
ਗਣਤੰਤਰ ਦਿਵਸ ਮੌਕੇ ਨਵਜੋਤ ਸਿੱਧੂ ਦੀ ਪਟਿਆਲਾ ਜੇਲ 'ਚੋਂ ਰਿਹਾਈ?
ਵੈਟਰਨ ਕਾਂਗਰਸੀ ਨੇਤਾਵਾਂ ਨੇ ਕੀਤੀ ਮੁਲਾਕਾਤ, ਪਾਰਟੀ ਨੂੰ ਮਜ਼ਬੂਤ ਕਰਨ ਦੀ ਬਣਾਈ ਸਕੀਮ
ਚੰਡੀਗੜ੍ਹ, 27 ਨਵਬੰਰ (ਜੀ.ਸੀ. ਭਾਰਦਵਾਜ) : ਪਿਛਲੇ 28 ਸਾਲ ਪੁਰਾਣੇ ਇਕ ਲੜਾਈ ਝਗੜੇ ਕਾਰਨ 67 ਸਾਲਾ ਬਜ਼ੁਰਗ ਦੀ ਕੁੱਟਮਾਰ ਤੇ ਮੌਤ ਦੇ ਅਦਾਲਤੀ ਕੇਸ 'ਚ ਪਟਿਆਲਾ ਜੇਲ 'ਚ 7 ਮਹੀਨੇ ਤੋਂ ਬੰਦ ਕਾਂਗਰਸੀ ਨੇਤਾ ਨਵਜੋਤ ਸਿੱਧੂ ਦੀ ਰਿਹਾਈ ਗਣਤੰਤਰ ਦਿਵਸ ਮੌਕੇ ਸਪੈਸ਼ਲ ਤੌਰ 'ਤੇ ਹੋ ਰਹੀ ਹੈ |
ਦੋ ਮਹੀਨੇ ਪਹਿਲਾਂ ਜੇਲ 'ਚ ਮੁਲਾਕਾਤ ਕਰਨ ਗਏ ਅੱਧੀ ਦਰਜਨ ਵੈਟਰਨ ਲੀਡਰਾਂ ਅਤੇ 7 ਹੋਰ ਨੌਜਵਾਨ ਕਾਂਗਰਸੀ ਨੇਤਾਵਾਂ ਮਗਰੋਂ ਪਿਛਲੇ ਹਫ਼ਤੇ ਵਿਸ਼ੇਸ਼ ਤੌਰ 'ਤੇ ਜੇਲ 'ਚ ਪਹੁੰਚੇ, ਇਕ 82 ਸਾਲਾ ਕਾਂਗਰਸੀ ਨੇਤਾ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਅਦਾਲਤ ਵਲੋਂ ਦਿਤੀ ਇਕ ਸਾਲ ਦੀ ਸਜ਼ਾ ਕੱਟ ਰਹੇ, ਸਿੱਧੂ ਨੂੰ ਅੱਛੇ ਕਿਰਦਾਰ ਅਤੇ ਚੰਗੇ ਵਿਵਹਾਰ-ਆਚਰਣ ਵਿਖਾਉਣ ਸਦਕਾ 26 ਜਨਵਰੀ ਯਾਨੀ ਦੋ ਮਹੀਨੇ ਬਾਅਦ ਰਿਪਬਲਿਕ ਦਿਵਸ 'ਤੇ ਸਪੈਸ਼ਲ ਤੌਰ 'ਤੇ ਰਿਹਾਅ ਕੀਤਾ ਜਾ ਰਿਹਾ ਹੈ |
