
ਪੰਜਾਬ ਸਰਕਾਰ ਅਧਿਆਪਕਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ।
ਚੰਡੀਗੜ੍ਹ - ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਮੋਹਾਲੀ ਵਿਚ ਅਧਿਆਪਕਾਂ ਦੇ ਧਰਨੇ ਵਿਚ ਪਹੁੰਚ ਗਏ ਹਨ ਤੇ ਉਹ ਅਧਿਆਪਕਾਂ ਵਿਚਕਾਰ ਧਰਨੇ ਵਿਚ ਬੈਠ ਕੇ ਅਧਿਆਪਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ। ਇਸ ਤੋਂ ਪਹਿਲਾਂ ਚੰਡੀਗੜ੍ਹ ਪਹੁੰਚ ਕੇ ਕੇਜਰੀਵਾਲ ਨੇ ਕਿਹਾ ਕਿ ਕਈ ਅਧਿਆਪਕ ਧਰਨੇ 'ਤੇ ਬੈਠੇ ਹਨ। ਉਨ੍ਹਾਂ ਦੇ ਗੰਭੀਰ ਮੁੱਦੇ ਹਨ ਪਰ ਅਧਿਆਪਕ ਨੂੰ ਕਲਾਸਰੂਮ 'ਚ ਪੜਾਉਣ ਦੀ ਬਜਾਏ ਟਾਵਰ 'ਤੇ ਚੜ੍ਹਨਾ ਪੈਂਦਾ ਹੈ। ਪੰਜਾਬ ਸਰਕਾਰ ਅਧਿਆਪਕਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ।
ਕੇਜਰੀਵਾਲ ਨੇ ਇਹ ਗੱਲ ਚੰਡੀਗੜ੍ਹ 'ਚ ਟੀ.ਵੀ. ਟਾਵਰ 'ਤੇ ਚੜ੍ਹੇ ਇਕ ਬੇਰੁਜ਼ਗਾਰ ਈ.ਟੀ.ਟੀ ਅਧਿਆਪਕ ਲਈ ਚੰਨੀ ਸਰਕਾਰ 'ਤੇ ਚੁਟਕੀ ਲੈਂਦੇ ਹੋਏ ਕਹੀ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਬਿਜਲੀ ਦੇ ਬਿੱਲ ਮੁਆਫ਼ ਕਰਨ ਦੀ ਗੱਲ ਕਰ ਰਹੀ ਹੈ। ਅੱਜ ਕੁਝ ਲੋਕ ਬਿਜਲੀ ਦੇ ਬਿੱਲ ਵੀ ਲੈ ਕੇ ਆ ਰਹੇ ਹਨ। ਉਨ੍ਹਾਂ ਤੋਂ ਵੀ ਚੰਨੀ ਸਰਕਾਰ ਦੇ ਦਾਅਵਿਆਂ ਦੀ ਜਾਂਚ ਕੀਤੀ ਜਾਵੇਗੀ। ਕੇਜਰੀਵਾਲ ਲਾਂਡਰਾ ਵਿਖੇ ਵਪਾਰੀਆਂ ਨਾਲ ਵੀ ਮੁਲਾਕਾਤ ਕਰਨਗੇ।