ਨੌਜਵਾਨ ਨੇ ਸਾਊਥ ਕੋਰੀਆ ਦੀ ਪਹਿਲੀ ਸਿਟੀਜ਼ਨਸ਼ਿਪ ਲੈਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਗੁੰਮਟਾਲਾ ਦੇ ਜੰਮਪਲ ਸਾਬਤ ਸੂਰਤ ਸਿੱਖ ਨੌਜਵਾਨ ਦਲਜਿੰਦਰ ਸਿੰਘ ਸਪੁੱਤਰ ਹਰਭਜਨ ਸਿੰਘ ਨੇ ਸਾਊਥ ਕੋਰੀਆ ਵਿਚ ਪਰਿਵਾਰ ਸਮੇਤ ਨਾਗਰਿਕਤਾ ਹਾਸਲ ਕੀਤੀ ਹੈ।
Daljinder Singh and Navgeet Kaur
ਨੌਜਵਾਨ ਦਲਜਿੰਦਰ ਸਿੰਘ ਨੇ ਦੱਸਿਆ ਕਿ ਸਾਊਥ ਕੋਰੀਆ ਵਿਚ ਪੱਕੇ ਤੌਰ 'ਤੇ ਰਹਿਣਾ, ਕੋਰੀਅਨ ਖਾਣ-ਪਾਣ ਅਤੇ ਵੱਖਰੀ ਭਾਸ਼ਾ ਅਪਣੇ ਵਿਚ ਇਕ ਬਹੁਤ ਵੱਡੀ ਸਮੱਸਿਆ ਹੈ। ਉਥੋਂ ਦੇ ਲੋਕ ਹੁਣ ਵੀ ਸਿੱਖਾਂ ਨੂੰ ਮੁਸਲਮਾਨ ਹੀ ਸਮਝਦੇ ਹਨ। ਦਲਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਸਾਊਥ ਕੋਰੀਆ ਦੀ ਨਾਗਕਿਤਾ ਲੈਣ ਲਈ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਦੋਂ ਉਨ੍ਹਾਂ ਨੇ ਅਪਣੇ ਅਤੇ ਅਪਣੇ ਪਰਿਵਾਰ ਲਈ ਨਾਗਰਿਕਤਾ ਲਈ ਅਪਲਾਈ ਕੀਤਾ ਤਾਂ ਕੋਰੀਅਨ ਸਰਕਾਰ ਦੀਆਂ ਸ਼ਰਤਾਂ ਨੂੰ ਮੰਨਦੇ ਹੋਏ ਉਨ੍ਹਾਂ ਦੀ ਪਤਨੀ ਅਤੇ ਬੱਚਿਆਂ ਨੂੰ ਨਾਗਰਿਕਤਾ ਹਾਸਲ ਹੋ ਗਈ ਪਰ ਉਸ ਨੂੰ ਨਾਗਰਿਕਤਾ ਦੇਣ ਲਈ ਸਾਊਥ ਕੋਰੀਆ ਸਰਕਾਰ ਨੇ ਇਨਕਾਰ ਕਰ ਦਿਤਾ। ਇਨਕਾਰ ਦਾ ਮੁੱਖ ਕਾਰਨ ਉਸ ਦੀ ਦਸਤਾਰ ਸੀ।
Daljinder Singh