ਕਾਂਗਰਸੀ ਨੇਤਾ ਨੇ ਇਹ ਵੀ ਦਸਿਆ ਕਿ ਸਿੱਧੂ ਨੇ ਕਸਰਤ, ਮੈਡੀਟੇਸ਼ਨ, ਯੋਗ ਕ੍ਰਿਆ ਤੇ ਪੂਜਾ-ਪਾਠ ਸਦਕਾ ਅਪਣੇ ਸਰੀਰ ਨੂੰ ਫਿਟ ਰਖਿਆ ਹੈ ਅਤੇ ਭਾਰ ਵੀ 18 ਕਿਲੋਗ੍ਰਾਮ ਘਟਾ ਲਿਆ ਹੈ | ਸਿੱਧੂ ਨੇ ਇਸ ਇਕ ਘੰਟੇ ਦੀ ਮੁਲਾਕਾਤ ਦੌਰਾਨ ਪੰਜਾਬ ਦੇ ਮਾੜੇ ਸਿਆਸੀ ਤੇ ਕਾਨੂੰਨ-ਵਿਵਸਥਾ ਦੇ ਹਾਲਾਤ ਬਾਰੇ ਵੀ ਚਿੰਤਾ ਪ੍ਰਗਟ ਕੀਤੀ ਅਤੇ ਕਾਂਗਰਸ ਦੀ ਪੁਨਰ-ਸੁਰਜੀਤੀ ਸਮੇਤ ਨਵੀਂ ਰੂਹ ਫੂਕਣ ਦਾ ਗੰਭੀਰ ਇਸ਼ਾਰਾ ਵੀ ਕੀਤਾ |
ਅੰਮਿ੍ਤਸਰ ਤੋਂ ਤਿੰਨ ਵਾਰ ਬੀ.ਜੇ.ਪੀ. ਦੇ ਲੋਕ ਸਭਾ ਮੈਂਬਰ ਤੇ ਦੋ ਵਾਰ ਕਾਂਗਰਸੀ ਵਿਧਾਇਕ ਤੇ ਕੈਪਟਨ ਅਮਰਿੰਦਰ ਸਰਕਾਰ 'ਚ ਦੋ ਸਾਲ ਤੋਂ ਵਧ ਕੈਬਨਿਟ ਮੰਤਰੀ ਰਹੇ, ਮਗਰੋਂ 23 ਜੁਲਾਈ 2021 ਤੋਂ ਪਾਰਟੀ ਪ੍ਰਧਾਨ ਨਿਯੁਕਤ ਕੀਤੇ ਨਵਜੋਤ ਸਿੱਧੂ ਨੂੰ ਹੁਣ ਜੇਲ ਰਿਹਾਈ ਮਗਰੋਂ ਵੈਟਰਨ ਕਾਂਗਰਸੀ ਨੇਤਾ ਤੇ ਸਾਬਕਾ ਪਾਰਟੀ ਪ੍ਰਧਾਨ ਰਹੇ ਸ਼ਮਸ਼ੇਰ ਸਿੰਘ ਦੂਲੋ, ਮਹਿੰਦਰ ਸਿੰਘ ਕੇ.ਪੀ., ਬੀਬੀ ਰਜਿੰਦਰ ਕੌਰ ਭੱਠਲ, ਸ. ਲਾਲ ਸਿੰਘ ਤੇ ਹੋਰਨਾਂ ਨੇਤਾਵਾਂ ਦਾ ਗਰੁਪ ਵਾਪਸ ਖੁੱਸੀ ਤਾਕਤ ਵਾਪਸ ਲਿਆਉਣ ਵਾਸਤੇ ਸਿਆਸੀ ਫੀਲਡ 'ਚ ਉਤਾਰਨਾ ਚਾਹੁੰਦਾ ਹੈ |
