
ਰੇਤ ਮਾਫ਼ੀਆ ਨੂੰ ਸਿਆਸੀ ਸਰਪ੍ਰਸਤੀ ਮੁੜ ਚਰਚਾ 'ਚ
ਚੰਡੀਗੜ੍ਹ : ਪੰਜਾਬ ਅੰਦਰਲੇ ਰੇਤ ਮਾਫੀਆ ਦੇ ਕਾਰਨਾਮੇ ਕਿਸੇ ਤੋਂ ਲੁਕੇ ਛੁਪੇ ਨਹੀਂ ਹਨ। ਰੇਤ ਦੀ ਕਾਲਾ-ਬਾਜ਼ਾਰੀ ਦਾ ਧੰਦੇ ਦੀਆਂ ਖ਼ਬਰਾਂ ਲੰਮੇ ਸਮੇਂ ਤੋਂ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਆ ਰਹੀਆਂ ਹਨ। ਰੇਤ ਮਾਫੀਆ ਨੂੰ ਸਿਆਸੀ ਸਰਪ੍ਰਸਤੀ ਦੀਆਂ ਤੋਹਮਤਾਂ ਇਕ-ਦੂਜੇ 'ਤੇ ਲਾਉਣਾ ਸਿਆਸੀ ਧਿਰਾਂ ਦਾ ਪੁਰਾਣਾ ਤਕੀਆ-ਕਲਾਮ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸੱਤਾ 'ਤੇ ਲਗਾਤਾਰ 10 ਸਾਲ ਤਕ ਕਾਬਜ਼ ਰਿਹਾ ਹੈ। ਇਸ ਦੌਰਾਨ ਸੱਤਾਧਾਰੀ ਧਿਰ 'ਤੇ ਰੇਤ ਮਾਫੀਆ ਨੂੰ ਸਰਪ੍ਰਸਤੀ ਦੇਣ ਦੇ ਦੋਸ਼ ਲਗਭਗ ਸਾਰੀਆਂ ਵਿਰੋਧੀ ਧਿਰਾਂ ਆਮ ਹੀ ਲਾਉਂਦੀਆਂ ਸਨ, ਜਿਨ੍ਹਾਂ 'ਚ ਕਾਂਗਰਸ ਮੁੱਖ ਸੀ। ਇਸੇ ਕਾਰਨ ਅਕਾਲੀ ਦਲ ਨੂੰ ਚੋਣਾਂ 'ਚ ਵੱਡਾ ਨੁਕਸਾਨ ਸਹਿਣਾ ਪਿਆ ਸੀ। 10 ਸਾਲ ਲਗਾਤਾਰ ਸੱਤਾ 'ਤੇ ਕਾਬਜ਼ ਰਹਿਣ ਦੇ ਬਾਵਜੂਦ ਉਹ ਅਪਣਾ ਵਿਰੋਧੀ ਧਿਰ ਰੁਤਬਾ ਵੀ ਗੁਆ ਬੈਠੀ ਸੀ। ਇਸ ਦਾ ਸਭ ਤੋਂ ਕਾਰਨ ਰੇਤ ਮਾਫ਼ੀਆ ਨਾਲ ਸਰਕਾਰ ਦੀ ਭਾਈਵਾਲੀ ਨੂੰ ਮੰਨਿਆ ਜਾਂਦਾ ਰਿਹਾ ਹੈ।
Photo
ਮੌਜੂਦਾ ਸਮੇਂ ਇਹੀ ਹਾਲਤ ਸੱਤਾਧਾਰੀ ਧਿਰ ਕਾਂਗਰਸ ਦੀ ਬਣਦੀ ਜਾ ਰਹੀ ਹੈ। ਕਾਂਗਰਸ ਦੇ ਰਾਜ ਅੰਦਰ ਵੀ ਰੇਤ ਮਾਫ਼ੀਆ ਨੂੰ ਸਿਆਸੀ ਸਰਪ੍ਰਸਤੀ ਦੇ ਇਲਜ਼ਾਮ ਲੱਗਦੇ ਆ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰੇਤ ਮਾਫ਼ੀਆ ਦੀਆਂ ਕਰਤੂਤਾਂ ਹਵਾਈ ਜਹਾਜ਼ ਰਾਹੀਂ ਵੇਖ ਲੈਣ ਤੋਂ ਬਾਅਦ ਸਤਲੁਜ ਦਰਿਆ ਅੰਦਰ ਹੋ ਰਹੀ ਰੇਤ ਦੀ ਚੋਰ-ਬਜ਼ਾਰੀ 'ਤੇ ਕਾਫ਼ੀ ਹੱਦ ਤਕ ਰੋਕ ਲੱਗ ਗਈ ਸੀ। ਪਰ ਹੁਣ ਰੇਤ ਮਾਫ਼ੀਏ ਦੀ ਸਰਗਰਮੀ ਦੇ ਕਿੱਸੇ ਮੁੜ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਪਿਛਲੇ ਕੁੱਝ ਦਿਨਾਂ ਦੌਰਾਨ ਰੇਤ ਮਾਫੀਆ ਨਾਲ ਹੋਈਆਂ ਝੜਪਾਂ 'ਚ ਦੋ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਵਿਰੋਧੀ ਧਿਰ ਖ਼ਾਸ ਕਰ ਕੇ ਅਕਾਲੀ ਦਲ ਇਸ ਲਈ ਸਰਕਾਰ 'ਤੇ ਹੱਲਾ ਬੋਲ ਰਹੀ ਹੈ।
