
ਨਸ਼ਾ ਮੁਕਤ ਪਟਿਆਲੇ ਦੇ ਟੀਚੇ ਦੇ ਮੱਦੇਨਜ਼ਰ ਮਿਲੀ ਵੱਡੀ ਕਾਮਯਾਬੀ
ਪਟਿਆਲਾ: ਪਟਿਆਲਾ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ 6 ਕਿਲੋ ਅਫੀਮ ਸਮੇਤ ਕਾਬੂ ਕੀਤਾ ਗਿਆ। ਜਾਣਕਾਰੀ ਦਿੰਦੇ ਐਸਐਸਪੀ ਪਟਿਆਲਾ ਨੇ ਦੱਸਿਆ ਕਿ ਏਡੀਜੀਪੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ ਹੇਠਾਂ ਪਟਿਆਲਾ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਬੜੀ ਸਰਗਰਮੀਆਂ ਨਾਲ ਕਾਰਵਾਈ ਕਰ ਰਹੀ ਹੈ। ਜਿਸ ਦੇ ਚਲਦਿਆਂ ‘ਨਸ਼ਾ ਮੁਕਤ ਪਟਿਆਲਾ’ ਦੇ ਟੀਚੇ ਦੇ ਮੱਦੇਨਜ਼ਰ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ।
ਜ਼ਿਲ੍ਹਾ ਪੁਲਿਸ ਵੱਲੋਂ ਰਾਜਪੁਰਾ ਵਿਚ ਜੀਟੀ ਰੋਡ ਦੇ ਉੱਪਰ ਨੇੜੇ ਮਿਡਵਾ ਢਾਬਾ ਵਿਖੇ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ ਤਾਂ ਚੈਕਿੰਗ ਦੌਰਾਨ ਅੰਬਾਲਾ ਸਾਈਡ ਤੋਂ ਆਈ ਇੱਕ ਬੱਸ ਦੀ ਚੈਕਿੰਗ ਦੌਰਾਨ ਪਿਛਲੀ ਖਿੜਕੀ ਚੋਂ ਇੱਕ ਨੌਜਵਾਨ ਨੇ ਬੱਸ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਦੇ ਕੋਲ ਇਕ ਬੈਗ ਸੀ। ਪੁਲਿਸ ਨੇ ਉਸ ਵਿਅਕਤੀ ਨੂੰ ਕਾਬੂ ਕਰਕੇ ਉਸਦਾ ਨਾਮ ਪੁੱਛਿਆ ਤਾਂ ਉਸ ਦੀ ਪਛਾਣ ਮਨੋਜ ਕੁਮਾਰ ਵਾਸੀ ਪਿੰਡ ਰੋਥਾ ਤਹਿਸੀਲ ਇਗਲਾਸ ਜ਼ਿਲ੍ਹਾ ਅਲੀਗੜ੍ਹ, ਉੱਤਰ ਪ੍ਰਦੇਸ਼ ਵਜੋਂ ਹੋਈ।
ਜਦੋਂ ਉਸ ਦੇ ਬੈਗ ਦੀ ਚੈਕਿੰਗ ਕੀਤੀ ਤਾਂ ਉਸ ਵਿਚੋ ਇੱਕ ਮੋਮੀ ਲਿਫਾਫੇ 'ਚ ਲਪੇਟੀ ਹੋਈ 6 ਕਿਲੋ ਗ੍ਰਾਮ ਅਫੀਮ ਬਰਾਮਦ ਹੋਈ। ਉਕਤ ਦੋਸ਼ੀ ਉਪਰ ਮੁਕੱਦਮਾ ਦਰਜ ਕਰਕੇ ਥਾਣਾ ਰਾਜਪੁਰੇ ਵਿਚ ਰਜਿਸਟਰ ਕੀਤਾ ਗਿਆ ਹੈ। ਅਦਾਲਤ ਵਿਚ ਦੋਸ਼ੀ ਨੂੰ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਆਖਰ ਇਹ ਅਫੀਮ ਕਿਸ ਪਾਸੋਂ ਲੈ ਕੇ ਆਇਆ ਅਤੇ ਅੱਗੇ ਕਿਸ ਨੂੰ ਦੇਣੀ ਸੀ।