
12ਵੀਂ 'ਚ ਪੜ੍ਹਦੀ ਲੜਕੀ ਦਾ 2018 'ਚ ਕੀਤਾ ਸੀ ਸਰੀਰਕ ਸ਼ੋਸ਼ਣ, ਦੋਸ਼ੀ ਨੂੰ ਮਿਲੀ 10 ਸਾਲ ਦੀ ਸਜ਼ਾ, 1 ਲੱਖ 10 ਹਜ਼ਾਰ ਰੁਪਏ ਜੁਰਮਾਨਾ
ਲੁਧਿਆਣਾ - ਸਨਅਤੀ ਸ਼ਹਿਰ 'ਚ ਸਥਾਨਕ ਵਧੀਕ ਸੈਸ਼ਨ ਜੱਜ ਅਮਰਜੀਤ ਸਿੰਘ ਦੀ ਅਦਾਲਤ ਨੇ ਇੱਕ ਨਾਬਾਲਿਗ ਲੜਕੀ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਦੋਸ਼ੀ ਸੁਖਚੈਨ ਸਿੰਘ ਉਰਫ ਸੁੱਖਾ ਨਿਵਾਸੀ ਬਠਿੰਡਾ ਨੂੰ 10 ਸਾਲ ਦੀ ਕੈਦ ਅਤੇ 1 ਲੱਖ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਪੁਲਿਸ ਥਾਣਾ ਸ਼ਿਮਲਾਪੁਰੀ ਵੱਲੋਂ ਨਾਬਾਲਿਗ ਲੜਕੀ ਦੇ ਪਿਤਾ ਦੀ ਸ਼ਿਕਾਇਤ ’ਤੇ 6 ਦਸੰਬਰ 2018 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਮੁਤਾਬਿਕ ਉਸ ਦੀ 12ਵੀਂ ਕਲਾਸ ’ਚ ਪੜ੍ਹਦੀ ਪੁੱਤਰੀ ਜਦ ਸਕੂਲ ਤੋਂ ਵਾਪਸ ਨਾ ਆਈ, ਤਾਂ ਉਨ੍ਹਾਂ ਨੇ ਇਸ ਬਾਰੇ ਆਪਣੇ ਰਿਸ਼ਤੇਦਾਰਾਂ ਅਤੇ ਸਕੇ-ਸੰਬੰਧੀਆਂ ਤੋਂ ਪੁੱਛਗਿੱਛ ਕੀਤੀ ਪਰ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ। ਲੜਕੀ ਦੇ ਪਿਤਾ ਨੇ ਦੋਸ਼ ਲਗਾਇਆ ਸੀ ਕਿ ਕੋਈ ਵਿਅਕਤੀ ਉਸ ਦੀ ਪੁੱਤਰੀ ਨੂੰ ਵਿਆਹ ਦੀ ਨੀਅਤ ਨਾਲ ਵਰਗਲਾ ਕੇ ਆਪਣੇ ਨਾਲ ਲੈ ਗਿਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।
ਘਰ ਵਾਪਸ ਪਰਤੀ ਲੜਕੀ ਨੂੰ ਜਦੋਂ ਉਸ ਦੀ ਮਾਤਾ ਵੱਲੋਂ ਪੁਲਿਸ ਕੋਲ ਲਿਜਾਇਆ ਗਿਆ, ਤਾਂ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਫ਼ੇਸਬੁੱਕ ਜ਼ਰੀਏ ਉਸ ਦੀ ਦੋਸ਼ੀ ਨਾਲ ਦੋਸਤੀ ਹੋਈ ਸੀ, ਜੋ ਉਸ ਨੂੰ ਵਰਗਲਾ ਕੇ ਆਪਣੇ ਨਾਲ ਬਠਿੰਡਾ ਲੈ ਗਿਆ, ਜਿੱਥੇ ਇੱਕ ਹੋਟਲ ਵਿੱਚ ਦੋਸ਼ੀ ਨੇ ਲੜਕੀ ਦੀ ਇੱਛਾ ਦੇ ਉਲਟ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਅਤੇ ਬਾਅਦ ਵਿੱਚ ਉੁਸ ਨੂੰ ਰੇਲਵੇ ਸਟੇਸ਼ਨ ’ਤੇ ਛੱਡ ਗਿਆ। ਤਕਰੀਬਨ 4 ਸਾਲਾਂ ਬਾਅਦ ਅਦਾਲਤ ਨੇ ਇਸ ਮਾਮਲੇ 'ਚ ਸਜ਼ਾ ਸੁਣਾਈ ਹੈ।