
ਪੰਜਾਬ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਅੱਜ ਤੋਂ ਸ਼ੁਰੂ ਕਰਨ ਦੇ ਹੁਕਮ: ਆਸ਼ੂ
ਖ਼ਰੀਦ ਪ੍ਰਕਿਰਿਆ ਦੌਰਾਨ ਕੋਵਿਡ 19 ਤੋਂ ਬਚਾਅ ਲਈ ਕੀਤੇ ਗਏ ਵਿਆਪਕ ਪ੍ਰਬੰਧ
ਚੰਡੀਗੜ੍ਹ, 26 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ): ਸੂਬੇ ਦੀਆਂ ਮੰਡੀਆਂ ਵਿਚ ਝੋਨੇ ਦੀ ਫ਼ਸਲ ਦੀ ਅਗੇਤੀ ਆਮਦ ਨੂੰ ਦੇਖਦੇ ਹੋਏ ਅੱਜ ਪੰਜਾਬ ਸਰਕਾਰ ਨੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਦੀ ਥਾਂ 27 ਸਤੰਬਰ ਤੋਂ ਖ਼ਰੀਦ ਪ੍ਰਕਿਰਿਆ ਸ਼ੁਰੂ ਕਰਨ ਦੇ ਹੁਕਮ ਜਾਰੀ ਕਰ ਦਿਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਸੂਬੇ ਦੀਆਂ ਮੰਡੀਆਂ ਵਿਚ ਝੋਨੇ ਦੀ ਤਿਆਰ ਫ਼ਸਲ ਆਉਣ ਬਾਰੇ ਉਨ੍ਹਾਂ ਨੂੰ ਸੂਚਨਾਵਾਂ ਮਿਲ ਰਹੀਆਂ ਸਨ ਜਿਸ 'ਤੇ ਉਨ੍ਹਾਂ ਨੇ 1 ਅਕਤੂਬਰ 2020 ਨੂੰ ਸ਼ੁਰੂ ਕੀਤੀ ਜਾਣ ਵਾਲੀ ਖ਼ਰੀਦ ਪ੍ਰਕਿਰਿਆ ਨੂੰ 27 ਸਤੰਬਰ 2020 ਤੋਂ ਪੂਰੀ ਗਤੀ ਨਾਲ ਸ਼ੁਰੂ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦਾ ਦਾਣਾ-ਦਾਣਾ ਖ਼ਰੀਦਣ ਲਈ ਵਚਨਬੱਧ ਹੈ।
ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਵਲੋਂ ਕੋਵਿਡ 19 ਦੇ ਫੈਲਾਅ ਨੂੰ ਰੋਕਣ ਅਤੇ ਕਿਸਾਨਾਂ, ਮਜ਼ਦੂਰਾਂ, ਪੱਲੇਦਾਰਾਂ, ਆੜ੍ਹਤੀਆਂ, ਢੋਆ-ਢੁਆਈ ਵਿਚ ਸ਼ਾਮਲ ਲੋਕਾਂ ਅਤੇ ਖ਼ਰੀਦ ਕਾਰਜ ਵਿੱਚ ਲੱਗੇ ਸਰਕਾਰੀ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਬਚਾਅ ਲਈ ਸੂਬੇ ਭਰ ਵਿਚ 4035 ਥਾਵਾਂ ਨੂੰ ਖ਼ਰੀਦ ਕੇਂਦਰ ਵਜੋਂ ਨੋਟੀਫ਼ਾਈ ਕੀਤਾ ਗਿਆ ਹੈ। ਇਨ੍ਹਾਂ ਵਿਚੋਂ 1871 ਸਰਕਾਰੀ ਮੰਡੀਆਂ ਹਨ ਜਦਕਿ 2164 ਜਨਤਕ ਥਾਵਾਂ ਤੇ ਮਿਲਾਂ ਦੀਆਂ ਥਾਵਾਂ ਹਨ। ਆਸ਼ੂ ਨੇ
ਕਿਹਾ ਕਿ ਕੇਂਦਰ ਸਰਕਾਰ ਵਲੋਂ ਏ ਗ੍ਰੇਡ ਝੋਨੇ ਦੀ ਐਮ.ਐਸ.ਪੀ. 1888 ਰੁਪਏ ਐਲਾਨੀ ਗਈ ਹੈ। ਉਨ੍ਹਾਂ ਕਿਹਾ ਕਿ ਕੋਵਿਡ 19 ਤੋਂ ਬਚਾਅ ਲਈ ਕੀਤੇ ਗਏ ਪ੍ਰਬੰਧਾਂ ਵਿਚ ਕਣਕ ਦੀ ਖ਼ਰੀਦ ਦੌਰਾਨ ਕੀਤੇ ਗਏ ਜ਼ਿimageਆਦਾਤਰ ਪ੍ਰਬੰਧਾਂ ਨੂੰ ਹੂਬਹੂ ਲਾਗੂ ਕੀਤਾ ਗਿਆ ਹੈ ਤਾਂ ਜੋ ਸਮਾਜਕ ਦੂਰੀ ਸਬੰਧੀ ਜੋ ਆਦੇਸ਼ ਸੂਬੇ ਦੇ ਸਿਹਤ ਵਿਭਾਗ ਵਲੋਂ ਜਾਰੀ ਕੀਤੇ ਗਏ ਹਨ ਉਨ੍ਹਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਸਕੇ। ਇਹ ਖ਼ਰੀਦ ਪ੍ਰਕਿਰਿਆ 30 ਨਵੰਬਰ 2020 ਤਕ ਜਾਰੀ ਰਹੇਗੀ ਅਤੇ ਖ਼ਰੀਦ ਤੋਂ 48 ਘੰਟਿਆਂ ਵਿਚ ਜਿਣਸ ਦੀ ਲਿਫ਼ਟਿੰਗ ਨੂੰ ਯਕੀਨੀ ਬਣਾਉਣ ਲਈ ਆਦੇਸ਼ ਜਾਰੀ ਕਰ ਦਿਤੇ ਗਏ ਹਨ।