
ਲੱਖਾਂ ਰੁਪਏ ਖ਼ਰਚ ਕੇ ਵੀ ਸ਼੍ਰੋਮਣੀ ਕਮੇਟੀ ਦੇ ਸਮਾਗਮਾਂ ’ਚ ਨਹੀਂ ਹੋਈ ਹਾਜ਼ਰੀ
ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਅਤੇ ਤਿੰਨੋਂ ਹਲਕਾ ਇੰਚਾਰਜਾਂ ਦੀ ਕਾਰਗੁਜ਼ਾਰੀ ’ਤੇ ਲਗਿਆ ਸਵਾਲੀਆ ਨਿਸ਼ਾਨ?
ਫ਼ਤਿਹਗੜ੍ਹ ਸਾਹਿਬ, 26 ਦਸੰਬਰ (ਸਵਰਨਜੀਤ ਸਿੰਘ ਸੇਠੀ): ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਵਾਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਜਗਤ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਕੁਰਬਾਨੀ ਨੂੰ ਮੁੱਖ ਰੱਖ ਕੇ ਅੱਜ ਸ਼ਹੀਦੀ ਸਭਾ ਦੇ ਦੂਜੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਹਲਕਿਆਂ ਦੇ ਪ੍ਰੋਗਰਾਮਾਂ ਉਪਰ ਉਸ ਸਮੇਂ ਸਵਾਲੀਆ ਨਿਸ਼ਾਨ ਲੱਗ ਗਿਆ ਜਦੋਂ ਲੱਖਾਂ ਰੁਪਏ ਖ਼ਰਚ ਕੇ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਸਾਹਮਣੇ ਬਣਾਏ ਪੰਡਾਲ ਵਿਚ ਸੰਗਤਾਂ ਦੀ ਹਾਜ਼ਰੀ ਨਾਂਮਾਤਰ ਰਹੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਜਦੋਂ ਦੁਪਹਿਰ 12:30 ਵਜੇ ਪਹੁੰਚੀ। ਉਸ ਸਮੇਂ ਇਸ ਪੰਡਾਲ ਵਿਚ ਗਿਆਨੀ ਗੁਰਦੇਵ ਸਿੰਘ ਕੋਮਲ ਦਾ ਇੰਟਰਨੈਸ਼ਨਲ ਪੰਥਕ ਢਾਡੀ ਜਥਾ ਸੰਧੂਆਂ ਧਾਰਮਕ ਪ੍ਰੋਗਰਾਮ ਪੇਸ਼ ਕਰ ਰਿਹਾ ਸੀ ਜਦੋਂ ਕਿ ਪੰਡਾਲ ਖ਼ਾਲੀ ਸੀ। ਇਸੇ ਤਰ੍ਹਾਂ ਬੀਬੀ ਜਗੀਰ ਕੌਰ ਦੀ ਆਮਦ ਮੌਕੇ ਸਮੂਹ ਲੀਡਰਸ਼ਿਪ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਅਤੇ ਮੁਲਾਜ਼ਮ ਉਸ ਦੀ ਚਾਪਲੂਸੀ ਲਈ ਅੱਗੇ-ਪਿੱਛੇ ਹੋਏ ਫਿਰਦੇ ਸਨ।
ਪ੍ਰੈਸ ਕਾਨਫ਼ਰੰਸ ਦੌਰਾਨ ਜਦੋਂ ਬੀਬੀ ਜਗੀਰ ਕੌਰ ਨੂੰ ਵਿਰੋਧੀ ਦਲਾਂ ਵਲੋਂ ਉਠਾਏ ਜਾ ਰਹੇ ਸਵਾਲਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਤੋਂ ਪਾਸਾ ਵਟਦਿਆਂ ਕਿਹਾ ਕਿ ਉਹ ਤਾਂ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਭੇਟ ਕਰਨ ਆਏ ਹਨ ਅਤੇ ਸਮਾਗਮ ਖ਼ਤਮ ਹੋਣ ਉਪਰੰਤ ਹੀ ਹੋਰ ਕੋਈ ਗੱਲ ਕਰ ਸਕਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਦੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ, ਸਤਵਿੰਦਰ ਸਿੰਘ ਟੌਹੜਾ ਸਮੇਤ ਕਈ ਪਤਵੰਤੇ ਹਾਜ਼ਰ ਸਨ।