
ਹਰਿਆਣਾ ਸਰਕਾਰ ਨੇ ਕਿਸਾਨਾਂ ਲਈ ਦਿੱਲੀ ਬਣਾਈ ਕਿਸੇ ਗ਼ੈਰ ਦੇਸ਼ ਦੀ ਰਾਜਧਾਨੀ
ਪਰ ਕਿਸਾਨਾਂ ਦੇ ਤੂਫ਼ਾਨ ਅੱਗੇ ਤਿਣਕਿਆਂ ਵਾਂਗ ਉਡੀ ਖੱਟਰ ਸਰਕਾਰ ਦੀ ਨਾਕਾਬੰਦੀ!
ਚੰਡੀਗੜ੍ਹ, 26 ਨਵੰਬਰ (ਚਰਨਜੀਤ ਸਿੰਘ ਸੁਰਖ਼ਾਬ, ਹਰਦੀਪ ਸਿੰਘ ਭੋਗਲ, ਸੰਨੀ ਸ਼ਰਮਾ) : ਜਿਵੇਂ ਹੀ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਵਲ ਕੂਚ ਕਰਨ ਦਾ ਐਲਾਨ ਕੀਤਾ ਤਾਂ ਹਰਿਆਣਾ ਦੀ ਖੱਟਰ ਸਰਕਾਰ ਨੇ ਕਿਸਾਨਾਂ ਦਾ ਰਾਹ ਰੋਕਣ ਲਈ ਵਿਉਂਤਬੰਦੀ ਕਰਨੀ ਸ਼ੁਰੂ ਕਰ ਦਿਤੇ। ਇਉਂ ਲਗਦਾ ਹੈ ਜਿਵੇਂ ਹਰਿਆਣਾ ਸਰਕਾਰ ਨੇ ਕਿਸਾਨਾਂ ਲਈ ਦਿੱਲੀ ਇਕ ਗ਼ੈਰ ਦੇਸ਼ ਦੀ ਰਾਜਧਾਨੀ ਬਣਾ ਦਿਤੀ ਹੈ ਜਿਸ ਵਿਚ ਉਹ ਦਾਖ਼ਲ ਨਹੀਂ ਹੋ ਸਕਦੇ ਪਰ ਪੰਜਾਬੀ ਕਿਸਾਨਾਂ ਨੇ ਵੀ ਹਰਿਆਣਾ ਸਰਕਾਰ ਦੀ ਇਹ ਕੋਸ਼ਿਸ਼ ਨਾਕਾਮ ਕਰ ਦਿਤੀ ਤੇ ਐਲਾਨ ਕਰ ਦਿਤਾ ਕਿ ਦਿੱਲੀ ਉਨ੍ਹਾਂ ਦੀ ਅਪਣੀ ਰਾਜਧਾਨੀ ਹੈ ਤੇ ਉਥੇ ਜਾਣੋਂ ਉਨ੍ਹਾਂ ਨੂੰ ਕੋਈ ਨਹੀਂ ਰੋਕ ਸਕਦਾ।
ਪਿਛਲੇ ਕਈ ਦਿਨਾਂ ਤੋਂ ਹਰਿਆਣਾ ਪ੍ਰਸ਼ਾਸਨ ਤੇ ਪੁਲਿਸ ਵੱਡੇ ਪੱਧਰ 'ਤੇ ਪੰਜਾਬ ਤੋਂ ਦਿੱਲੀ ਜਾਣ ਵਾਲੇ ਰਸਤਿਆਂ 'ਤੇ ਬੈਰੀਕੇਡ ਖੜੇ ਕਰ ਰਹੀ ਸੀ ਤੇ ਵੱਡੇ-ਵੱਡੇ ਪੱਥਰ ਸੁਟ ਕੇ ਕਿਸਾਨਾਂ ਦੇ ਮਨਸੂਬੇ ਨੂੰ ਫ਼ੇਲ ਕਰਨ ਦੀ ਰਣਨੀਤੀ ਤਿਆਰ ਕਰੀ ਬੈਠੀ ਸੀ। ਇਹੀ ਨਹੀਂ, ਹਰਿਆਣਾ ਪੁਲਿਸ ਕਿਸਾਨਾਂ ਦੇ ਸਵਾਗਤ ਲਈ ਜਲਤੋਪਾਂ ਵੀ ਬੀੜੀ ਬੈਠੀ ਸੀ। ਪੁਲਿਸ ਦੀ ਪਹਿਲੀ ਕਤਾਰ ਤੋਂ ਬਾਅਦ ਪੈਰਾ ਮਿਲਟਰੀ ਫ਼ੋਰਸ ਦੇ ਜਵਾਨ ਹੰਝੂ ਗੈਸ ਦੇ ਗੋਲੇ ਲੈ ਕੇ ਤਿਆਰ ਬੈਠੇ ਸਨ ਜਿਨ੍ਹਾਂ ਦੀ ਪੁਲਿਸ ਨੇ ਦਿਲ ਭਰ ਕੇ ਵਰਤੋਂ ਵੀ ਕੀਤੀ ਪਰ ਕਿਸਾਨਾਂ ਦੇ ਤੂਫ਼ਾਨ ਅੱਗੇ ਖੱਟਰ ਦੀ ਪੁਲਿਸ ਤਿਣਕਿਆਂ ਵਾਂਗ ਖਿਲਰ ਗਈ ਤੇ ਕਿਸਾਨ ਕਈ ਨਾਕਿਆਂ ਤੋਂ ਸ਼ਾਨ ਨਾਲ ਹਰਿਆਣਾ ਅੰਦਰ ਦਾਖ਼ਲ ਹੋ ਗਏ। ਅੱਜ ਸਵੇਰੇ ਦਿੱਲੀ ਜਾਣ ਲਈ ਪੰਜਾਬ ਦੇ ਕਿਸਾਨਾਂ ਨੇ ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ 'ਤੇ ਪੁਲਿਸ ਵਲੋਂ ਲਾਏ ਗਏ ਬੈਰੀਕੇਡ ਤੋੜ ਦਿਤੇ ਗਏ ਹਨ। ਇਸ ਨਾਲ ਪੁਲਿਸ ਤੇ ਕਿਸਾਨਾਂ ਵਿਚਕਾਰ ਟਕਰਾਅ ਪੈਦਾ ਹੋ ਗਿਆ। ਬਾਅਦ 'ਚ ਪੁਲਿਸ ਨੇ ਕਿਸਾਨਾਂ ਨੂੰ ਪੈਦਲ ਅੱਗੇ ਵਧਣ ਦੀ ਮਨਜ਼ੂਰੀ ਦੇ ਦਿਤੀ। ਇਸ ਤੋਂ ਪਹਿਲਾਂ ਅੱਜ ਸਵੇਰੇ ਕਰੀਬ 11 ਵਜੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਘੱਗਰ ਪੁਲ ਉੱਪਰ ਕਿਸਾਨਾਂ ਵਲ ਅਥਰੂ ਗੈਸ ਦੇ ਗੋਲੇ ਛੱਡੇ ਤੇ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ ਪਰ ਕਿਸਾਨਾਂ ਨੇ ਘੱਗਰ ਪੁਲ ਵਿਚਕਾਰ ਖੜੇ ਕੀਤੇ ਬੈਰੀਕੇਡਾਂ ਨੂੰ ਦਰਿਆ 'ਚ ਸੁੱਟ
ਦਿਤਾ ਤੇ ਪੁਲਿਸ ਵਾਹਨਾਂ ਨੂੰ ਪਾਰ ਕਰਦਿਆਂ ਘੱਗਰ ਦੇ ਦੂਸਰੇ ਕੰਢੇ ਪੁੱਜ ਗਏ। ਸ਼ੰਭੂ ਬਾਰਡਰ 'ਤੇ ਅਜੇ ਤਕ ਮਾਹੌਲ ਤਣਾਅਪੂਰਨ ਹੈ, ਪੁਲਿਸ ਨੇ ਅਥਰੂ