ਇਹ ਵੈਟਰਨ ਗਰੁੱਪ ਮੌਜੂਦਾ ਕਾਂਗਰਸ ਪ੍ਰਧਾਨ ਤੇ ਉਸ ਦੀ ਟੋਲੀ ਬਾਰੇ ਕਹਿ ਰਿਹਾ ਹੈ ਕਿ ਪ੍ਰਗਟ ਸਿੰਘ, ਕਿੱਕੀ ਢਿੱਲੋਂ, ਮਨਪ੍ਰੀਤ ਬਾਦਲ ਅਤੇ ਇਕ-ਦੋ ਹੋਰ 2017 ਵਿਧਾਨ ਸਭਾ ਚੋਣਾਂ ਤੋਂ ਕੱੁਝ ਦਿਨ ਪਹਿਲਾਂ ਦੂਜੀਆਂ ਪਾਰਟੀਆਂ 'ਚੋਂ ਆਏ ਤੇ ਕਾਂਗਰਸ ਦਾ ਫ਼ਾਇਦਾ ਉਠਾ ਕੇ ਮਗਰੋਂ ਇਸ ਨੂੰ ਡੋਬ ਗਏ | ਉਨ੍ਹਾਂ ਦੀ ਇਹ ਵੀ ਸੋੋਚ ਹੈ ਕਿ ਪ੍ਰਧਾਨ ਦੀ ਟੀਮ ਦੇ ਸਾਥੀ ਭਾਰਤ ਭੂਸ਼ਣ ਆਸ਼ੂ ਜੇਲ 'ਚ ਹਨ, ਭਿ੍ਸ਼ਟਾਚਾਰ 'ਚ ਗਲਤਾਨ ਸ਼ਾਮ ਸੁੰਦਰ ਅਰੋੜਾ ਬੀ.ਜੇ.ਪੀ. 'ਚ ਸ਼ਾਮਲ ਹੋ ਗਏ, ਕੈਪਟਨ ਤੇ ਉਸ ਦਾ ਸਾਥੀ ਵੀ ਮੌਕੇ ਵੇਖ ਬੀ.ਜੇ.ਪੀ 'ਚ ਜਾ ਵੜੇ ਅਤੇ ਇਸ ਸਿਆਸੀ ਸੰਕਟ 'ਚੋਂ ਕਾਂਗਰਸ ਨੂੰ ਕੱਢਣ ਵਾਸਤੇ ਇਕੋ-ਇਕ ਇਮਾਨਦਾਰ ਤੇ ਧਾਕੜ ਸਿੱਧੂ ਹੀ ਸਹਾਈ ਹੋ ਸਕਦਾ ਹੈ |
ਵੈਟਰਨ ਗਰੁੱਪ ਦੀ ਇਹ ਸਕੀਮ ਹੈ ਕਿ ਗਣਤੰਤਰ ਦਿਵਸ ਮੌਕੇ ਰਿਹਾਈ ਉਪਰੰਤ ਨਵਜੋਤ ਸਿੱਧੂ ਦਾ ਸਨਮਾਨ ਢੋਲ ਢਮੱਕੇ ਤੇ ਵਾਜੇ-ਗਾਜੇ ਨਾਲ ਕਰਨਾ ਹੈ, ਮਗਰੋਂ ਉਸ ਨੂੰ ਪਟਿਆਲਾ ਦੇ ਗੁਰਦਵਾਰੇ ਦੂਖ ਨਿਵਾਰਨ ਸਾਹਿਬ, ਕਾਲੀ ਦੇਵੀ ਮੰਦਰ ਤੇ ਪੀਰਾਂ ਦੀ ਮਜ਼ਾਰ 'ਤੇ ਮੱਥਾ ਟਿਕਾਉਣਾ ਹੈ | ਫ਼ਰਵਰੀ-ਮਾਰਚ ਤੋਂ ਵੱਡੀਆਂ-ਛੋਟੀਆਂ ਰੈਲੀਆਂ ਦਾ ਪ੍ਰਬੰਧ ਕਰ ਕੇ ਕਾਂਗਰਸ 'ਚ ਨਵੀਂ ਜਾਨ ਪਾਉਣੀ ਹੈ | ਇਸ ਸਕੀਮ 'ਤੇ ਮੌਜੂਦਾ ਕਾਂਗਰਸ ਪ੍ਰਧਾਨ ਤੇ ਉਸ ਦੀ ਟੀਮ ਦੀ ਚਿੰਤਾ ਵਧੀ ਹੈ |