
ਕਿਹਾ : ਕਾਂਗਰਸੀ ਆਗੂਆਂ ਨੇ ਹੜ੍ਹ ਪੀੜਤਾਂ ਨੂੰ ਮਿਲਨ ਲਈ ਬਣਵਾਈ ਸੀ ਵਿਸ਼ੇਸ਼ ਗੱਡੀ
ਚੰਡੀਗੜ੍ਹ : ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਇਸ ਵਾਰ ਅਨੁਮਾਨ ਨਾਲੋਂ ਕਿਤੇ ਜ਼ਿਆਦਾ ਮੀਂਹ ਪਏ ਅਤੇ ਪਹਾੜਾਂ ਤੋਂ ਆਏ ਪਾਣੀ ਨੇ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ। ਹੜ੍ਹਾਂ ਦੌਰਾਨ ਪੰਜਾਬ ਦੇ 60 ਵਿਅਕਤੀਆਂ ਨੇ ਆਪਣੀ ਜਾਨ ਵੀ ਗੁਆਈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਹਾਲਤ ’ਤੇ ਚਰਚਾ ਕਰਨ ਲਈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ। ਇਸ ਸੈਸ਼ਨ ਦੌਰਾਨ ਕਾਂਗਰਸ ਪਾਰਟੀ ਦਾ ਚਿਹਰਾ ਨੰਗਾ ਹੋ ਗਿਆ ਕਿਉਂਕਿ ਕਾਂਗਰਸੀ ਆਗੂ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਗਏ ਸਨ। ਪਰ ਕਾਂਗਰਸੀ ਆਗੂਆਂ ਵੱਲੋਂ ਪੀੜ੍ਹਤਾਂ ਨੂੰ ਮਿਲਣ ਲਈ ਵਿਸ਼ੇਸ਼ ਗੱਡੀਆਂ ਤਿਆਰ ਕਰਵਾਈਆਂ ਤਾਂ ਜੋ ਉਨ੍ਹਾਂ ਦੇ ਪੈਰ ਗੰਦੇ ਨਾ ਹੋਣ। ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਲਾਲਜੀਤ ਭੁੱਲਰ ਅਤੇ ਕੁਲਦੀਪ ਧਾਲੀਵਾਲ ਵਰਗੇ ਆਗੂਆਂ ਦੇ ਲਗਾਤਾਰ ਪਾਣੀ ਵਿਚ ਰਹਿਣ ਕਾਰਨ ਪੈਰ ਖਰਾਬ ਹੋ ਗਏ।
ਚੀਮਾ ਨੇ ਕਿਹਾ ਕਿ ਜਦੋਂ ਇਜਲਾਸ ਵਿੱਚ ਮੁੜ ਵਸੇਬੇ ਦੇ ਮੁੱਦੇ ’ਤੇ ਬਹਿਸ ਹੋਈ ਤਾਂ ਕਾਂਗਰਸ ਨੇ ਲਾਸ਼ਾਂ ’ਤੇ ਰਾਜਨੀਤੀ ਕੀਤੀ। ਜੇਕਰ ਅਸੀਂ ਕਾਂਗਰਸ ਦੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਜਦੋਂ ਵੀ ਇਹ ਸੱਤਾ ਵਿੱਚ ਆਈ ਤਾਂ ਇਨ੍ਹਾਂ ਵੱਲੋਂ ਲੋਕਾਂ ਦੀਆਂ ਲਾਸ਼ਾਂ ’ਤੇ ਰਾਜਨੀਤੀ ਕੀਤੀ ਗਈ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਰੰਗਲਾ ਪੰਜਾਬ ਫੰਡ ਬਣਾਇਆ ਗਿਆ ਸੀ ਜਿਸ ਵਿੱਚ ਵਿਦੇਸ਼ਾਂ ਤੋਂ ਬਹੁਤ ਸਾਰੇ ਪੰਜਾਬੀਆਂ ਨੇ ਹਿੱਸਾ ਲਿਆ, ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਚਿੰਤਾ ਸੀ ਅਤੇ ਉਨ੍ਹਾਂ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਲੱਖਾਂ ਰੁਪਏ ਤੋਂ ਲੈ ਕੇ ਕਰੋੜਾਂ ਰੁੱਪਏ ਤੱਕ ਦਾ ਯੋਗਦਾਨ ਦਿੱਤਾ।