ਗੈਸ ਦੇ ਗੋਲੇ ਵਾਟਰ ਗੰਨ ਬੰਦ ਕਰ ਦਿਤੀ ਹੈ। ਉਨ੍ਹਾਂ ਨੂੰ ਕਿਸੇ ਵੀ ਹਾਲ 'ਚ ਵੀ ਲਾਠੀਚਾਰਜ ਨਾ ਕਰਨ ਦਾ ਆਦੇਸ਼ ਦਿਤਾ ਗਿਆ ਹੈ।
ਦੂਜੇ ਪਾਸੇ ਕਿਸਾਨਾਂ ਨੇ ਸਮਾਣਾ ਤੇ ਅਜ਼ੀਮਗੜ੍ਹ 'ਚ ਪੁਲਿਸ ਵਲੋਂ ਨਾਕੇ ਤਿੰਨ ਥਾਂ ਤੋੜੇ ਗਏ। ਹਰਿਆਣਾ ਪੁਲਿਸ ਨੇ ਪਟਿਆਲਾ ਨੇੜੇ ਸ਼ੰਭੂ ਬਾਰਡਰ 'ਤੇ ਅਜ਼ੀਮਗੜ੍ਹ ਤੇ ਧਰਮਹੇੜੀ ਸਰਹੱਦਾਂ ਸੀਲ ਕਰ ਦਿਤੀਆਂ ਸੀ। ਅਜੀਮਗੜ੍ਹ ਤੇ ਸਮਾਣਾ ਬਾਰਡਰ 'ਤੇ ਕਿਸਾਨਾਂ ਨੇ ਬੈਰੀਕੇਡ ਤੋੜ ਦਿਤੇ। ਪੁਲਿਸ ਨਾਲ ਹਲਕੀ ਝੜਪ ਤੋਂ ਬਾਅਦ ਕਿਸਾਨਾਂ ਨੂੰ ਅੱਗੇ ਜਾਣ ਦਿਤਾ ਗਿਆ।
ਉਧਰ ਖਨੌਰੀ ਵਿਖੇ ਵੀ ਕਿਸਾਨਾਂ ਦੇ ਸੈਲਾਬ ਨੇ ਹਰਿਆਣਾ ਪੁਲਿਸ ਦੀ ਇਕ ਨਾ ਚੱਲਣ ਦਿਤੀ ਤੇ ਜਲਤੋਪਾਂ ਦੇ ਬਾਵਜੂਦ ਕਿਸਾਨਾਂ ਨੇ ਪੁਲਿਸ ਵਲੋਂ ਲਾਏ ਬੈਰੀਕੇਡ ਉਖਾੜ ਦਿਤੇ ਤੇ ਹਰਿਆਣਾ ਅੰਦਰ ਦਾਖ਼ਲ ਹੋ ਗਏ। ਇਸ ਵੇਲੇ ਕਿਸਾਨਾਂ ਵਲੋਂ ਹਰਿਆਣਾ 'ਚ ਦਾਖਲ ਹੋਣ 'ਤੇ ਪੁਲਿਸ ਲੰਘਦੇ ਕਿਸਾਨਾਂ ਨੂੰ ਕੇਵਲ ਦੇਖਦੀ ਰਹੀ। ਕਈ ਮੀਡੀਆ ਕਰਮੀਆਂ ਨੇ ਪੁਲਿਸ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਵਾਲੇ 'ਦੜ ਵੱਟ, ਜ਼ਮਾਨਾ ਕੱਟ' ਵਾਲੀ ਨੀਤੀ ਅਪਣਾਉਂਦੇ ਰਹੇ।