ਸਰਕਾਰ ਨੇ ਦਸਤਾਰ ਉਤੇ ਇਤਰਾਜ਼ ਪ੍ਰਗਟਾਉਂਦੇ ਹੋਏ ਦਸਤਾਰ ਨੂੰ ਉਤਾਰ ਕੇ ਫ਼ੋਟੋ ਲਗਾਉਣ ਲਈ ਕਿਹਾ, ਜਦੋਂ ਉਨ੍ਹਾਂ ਨੇ ਇਸ ਗੱਲ ਨੂੰ ਨਾ ਮੰਨਿਆ ਤਾਂ ਉਨ੍ਹਾਂ ਮੈਨੂੰ ਵਾਪਸ ਭੇਜ ਦਿਤਾ। ਉਨ੍ਹਾਂ ਦੱਸਿਆ ਕਿ ਦੂਜੀ ਵਾਰ ਫਿਰ ਉਨ੍ਹਾਂ ਸਬੰਧਤ ਅਧਿਕਾਰੀਆਂ ਤਕ ਪਹੁੰਚ ਕੀਤੀ ਅਤੇ ਅਧਿਕਾਰੀਆਂ ਨੂੰ ਦੱਸਿਆ ਕਿ ਦਸਤਾਰ ਕੋਈ ਫ਼ੈਸ਼ਨ ਨਹੀਂ ਹੈ, ਸਗੋਂ ਸਿੱਖ ਧਰਮ ਦਾ ਇਕ ਚਿੰਨ੍ਹ ਹੈ। ਉਹ ਤਾਂ ਸਿਰਫ਼ ਅਪਣੀ ਨਾਗਰਿਕਤਾ ਬਦਲ ਰਿਹਾ ਹੈ ਧਰਮ ਨਹੀਂ। ਫਿਰ ਉਨ੍ਹਾਂ ਨੂੰ ਤਸਵੀਰ ਬਦਲਣ ਲਈ ਕਿਹਾ ਗਿਆ ਜਿਸ ਵਿਚ ਦਸਤਾਰ ਅਤੇ ਦਾੜ੍ਹੀ ਦਾ ਅਕਾਰ ਛੋਟਾ ਕਰਨ ਦੀ ਗੱਲ ਕੀਤੀ ਗਈ।
Sikh
ਦਲਜਿੰਦਰ ਸਿੰਘ ਨੇ ਦੱਸਿਆ ਕਿ ਤਸਵੀਰ ਬਦਲਣ ਤੋਂ ਬਾਅਦ ਵੀ ਜਦੋਂ ਸਬੰਧਤ ਅਧਿਕਾਰੀਆਂ ਦੀ ਤਸੱਲੀ ਨਾ ਹੋਈ ਤਾਂ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਪਣਾ ਧਰਮ ਸਮਝਾਉਣ ਲਈ ਉਨ੍ਹਾਂ ਨੂੰ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵਰਗੀਆਂ ਹਸਤੀਆਂ ਦੇ ਹਵਾਲੇ ਨਾਲ ਦਸਤਾਰ ਦੀ ਮਹੱਤਤਾ ਨੂੰ ਸਮਝਾਉਣਾ ਪਿਆ।
ਉਨ੍ਹਾਂ ਦੱਸਿਆ ਕਿ ਡੇਢ ਦੋ ਮਹੀਨੇ ਦੇ ਸੰਘਰਸ਼ ਤੋਂ ਬਾਅਦ, ਸਾਊਥ ਕੋਰੀਆ ਦੇ ਆਈ ਕਾਰਡ 'ਤੇ ਪਹਿਲੇ ਸਾਬਤ ਸੂਰਤ ਸਿੱਖ ਦੀ ਤਸਵੀਰ ਲਗਾ ਕੇ ਉਨ੍ਹਾਂ ਨੂੰ ਨਾਗਰਿਕਤਾ ਦਿੱਤੀ ਗਈ। ਨਾਗਰਿਕਤਾ ਮਿਲਣ ਤੋਂ ਵੀ ਵੱਧ ਖ਼ੁਸ਼ੀ ਦੀ ਗੱਲ ਇਹ ਹੈ ਕਿ ਅਕਾਲ ਪੁਰਖ ਦੀ ਕ੍ਰਿਪਾ ਸਦਕਾ ਉਹ ਸਾਬਤ ਸੂਰਤ ਦਿੱਖ ਵਾਲੇ ਪਹਿਲੇ ਕੋਰੀਅਨ ਸਿੱਖ ਨਾਗਰਿਕ ਹਨ ਅਤੇ ਉਨ੍ਹਾਂ ਦਾ ਪਰਿਵਾਰ ਭਾਰਤੀ ਮੂਲ ਦਾ ਪਹਿਲਾ ਕੋਰੀਅਨ ਸਿੱਖ ਪਰਿਵਾਰ ਹੈ ਜੋ ਕਿ ਸਾਰੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ।