15 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤੇ ਕਾਬੂ
ਚੰਡੀਗੜ੍ਹ: ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਕਾਰਵਾਈ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਤਾਇਨਾਤ ਪੀ.ਐਸ.ਪੀ.ਸੀ.ਐਲ. ਦੇ ਜੂਨੀਅਰ ਇੰਜੀਨੀਅਰ ਨਿਰਮਲ ਸਿੰਘ ਅਤੇ ਸਰਕਾਰੀ ਮਨਜ਼ੂਰਸ਼ੁਦਾ ਠੇਕੇਦਾਰ ਸਤਨਾਮ ਸਿੰਘ ਨੂੰ ਸ਼ਿਕਾਇਤਕਰਤਾ ਤੋਂ 15000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਕਿਹਾ ਕਿ ਸ਼ਿਕਾਇਤਕਰਤਾ, ਜੋ ਇੱਕ ਟੈਕਸੀ ਡਰਾਈਵਰ ਹੈ, ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਦਾ ਵਾਸੀ ਹੈ, ਜਿਸ ਕੋਲ ਪਿੰਡ ਵਿੱਚ 13 ਮਰਲੇ ਦਾ ਪਲਾਟ ਹੈ ਅਤੇ ਇਸ ਪਲਾਟ ਵਿੱਚੋਂ ਤਿੰਨ-ਫੇਜ਼ ਤਾਰਾਂ ਉਸਦੇ ਪਿੰਡ ਦੇ ਕਾਂਤਾ ਪੁੱਤਰ ਦੇਸਾ ਸਿੰਘ ਦੀ ਮੋਟਰ ਤੱਕ ਜਾਂਦੀਆਂ ਸਨ। ਸ਼ਿਕਾਇਤਕਰਤਾ ਨੇ ਪੀ.ਐਸ.ਪੀ.ਸੀ.ਐਲ. ਸਬ ਡਿਵੀਜ਼ਨ ਦਸੂਹਾ ਨੂੰ ਇੱਕ ਅਰਜ਼ੀ ਦਿੱਤੀ, ਜਿਸ ਵਿੱਚ ਬੇਨਤੀ ਕੀਤੀ ਗਈ ਸੀ ਕਿ ਇਹ ਤਾਰਾਂ ਉਸਦੇ ਪਲਾਟ ਦੇ ਇੱਕ ਪਾਸੇ ਵੱਲ ਤਬਦੀਲ ਕਰ ਦਿੱਤੀਆਂ ਜਾਣ।
ਉਨ੍ਹਾਂ ਅੱਗੇ ਦੱਸਿਆ ਕਿ ਜੇ.ਈ. ਨਿਰਮਲ ਸਿੰਘ ਨੇ ਸਾਈਟ ਸਰਵੇ ਕੀਤਾ ਅਤੇ ਸ਼ਿਕਾਇਤਕਰਤਾ ਤੋਂ ਅਨੁਮਾਨ ਤਿਆਰ ਕਰਨ ਲਈ 5,000 ਰੁਪਏ ਦੀ ਮੰਗ ਕੀਤੀ। ਇਹ ਰਿਸ਼ਵਤ ਦੀ ਰਕਮ ਲੈਣ ਤੋਂ ਬਾਅਦ, ਉਸਨੇ ਅਨੁਮਾਨ ਲਗਾਇਆ ਅਤੇ ਰਿਸ਼ਵਤ ਵਜੋਂ 5,000 ਰੁਪਏ ਹੋਰ ਦੀ ਮੰਗ ਕੀਤੀ।
ਇਸ ਤੋਂ ਬਾਅਦ,ਜੇਈ ਨਿਰਮਲ ਸਿੰਘ ਅਤੇ ਠੇਕੇਦਾਰ ਸਤਨਾਮ ਸਿੰਘ ਦੁਬਾਰਾ ਸ਼ਿਕਾਇਤਕਰਤਾ ਦੇ ਘਰ ਗਏ। ਇਸ ਮੁਲਾਕਾਤ ਦੌਰਾਨ ਜੇਈ ਨਿਰਮਲ ਸਿੰਘ ਨੇ ਦੱਸਿਆ ਕਿ ਠੇਕੇਦਾਰ ਤਾਰਾਂ ਬਦਲਣ ਲਈ 12,000 ਰੁਪਏ ਦੀ ਮੰਗ ਕਰ ਰਿਹਾ ਸੀ ਅਤੇ ਗੱਲਬਾਤ ਤੋਂ ਬਾਅਦ ਸ਼ਿਕਾਇਤਕਰਤਾ 10,000 ਰੁਪਏ ਦੇਣ ਲਈ ਸਹਿਮਤ ਹੋ ਗਿਆ। ਉਸਨੇ ਅੱਗੇ ਦੱਸਿਆ ਕਿ ਜੇਈ ਨਿਰਮਲ ਸਿੰਘ ਨੇ ਉਸ ਨੂੰ ਬਾਕੀ 5,000 ਰੁਪਏ ਦੇਣ ਬਾਰੇ ਵੀ ਪੁੱਛਿਆ। ਸ਼ਿਕਾਇਤਕਰਤਾ ਨੇ ਜਵਾਬ ਦਿੱਤਾ ਕਿ ਉਹ ਰਕਮ ਉਸੇ ਦਿਨ ਦੇਵੇਗਾ, ਜਿਸ ਦਿਨ ਉਸਦਾ ਕੰਮ ਕੀਤਾ ਜਾਵੇਗਾ। ਠੇਕੇਦਾਰ ਸਤਨਾਮ ਸਿੰਘ ਨੇ ਪ੍ਰਵਾਨਿਤ ਨਕਸ਼ੇ ਅਨੁਸਾਰ ਤਾਰਾਂ ਬਦਲ ਦਿੱਤੀਆਂ, ਪਰ ਸ਼ਿਕਾਇਤਕਰਤਾ ਨੇ ਉਸ ਦਿਨ ਰਿਸ਼ਵਤ ਨਹੀਂ ਦਿੱਤੀ।
ਉਨ੍ਹਾਂ ਦੱਸਿਆ ਕਿ ਸਰਕਾਰੀ ਫੀਸ ਪਹਿਲਾਂ ਹੀ ਜਮ੍ਹਾਂ ਕਰਵਾ ਦਿੱਤੀ ਗਈ ਸੀ, ਪਰ ਦੋਵੇਂ ਮੁਲਜ਼ਮ ਵਾਰ-ਵਾਰ ਸ਼ਿਕਾਇਤਕਰਤਾ ਨੂੰ ਫ਼ੋਨ ਕਰਦੇ ਰਹੇ ਅਤੇ ਰਿਸ਼ਵਤ ਦੀ ਰਕਮ ਦੀ ਮੰਗ ਕਰਦੇ ਰਹੇ। ਸ਼ਿਕਾਇਤਕਰਤਾ ਨੇ ਆਪਣੇ ਮੋਬਾਈਲ ਫੋਨ 'ਤੇ ਆਡੀਓ ਗੱਲਬਾਤ ਰਿਕਾਰਡ ਕਰ ਲਈ ਅਤੇ ਇਸ ਉਪਰੰਤ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੀਤੀ।
ਸ਼ਿਕਾਇਤਕਰਤਾ ਦੀ ਜਾਣਕਾਰੀ 'ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਨੇ ਵਿਜੀਲੈਂਸ ਬਿਊਰੋ ਯੂਨਿਟ ਜਲੰਧਰ ਵਿਖੇ ਸ਼ਿਕਾਇਤਕਰਤਾ ਦਾ ਰਿਕਾਰਡ ਮਿਲਿਆ। ਦੋਸ਼ਾਂ ਦੀ ਪੁਸ਼ਟੀ ਕਰਨ ਤੋਂ ਬਾਅਦ, ਵਿਜੀਲੈਂਸ ਬਿਊਰੋ ਟੀਮ ਨੇ ਜਾਲ ਵਿਛਾ ਕੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 15000 ਰੁਪਏ ਦੀ ਰਿਸ਼ਵਤ ਲੈਂਦਿਆਂ ਦੋਵਾਂ ਮੁਲਜ਼ਮਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।
ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਥਾਣਾ ਵਿਜੀਲੈਂਸ ਬਿਊਰੋ, ਰੇਂਜ ਜਲੰਧਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਜਾਂਚ ਜਾਰੀ ਹੈ।