ਉਧਰ ਡੱਬਵਾਲੀ ਵਿਚ ਵੀ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਕਿਸਾਨ ਜਥੇਬੰਦੀ ਏਕਤਾ ਉਗਰਾਹਾਂ ਦੇ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਇਸ ਬਾਰਡਰ 'ਤੇ ਧਰਨੇ 'ਤੇ ਬੈਠ ਗਏ ਹਨ। ਦੂਜੇ ਪਾਸੇ ਪੁਲਿਸ ਨੇ ਭਾਰੀ ਨਾਕਾਬੰਦੀ ਕੀਤੀ ਹੋਈ ਹੈ। ਕਰੀਬ 20 ਤੋਂ 25 ਹਜ਼ਾਰ ਕਿਸਾਨ ਹਰਿਆਣਾ 'ਚ ਦਾਖ਼ਲ ਹੋਣ ਦੀ ਤਾਕ 'ਚ ਬੈਠੇ ਹਨ। ਭਾਵੇਂ ਇਸ ਜਥੇਬੰਦੀ ਨੇ ਐਲਾਨ ਕੀਤਾ ਹੈ ਕਿ ਉਹ ਇਥੇ ਹੀ ਸ਼ਾਂਤਮਈ ਧਰਨਾ ਦੇਣਗੇ ਪਰ ਧਰਨੇ 'ਚ ਸ਼ਾਮਲ ਨੌਜਵਾਨ ਕਿਸੇ ਵੇਲੇ ਵੀ ਹੰਗਾਮਾ ਕਰ ਸਕਦੇ ਹਨ।
ਪੰਜਾਬ ਹਰਿਆਣਾ ਬਾਰਡਰ 'ਤੇ ਹੰਗਾਮੇ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਹਰਿਆਣਾ ਸਰਕਾਰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਕਿਉਂ ਰੋਕ ਰਹੀ ਹੈ? ਸ਼ਾਂਤੀਪੂਰਵਕ ਵਿਰੋਧ ਕਰ ਰਹੇ ਕਿਸਾਨਾਂ ਵਿਰੁਧ ਬਲ ਦਾ ਇਸਤੇਮਾਲ ਕਰਨ ਅਲੋਕਤ੍ਰਾਂਤਿਕ ਤੇ ਅਸੰਵਧਾਨਿਕ ਹੈ। ਉਨ੍ਹਾਂ ਖੱਟਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਨੂੰ ਦਿੱਲੀ ਜਾਣ ਦੇਵੇ।
ਦੂਜੇ ਪਾਸੇ ਦਿੱਲੀ ਪੁਲਿਸ ਨੇ 'ਆਪ' ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ, ਪਿਰਮਲ ਸਿੰਘ, ਜਗਦੇਵ ਕਮਾਲੂ ਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਹਿਰਾਸਤ 'ਚ ਲੈ ਲਿਆ ਹੈ। ਪੰਜਾਬ ਦੇ ਇਹ ਆਗੂ ਕਿਸਾਨਾਂ ਦੇ ਹੱਕ 'ਚ ਦਿੱਲੀ 'ਚ ਰੋਸ ਮੁਜ਼ਾਹਰਾ ਕਰ ਰਹੇ ਸਨ। ਦੇਸ਼ ਭਰ ਦੀਆਂ ਕਰੀਬ 500 ਕਿਸਾਨ-ਜਥੇਬੰਦੀਆਂ 'ਤੇ ਆਧਾਰਿਤ ਸਾਂਝਾ ਕਿਸਾਨ ਮੋਰਚਾ ਦੇ ਦਿੱਲੀ-ਚਲੋ ਦੇ ਸੱਦੇ ਤਹਿਤ ਪੰਜਾਬ ਦੀਆਂ 30 ਕਿਸਾਨ-ਜਥੇਬੰਦੀਆਂ ਦੀ ਅਗਵਾਈ 'ਚ ਕਰੀਬ 2 ਲੱਖ ਲੋਕ ਹਰਿਆਣਾ ਦੇ ਬਾਰਡਰ 'ਤੇ ਪਹੁੰਚ ਗਏ ਹਨ। ਸ਼ੰਭੂ, ਖਨੌਰੀ, ਰਤੀਆ, ਟੋਹਾਣਾ ਆਦਿ ਰਸਤਿਓਂ ਹਰਿਆਣਾ-ਸਰਕਾਰ ਦੇ ਅੜਿੱਕੇ ਪਾਰ ਕਰਦਿਆਂ ਹਜ਼ਾਰਾਂ ਕਿਸਾਨ ਟਰੈਕਟਰ-ਟਰਾਲੀਆਂ ਰਾਹੀਂ ਹਰਿਆਣੇ 'ਚ ਦਾਖ਼ਲ ਹੋ ਗਏ ਹਨ ਅਤੇ ਦਿੱਲੀ ਲਈ ਸਫ਼ਰ ਜਾਰੀ ਹੈ। ਕਰੀਬ 10 ਹਜ਼ਾਰ ਟਰੈਕਟਰ-ਟਰਾਲੀਆਂ ਦੇ ਵੱਡੇ ਕਾਫ਼ਲੇ ਹਰਿਆਣਾ ਸਰਹੱਦ 'ਤੇ ਪਹੁੰਚ ਗਏ ਹਨ। ਦਿੱਲੀ ਲਈ 30 ਕਿਸਾਨ-ਜਥੇਬੰਦੀਆਂ ਦੇ ਕਾਫ਼ਲਿਆਂ ਦੀ ਅਗਵਾਈ ਕਰਨ ਵਾਲੇ ਆਗੂਆਂ 'ਚ ਸ਼ੰਭੂ ਬਾਰਡਰ ਰਾਹੀਂ ਨਿਰਭੈ ਸਿੰਘ ਢੁੱਡੀਕੇ ਅਤੇ ਸਾਥੀਆਂ ਦਾ ਕਾਫ਼ਲਾ, ਗੂਹਲਾ ਚੀਕਾਂ ਰੋਡ 'ਤੇ ਪਹੁੰਚਣ 'ਚ ਸਫਲ ਹੋਏ ਡਾ. ਦਰਸ਼ਨਪਾਲ, ਜਗਮੋਹਣ ਸਿੰਘ ਪਟਿਆਲਾ, ਮਨਜੀਤ ਧਨੇਰ, ਗੁਰਮੀਤ ਭੱਟੀਵਾਲ, ਰਾਮ ਸਿੰਘ ਮਟੋਰੜਾ, ਸੁਰਜੀਤ ਸਿੰਘ ਲਚਕਾਣੀ, ਪਰਸ਼ੋਤਮ ਮਹਿਰਾਜ, ਜੰਗ ਸਿੰਘ ਭਟੇੜੀ, ਹਰਜੀਤ ਰਵੀ, ਨਿਸ਼ਾਨ ਸਿੰਘ, ਗੁਰਮੇਲ ਸਿੰਘ ਢਕੜੱਬਾ ਅਤੇ ਬੁਢਲਾਡਾ-ਰਤੀਆ ਅਤੇ ਬਾਹਮਣਵਾਲਾ ਬਾਰਡਰ ਰਾਹੀਂ ਫਤਿਆਬਾਦ ਤੱਕ ਪਹੁੰਚਾਉਣ 'ਚ ਸਫਲ ਹੋਏ ਆਗੂਆਂ 'ਚ ਬੂਟਾ ਸਿੰਘ ਬੁਰਜਗਿੱਲ, ਗੁਰਦੀਪ ਸਿੰਘ ਰਾਮਪੁਰਾ, ਕੁਲਵੰਤ ਸਿੰਘ ਕਿਸ਼ਨਗੜ੍ਹ, ਰੁਲਦੂ ਸਿੰਘ ਮਾਨਸਾ, ਗੁਰਨਾਮ ਸਿੰਘ ਭੀਖੀ, ਬਲਵੀਰ ਕੌਰ, ਜਸਬੀਰ ਕੌਰ,ਮਹਿੰਦਰ ਦਿਆਲਪੁਰਾ, ਮਹਿੰਦਰ ਭੈਣੀਬਾਘਾ, ਹਰਨੇਕ ਸਿੰਘ ਮਹਿਮਾ, ਦਰਸ਼ਨ ਸਿੰਘ ਉੱਗੋਕੇ,ਹਰਦੇਵ ਸਿੰਘ ਅਰਸ਼ੀ,ਮਲੂਕ ਸਿੰਘ,ਬੋਘ ਸਿੰਘ, ਅਮਰੀਕ ਸਿੰਘ,ਰਾਮਫਲ ਸਿੰਘ, ਕੁਲਵਿੰਦਰ ਉੱਡਤ ਸਮੇਤ ਸੈਂਕੜੇ ਕਿਸਾਨ-ਆਗੂ ਸ਼ਾਮਿਲ ਹਨ। ਸਰਦੂਲਗੜ੍ਹ ਤੋ ਹਾਂਸਪੁਰ ਬੈਰੀਗੇਡ ਤੋੜ ਕੇ ਹਰਿਆਣਾ ਦੇ ਫਤਿਆਬਾਦ ਜਿਲ੍ਹੇ 'ਚ ਵੀ ਹਜ਼ਾਰਾਂਕਿਸਾਨ ਟਰੈਕਟਰਾਂ ਸਮੇਤ ਹਰਿਆਣਾ 'ਚ ਪਹੁੰਚ ਗਏ ਹਨ। ਇਸੇ ਦੌਰਾਨ ਪੰਜਾਬ ਭਰ 'ਚ 30 ਕਿਸਾਨ-ਜਥੇਬੰਦੀਆਂ ਵੱਲੋਂ ਟੋਲ-ਪਲਾਜ਼ਿਆਂ, ਭਾਜਪਾ ਆਗੂਆਂ ਦੇ ਘਰਾਂ, ਅੰਬਾਨੀਆਂ ਦੇ ਰਿਲਾਇੰਸ ਪੰਪਾਂ ਅਤੇ ਸ਼ਾਪਿੰਗ-ਮਾਲਜ਼ ਸਾਹਮਣੇ ਵੀ ਕਰੀਬ 50 ਥਾਵਾਂ 'ਤੇ ਪੱਕੇ-ਧਰਨੇ ਜਾਰੀ ਰੱਖੇ ਗਏ। ਪੰਜਾਬ ਦੇ ਵੱਖ-ਵੱਖ ਪਿੰਡਾਂ 'ਚ ਕਿਸਾਨਾਂ ਨੇ ਹਰਿਆਣਾ ਦੇ ਮੁੱਖ-ਮੰਤਰੀ ਮਨੋਹਰ ਲਾਲ ਖੱਟੜ ਦੇ ਪੁਤਲੇ ਵੀ ਫੂਕੇ। ਕਿਸਾਨ-ਆਗੂਆਂ ਨੇ ਹਰਿਆਣਾ-ਸਰਕਾਰ ਵੱਲੋਂ ਪੰਜਾਬ ਦੇ ਕਿਸਾਨ 'ਤੇ ਲਾਠੀਚਾਰਜ ਕਰਨ, ਪਾਣੀ ਦੀਆਂ ਬੁਛਾੜਾਂ ਮਾਰਨ ਅਤੇ ਅੱਥਰੂ-ਗੈਸ ਦੇ ਗੋਲ਼ਿਆਂ ਰਾਹੀਂ ਕੀਤੇ ਅੱਤਿਆਚਾਰ ਨੂੰ ਤਾਨਾਸ਼ਾਹੀ ਕਰਾਰ ਦਿੱਤਾ।
image