
ਸੜਕ 'ਤੇ ਖਿੱਲਰੇ ਆਲੂ, ਡਰਾਈਵਰ ਮੌਕੇ ਤੋਂ ਫਰਾਰ
ਅਬੋਹਰ: ਬੀਤੀ ਰਾਤ ਅਬੋਹਰ ਦੇ ਸਥਾਨਕ ਮਲੋਟ ਰੋਡ 'ਤੇ ਇੱਕ ਟਰੱਕ ਨੇ ਪਿਕਅੱਪ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਜਿਸ ਕਾਰਨ ਪਿਕਅੱਪ 'ਚ ਲੱਦੇ ਸਾਰੇ ਆਲੂ ਸੜਕ 'ਤੇ ਖਿੱਲਰ ਗਏ। ਪਿਕਅਪ ਦਾ ਡਰਾਈਵਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜਿਸਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਕੇ ਹਸਪਤਾਲ ਭੇਜਿਆ ਗਿਆ।
ਜਾਣਕਾਰੀ ਅਨੁਸਾਰ ਪਿਕਅਪ ਡਰਾਈਵਰ ਬੀਤੀ ਦੇਰ ਰਾਤ ਮਲੋਟ ਤੋਂ ਆਲੂ ਲੱਦ ਕੇ ਅਬੋਹਰ ਵੱਲ ਆ ਰਿਹਾ ਸੀ, ਜਦੋਂ ਉਹ ਮਲੋਟ ਰੋਡ ਬਾਈਪਾਸ 'ਤੇ ਸਥਿਤ ਡੀ.ਪੀ. ਹੁੰਡਾਈ ਕੋਲ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਸਵਾਰ ਨੇ ਲਾਪਰਵਾਹੀ ਨਾਲ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਪਿਕਅੱਪ ਪਲਟ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ।
ਇਸ ਵਿੱਚ ਫੱਸ ਕੇ ਸਤਪਾਲ ਪੁੱਤਰ ਅਜੈਬ ਸਿੰਘ ਉਮਰ 40 ਸਾਲ ਵਾਸੀ ਰਾਮਪੁਰਾ ਬਠਿੰਡਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਮੌਕੇ 'ਤੇ ਲੋਕਾਂ ਨੇ ਬੜੀ ਮੁਸ਼ੱਕਤ ਕਰਕੇ ਉਸ ਨੂੰ ਬਾਹਰ ਕੱਢਿਆ ਅਤੇ ਲਹੂ ਲੁਹਾਣ ਹਾਲਤ ਵਿਚ ਹਸਪਤਾਲ ਭੇਜਿਆ। ਜਿੱਥੇ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਘਟਨਾ ਸਮੇਂ ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮਾਮਲੇ ਦੀ ਸੂਚਨਾ ਥਾਣਾ ਸਦਰ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਥਾਣਾ ਇੰਚਾਰਜ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਮੌਕੇ ਤੋਂ ਫਰਾਰ ਹੋਏ ਟਰੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।