ਜਦਕਿ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਕਾਂਗਰਸ ਪਾਰਟੀ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦਾਨ ਜਾਂ ਪੈਸੇ ਨਾ ਦੇਣ ਦੀ ਅਪੀਲ ਕੀਤੀ, ਜਿਸ ਬਾਰੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਦਨ ਵਿੱਚ ਕਿਹਾ ਕਿ ਫੰਡ ਨਹੀਂ ਦਿੱਤੇ ਜਾਣੇ ਚਾਹੀਦੇ, ਜੋ ਕਿ ਕਾਂਗਰਸ ਦੀ ਮਾਨਸਿਕਤਾ ਦੀ ਪਾਲਣਾ ਕਰਦਾ ਹੈ।
ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਪੰਜਾਬ ਦਾ 70 ਫ਼ੀ ਸਦੀ ਹਿੱਸਾ ਨਸ਼ਿਆਂ ਵਿੱਚ ਡੁੱਬਿਆ ਹੋਇਆ ਹੈ ਅਤੇ ਕਾਂਗਰਸ ਦੇ ਰਾਜ ਦੌਰਾਨ ਅਕਾਲੀ ਦਲ ਅਤੇ ਭਾਜਪਾ ਜੋ ਨਸ਼ਿਆਂ ਦਾ ਕਾਰੋਬਾਰ ਕਰਦੇ ਸਨ, ਉਸ ਨੂੰ ਕਾਂਗਰਸ ਨੇ ਅੱਗੇ ਵਧਾਇਆ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ 3 ਸਾਲ ਦੌਰਾਨ 60 ਹਜ਼ਾਰ ਨੌਕਰੀਆਂ ਪੈਦਾ ਕੀਤੀਆਂ ਹਨ। ਲੋਕਾਂ ਨੂੰ 300 ਯੂਨਿਟ ਬਿਜਲੀ ਮੁਹੱਈਆ ਕਰਵਾਈ ਗਈ ਹੈ ਅਤੇ ਇੱਕ ਥਰਮਲ ਪਲਾਂਟ ਖਰੀਦਿਆ ਗਿਆ ਹੈ। ‘ਆਪ’ ਸਰਕਾਰ ਨੇ ਪੰਜਾਬ ਦੇ ਹਰ ਖੇਤਰ ਵਿੱਚ ਮਾਲੀਆ ਵਧਾਇਆ ਹੈ ਅਤੇ ਕਿਸੇ ਵੀ ਸਿਰ ਵਿੱਚ ਨੁਕਸਾਨ ਨਹੀਂ ਹੋਇਆ ਹੈ।
ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜੋ ਵੀ ਪੈਸਾ ਆਵੇਗਾ, ਉਹ ਲੋਕਾਂ ਦੀ ਮਦਦ ਲਈ ਖਰਚ ਕੀਤਾ ਜਾਵੇਗਾ, ਜਿਸ ਵਿੱਚ ਸੜਕਾਂ ਬਣਾਉਣ ਦਾ ਵੀ ਸ਼ਾਮਲ ਹੈ, ਪਰ ਕਾਂਗਰਸ ਦਾ ਚਿਹਰਾ ਨੰਗਾ ਹੋ ਗਿਆ ਹੈ। ਅਸੀਂ ਭਾਜਪਾ ਦਾ ਵਿਰੋਧ ਕਰ ਰਹੇ ਸੀ, ਪਰ ਕਾਂਗਰਸ ਸਾਡੇ ਵਿਰੁੱਧ ਆ ਗਈ।
ਭਾਜਪਾ ਨੇ 1600 ਕਰੋੜ ਰੁਪਏ ਦੀ ਮਾਮੂਲੀ ਰਕਮ ਦਾ ਐਲਾਨ ਕੀਤਾ, ਜਿਸ ’ਚੋਂ ਪੰਜਾਬ ਨੂੰ ਹਾਲੇ ਤੱਕ ਇੱਕ ਵੀ ਰੁਪਿਆ ਨਹੀਂ ਮਿਲਿਆ, ਕਿਉਂਕਿ ਭਾਜਪਾ ਪੰਜਾਬ ਨੂੰ ਦਿਲੋਂ ਨਫ਼ਰਤ ਕਰਦੀ ਹੈ।
ਚੀਮਾ ਨੇ ਕਿਹਾ ਕਿ ਕਾਂਗਰਸੀ ਹਰ ਮੁੱਦੇ ਨੂੰ ਰਾਜਨੀਤਿਕ ਮੁੱਦਾ ਬਣਾਉਂਦਾ ਹਨ ਅਤੇ ਇਸਦਾ ਪੂਰਾ ਹਿਸਾਬ-ਕਿਤਾਬ ਰੱਖਿਆ ਜਾ ਰਿਹਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੀ.ਐਸ.ਆਰ. ਫੰਡ ਦਾ ਪੈਸਾ ਮੁੱਖ ਮੰਤਰੀ ਰਾਹਤ ਫੰਡ ਵਿੱਚ ਨਹੀਂ ਜਾ ਸਕਦਾ, ਇਸ ਲਈ ਇੱਕ ਨਵਾਂ ਖਾਤਾ ਬਣਾਉਣਾ ਜ਼ਰੂਰੀ ਸੀ।