Photo
ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਸੂਬੇ ਦੇ ਕੁਦਰਤੀ ਸਰੋਤਾਂ ਦੀ ਸ਼ਰੇਆਮ ਹੋ ਰਹੀ ਲੁੱਟ ਲਈ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ। ਚੰਦੂਮਾਜਰਾ ਨੇ ਕਿਹਾ ਕਿ ਸੂਬੇ ਅੰਦਰ ਰੇਤ ਮਾਫ਼ੀਆ ਵਲੋਂ ਬੇਰੋਕ ਕੀਤੀ ਜਾ ਰਹੀ ਨਾਜਾਇਜ਼ ਮਾਇਨਿੰਗ ਕਾਰਨ 2 ਕੀਮਤੀ ਜਾਨਾਂ ਚਲੀਆਂ ਗਈਆਂ ਹਨ। ਅਕਾਲੀ ਆਗੂ ਅਨੁਸਾਰ ਇਹ ਪਹਿਲੀ ਘਟਨਾ ਨਹੀਂ ਹੈ। ਪਿਛਲੇ ਕਈ ਮਹੀਨਿਆਂ ਦੌਰਾਨ ਇਸ ਇਲਾਕੇ ਦੇ ਕਈ ਨਾਗਰਿਕ ਰੇਤ ਮਾਫ਼ੀਆ ਦੀ ਹਿੰਸਾ ਦਾ ਸ਼ਿਕਾਰ ਹੋ ਚੁੱਕੇ ਹਨ।
Photo
ਉਨ੍ਹਾਂ ਕਿਹਾ ਕਿ ਸ਼ੋਮਣੀ ਅਕਾਲੀ ਦਲ ਨੇ ਇਲਾਕੇ ਦੇ ਮਾਇਨਿੰਗ ਠੇਕੇਦਾਰ ਅਤੇ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਵਿਰੁਧ ਧਾਰਾ 302 ਤਹਿਤ ਕੇਸ ਦਰਜ ਕਰਨ ਆਖਿਆ ਹੈ। ਉਨ੍ਹਾਂ ਕਿਹਾ ਕਿ ਰੇਤ ਮਾਫ਼ੀਆ ਨੂੰ ਮੰਤਰੀ ਤੇ ਵਿਧਾਇਕਾ ਦੀ ਸਰਪ੍ਰਸਤੀ ਹਾਸਿਲ ਹੈ। ਚੰਦੂਮਾਜਰਾ ਨੇ ਕਿਹਾ ਕਿ ਰੇਤ ਮਾਫ਼ੀਆ ਸਰਕਾਰ ਨੂੰ 150 ਕਰੋੜ ਦਾ ਚੂਨਾ ਲਗਾ ਚੁੱਕਾ ਹੈ। ਜਦਕਿ ਵਿੱਤ ਮੰਤਰੀ ਸਰਕਾਰੀ ਖਜ਼ਾਨਾ ਖ਼ਾਲੀ ਹੋਣ ਦਾ ਢੰਡੋਰਾ ਪਿੱਟ ਰਹੇ ਹਨ।
Photo
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਰੇਤ ਮਾਫੀਆ ਦੀ ਲੁੱਟ ਨੂੰ ਰੋਕ ਕੇ ਸਰਕਾਰੀ ਖਜ਼ਾਨੇ ਨੂੰ ਠੁਮਣਾ ਦਿਤਾ ਜਾ ਸਕਦਾ ਹੈ ਜਿਸ 'ਚ ਕਾਂਗਰਸ ਸਰਕਾਰ ਅਸਫ਼ਲ ਸਿੱਧ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਰੇਤੇ ਦੀ ਲੁੱਟ ਦੀ ਸੀਬੀਆਈ ਜਾਂਚ ਦੀ ਮੰਗ ਕਰਦੇ ਹਾਂ ਕਿਉਂਕਿ ਰੇਤ ਮਾਫ਼ੀਆ ਵਲੋਂ ਦਰਿਆਵਾਂ ਦੀ ਖੂਬਸੂਰਤੀ ਤੇ ਜਲਵਾਯੂ ਨੂੰ ਤਬਾਹ ਕੀਤਾ ਜਾ ਰਿਹਾ ਹੈ। ਇਸ ਰੁਝਾਨ ਦੇ ਜਾਰੀ ਰਹਿਣ ਨਾਲ ਪੰਜਾਬ ਵਾਸੀਆਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।