
ਧਰਨੇ 'ਤੇ ਬੈਠੇ ਅਧਿਆਪਕਾਂ ਨਾਲ ਕਰਨਗੇ ਮੁਲਾਕਾਤ
ਮੋਹਾਲੀ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਪਹੁੰਚ ਚੁੱਕੇ ਹਨ ਤੇ ਉਹ ਥੋੜ੍ਹੀ ਦੇਰ ਬਾਅਦ ਮੋਹਾਲੀ ਵਿਖੇ ਧਰਨੇ 'ਤੇ ਬੈਠੇ ਅਤੇ ਪਾਣੀ ਦੀ ਟੈਂਕੀ 'ਤੇ ਚੜ੍ਹੇ ਅਧਿਆਪਕਾਂ ਨਾਲ ਮੁਲਾਕਾਤ ਕਰਨਗੇ। ਕੁੱਝ ਦੇਰ ਬਾਅਦ ਅਰਵਿੰਦ ਕੇਜਰੀਵਾਲ ਦਾ ਕਾਫ਼ਲਾ ਮੋਹਾਲੀ ਹਵਾਈ ਅੱਡੇ ਤੋਂ ਫੇਜ਼-8 ਪੁੱਜੇਗਾ ਅਤੇ ਇੱਥੇ ਅਧਿਆਪਕਾਂ ਨਾਲ ਉਨ੍ਹਾਂ ਦੀ ਮੁਲਾਕਾਤ ਹੋਵੇਗੀ। ਇਸ ਗੱਲ ਨੂੰ ਲੈ ਕੇ ਵੀ ਚਰਚਾ ਚੱਲ ਰਹੀ ਹੈ ਕਿ ਕੇਜਰੀਵਾਲ ਵੱਲੋਂ ਅੱਜ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਐਲਾਨ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਕੇਜਰੀਵਾਲ ਨੇ ਚੰਨੀ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਸੀ ਕਿ ਜੇਕਰ ਚੰਨੀ ਸਰਕਾਰ ਨੇ ਅਧਿਆਪਕਾਂ ਦੇ ਮਸਲੇ ਤੁਰੰਤ ਹੱਲ ਨਾ ਕੀਤੇ ਤਾਂ ਉਹ (ਕੇਜਰੀਵਾਲ) ਖ਼ੁਦ ਆ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਦੇ ਧਰਨੇ 'ਚ ਸ਼ਮੂਲੀਅਤ ਕਰਨ ਲਈ ਮਜਬੂਰ ਹੋਣਗੇ। ਇਸ ਤੋਂ ਪਹਿਲਾਂ ਕੇਜਰੀਵਾਲ ਵੱਲੋਂ ਪੰਜਾਬ ਦੇ ਅਧਿਆਪਕਾਂ ਨੂੰ 8 ਗਾਰੰਟੀਆਂ ਦਿੱਤੀਆਂ ਗਈਆਂ ਸਨ। ਹੁਣ ਦੇਖਣਾ ਇਹ ਹੋਵੇਗਾ ਕਿ ਅੱਜ ਕੇਜਰੀਵਾਲ ਅਧਿਆਪਕਾਂ ਲਈ ਕੀ ਐਲਾਨ ਕਰਦੇ ਹਨ।