
ਵਿਰੋਧੀ ਪਾਰਟੀਆਂ ਕਿਸਾਨੀ ਸੰਘਰਸ਼ ਨੂੰ ਸਿਆਸੀ ਲੜਾਈ ਬਣਾਉਣ ਲਗੀਆਂ: ਅਸ਼ਵਨੀ ਸ਼ਰਮਾ
ਬਠਿੰਡਾ, 26 ਦਸੰਬਰ (ਸੁਖਜਿੰਦਰ ਮਾਨ) : ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੋਸ਼ ਲਗਾਇਆ ਹੈ ਕਿ ਵਿਰੋਧੀ ਪਾਰਟੀਆਂ ਕਿਸਾਨੀ ਸੰਘਰਸ਼ ਨੂੰ ਹੁਣ ਸਿਆਸੀ ਲੜਾਈ ਬਣਾ ਰਹੀਆਂ ਹਨ। ਬੀਤੇ ਕੱਲ ਕਿਸਾਨਾਂ ਨਾਲ ਹੋਈ ਝੜਪ ਤੋਂ ਬਾਅਦ ਬਠਿੰਡਾ ਪੁੱਜੇ ਸ਼੍ਰੀ ਸ਼ਰਮਾ ਨੇ ਪਾਰਟੀ ਵਰਕਰਾਂ ਨੂੰ ਤਕੜਾ ਕਰਦਿਆਂ ਦਾਅਵਾ ਕੀਤਾ ਕਿ ਹੁਣ ਡਾਂਗ ਦਾ ਜਵਾਬ ਡਾਂਗ ਨਾਲ ਹੀ ਦਿਤਾ ਜਾਵੇਗਾ।
ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਕਿਸਾਨਾਂ ਦੇ ਹੱਕ ’ਚ ਹੈ ਤੇ ਇਸਦੇ ਲਈ ਮੋਦੀ ਸਰਕਾਰ ਖੇਤੀ ਬਿਲਾਂ ’ਚ ਸੋਧਾਂ ਲਈ ਤਿਆਰ ਹੈ ਪ੍ਰੰਤੂ ‘ਹਾਂ ਜਾ ਨਾਂ’ ’ਤੇ ਡਟੇ ਰਹਿਣਾ ਲੋਕਤੰਤਰੀ ਪ੍ਰਣਾਲੀ ਨਹੀਂ। ਦਸਣਾ ਬਣਦਾ ਹੈ ਕਿ ਅਸਵਨੀ ਸ਼ਰਮਾ ਦੀ ਬਠਿੰਡਾ ਆਮਦ ਨੂੰ ਲੈ ਕੇ ਪੁਲਿਸ ਵਲੋਂ ਮਿੱਤਲ ਮਾਲ ਸਥਿਤ ਇਲਾਕੇ ਨੂੰ ਪੂਰੀ ਤਰ੍ਹਾਂ ਪੁਲਿਸ ਛਾਉਣੀ ਵਿਚ ਤਬਦੀਲ ਕੀਤਾ ਹੋਇਆ ਸੀ। ਐਸ.ਐਸ.ਪੀ ਭੁਪਿੰਦਰਜੀਤ ਸਿੰਘ ਵਿਰਕ ਅਤੇ ਸਿਵਲ ਪ੍ਰਸ਼ਾਸਨ ਵਲੋਂ ਏਡੀਸੀ ਰਾਜਦੀਪ ਸਿੰਘ ਬਰਾੜ ਖ਼ੁਦ ਮੌਕੇ ’ਤੇ ਹਾਜ਼ਰ ਰਹੇ।
ਅੱਜ ਤਸੱਲੀ ਵਾਲੀ ਗੱਲ ਇਹ ਰਹੀ ਕਿ ਕਿਸਾਨਾਂ ਵਲੋਂ ਭਾਜਪਾ ਦੀ ਮੀਟਿੰਗ ਨਜ਼ਦੀਕ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਸ਼ਾਂਤਮਈ ਤਰੀਕੇ ਨਾਲ ਨਾਹਰੇਬਾਜ਼ੀ ਕੀਤੀ ਜਾਂਦੀ ਰਹੀ ਪ੍ਰੰਤੂ ਪ੍ਰੋਗਰਾਮ ਵਿਚ ਖਲਲ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਮੌਕੇ ਸ਼ਰਮਾ ਨੇ ਇਕ ਹੋਟਲ ਵਿਚ ਪਾਰਟੀ ਦੇ ਕਈ ਜ਼ਿਲਿ੍ਹਆਂ ਤੋਂ ਪੁੱਜੇ ਵਰਕਰਾਂ ਤੇ ਆਗੂਆਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਵਿਰੋਧੀਆਂ ਦੀ ਸਾਜ਼ਸ ਨੂੰ ਬੇਨਕਾਬ ਕਰਨ ਲਈ ਕਿਹਾ।
ਪਾਰਟੀ ਪ੍ਰਧਾਨ ਨੇ ਕਿਹਾ ਕਿ ਵਿਰੋਧੀਆਂ ਦੀ ਸ਼ਾਜਸ ਹੈ ਕਿ ਭਾਜਪਾ ਵਰਕਰਾਂ ਨੂੰ ਅਜਿਹੇ ਹਮਲੇ ਕਰਵਾ ਕੇ ਘਰਾਂ ਦੇ ਅੰਦਰ ਬੰਦ ਕੀਤਾ ਜਾਵੇ ਤਾਂ ਕਿ ਉਹ ਅਪਣੀਆਂ ਸਿਆਸੀ ਗਤੀਵਿਧੀਆਂ ਨਾ ਕਰ ਸਕਣ ਪ੍ਰੰਤੂ ਅਜਿਹਾ ਸੰਭਵ ਨਹੀਂ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਅੰਦੋਲਨ ਦਾ ਰਾਹ ਛੱਡ ਕੇ ਸਰਕਾਰ ਨਾਲ ਟੇਬਲ ਟਾਕ ਕਰਨ ਕਿਉਕਿ ਪ੍ਰਧਾਨ ਮੰਤਰੀ ਵਲੋਂ ਰਾਸਟਰ ਦੇ ਨਾਮ ਸੰਬੋਧਨ ਮੌਕੇ ਐਲਾਨ ਕੀਤਾ ਗਿਆ ਕਿ ਉਹ ਸਿਰ ਝੁਕਾ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹਨ।
ਉਨ੍ਹਾਂ ਬੀਜੇਪੀ ਵਰਕਰਾਂ ਦੀ ਹੋਈ ਕੁੱਟਮਾਰ ਤੇ ਸਮਾਗਮ ਵਿਚ ਖਲਲ ਪਾਉਣ ਵਾਲਿਆਂ ਵਿਰੁਧ ਮਾਮਲਾ ਦਰਜ ਕਰਨ ਦੀ ਮੰਗ ਰਖਦਿਆਂ ਕਿਹਾ ਕਿ ਉਹ ਪਰਚਾ ਦਰਜ ਕਰਵਾਏ ਤੋਂ ਬਿਨ੍ਹਾਂ ਬਠਿਡਾ ਤੋਂ ਨਹੀਂ ਜਾਣਗੇ। ਬਠਿੰਡਾ ਫ਼ੇਰੀ ਦੌਰਾਨ ਉਹ ਸ਼ਹਿਰ ਵਿਚ ਕੁੱਝ ਵਰਕਰਾਂ ਦਾ ਹਾਲਚਾਲ ਪੁਛਣ ਵੀ ਗਏ।
ਇਸ ਮੌਕੇ ਉਨਾਂ ਨਾਲ ਦਿਆਲ ਦਾਸ ਸੋਢੀ, ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ, ਸੀਨੀਅਰ ਆਗੂ ਅਸੋਕ ਭਾਰਤੀ, ਮੋਹਨ ਲਾਲ ਗਰਗ, ਸੁਖਪਾਲ ਸ਼ਰਾਂ, ਅਸੋਕ ਬਾਲਿਆਵਾਲੀ, ਵਰਿੰਦਰ ਸ਼ਰਮਾ, ਉਮੇਸ਼ ਗਰਗ, ਰਾਜੇਸ ਨੌਨੀ, ਪ੍ਰਿਤਪਾਲ ਸਿੰਘ ਬੀਬੀਵਾਲਾ, ਗੁਰਜੀਤ ਸਿੰਘ ਮਾਨ ਆਦਿ ਹਾਜ਼ਰ ਸਨ।
ਇਸ ਖ਼ਬਰ ਨਾਲ ਸਬੰਧਤ ਫੋਟੋ 26 ਬੀਟੀਆਈ 02 ਨੰਬਰ ਵਿਚ ਭੇਜੀ ਜਾ ਰਹੀ ਹੈ।
ਫ਼ੋਟੋ: ਇਕਬਾਲ ਸਿੰਘ
ਸਰਕਾਰ ਖੇਤੀ ਬਿਲਾਂ ’ਚ ਸੋਧਾਂ ਲਈ ਤਿਆਰ