
ਯੂ.ਪੀ. ਦੇ ਕਿਸਾਨਾਂ ਨੇ ਜ਼ਾਹਰ ਕੀਤੀ ਨਰਾਜ਼ਗੀ, ਕਿਹਾ, ਉਮੀਦਾਂ ’ਤੇ ਖਰੀ ਨਹੀਂ ਉਤਰੀ ਸਰਕਾਰ
ਨਵੀਂ ਦਿੱਲੀ, 26 ਦਸੰਬਰ (ਸ਼ੈਸ਼ਵ ਨਾਗਰਾ): ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪੰਜਾਬ-ਹਰਿਆਣਾ ਸਮੇਤ ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਆਦਿ ਸੂਬਿਆਂ ਦੇ ਕਿਸਾਨ ਦਿੱਲੀ ਦੀਆਂ ਹੱਦਾਂ ’ਤੇ ਡਟੇ ਹੋਏ ਹਨ। ਇਸ ਦੌਰਾਨ ਕਿਸਾਨ ਇਥੇ ਅਪਣੀਆਂ ਲੋੜਾਂ ਦਾ ਸਮਾਨ ਨਾਲ ਲੈ ਕੇ ਪਹੁੰਚੇ ਹਨ ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਥੋਂ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਜਾਣਗੇ ਚਾਹੇ ਉਨ੍ਹਾਂ ਨੂੰ ਅਖ਼ੀਰ ਤਕ ਇਥੇ ਬੈਠਣਾ ਪਵੇ। ਯੂਪੀ ਦੇ ਕਿਸਾਨਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਉਹ ਅਪਣੇ ਘਰ ਬੋਲ ਕੇ ਆਏ ਹਨ ਕਿ ਹੁਣ ਉਹ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਜਾਣਗੇ। ਉਹ ਅਪਣੇ ਕਿਸਾਨ ਭਰਾਵਾਂ ਲਈ ਸ਼ਹੀਦੀ ਦੇਣ ਨੂੰ ਵੀ ਤਿਆਰ ਹਨ। ਕਿਸਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨਾਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਨਹੀਂ ਕਰ ਰਹੇ। ਸਰਕਾਰ ਘੁੰਮਾ-ਫਿਰਾ ਕੇ ਗੱਲਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਕਿਸਾਨਾਂ ਨਾਲ ਗ਼ਦਾਰੀ ਕਰਨ ਲਈ ਵੋਟ ਨਹੀਂ ਦਿਤੀ ਸੀ। ਯੂਪੀ ਦੇ ਕਿਸਾਨਾਂ ਨੇ ਦਸਿਆ ਕਿ ਉਹ ਅਪਣੇ ਟਰੈਕਟਰ-ਟਰਾਲੀਆਂ ਲੈ ਕੇ ਦਿੱਲੀ ਆਏ ਹਨ ਤੇ ਘਰ ਦੇ ਕੰਮ ਉਨ੍ਹਾਂ ਦੇ ਬੱਚੇ ਸੰਭਾਲ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਸਰਕਾਰ ਹੁਣ ਕਿਸਾਨ-ਮਜ਼ਦੂਰ ਵਿਰੋਧੀ ਹੋ ਚੁੱਕੀ ਹੈ ਤੇ ਉਹ ਦੇਸ਼ ਵਾਸੀਆਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ। ਕਿਸਾਨਾਂ ਨੇ ਦਸਿਆ ਕਿ ਇਹਨੀਂ ਦਿਨੀਂ ਕਾਫ਼ੀ ਠੰਢ ਹੋ ਰਹੀ ਹੈ ਪਰ ਸਰਕਾਰ ਨੂੰ ਠੰਢ ਵਿਚ ਬੈਠੇ ਕਿਸਾਨ ਦਿਖ ਹੀ ਨਹੀਂ ਰਹੇ। ਯੂਪੀ ਤੋਂ ਦਿੱਲੀ ਪਹੁੰਚੇ ਹੋਰ ਕਿਸਾਨਾਂ ਨੇ ਦਸਿਆ ਕਿ ਸਰਕਾਰ ਪਹਿਲਾਂ ਤਾਂ ਮੰਨਣ ਲਈ ਤਿਆਰ ਹੀ ਨਹੀਂ ਸੀ ਕਿ ਬਾਰਡਰ ’ਤੇ ਕਿਸਾਨ ਬੈਠੇ ਹਨ। ਪਰ ਹੁਣ ਦੇਸ਼ ਦੇ ਹਰ ਸੂਬੇ ਤੋਂ ਕਿਸਾਨ ਦਿੱਲੀ ਪਹੁੰਚ ਰਹੇ ਹਨ। ਇਸ ਲਈ ਸਰਕਾਰ ਨੂੰ ਮੰਨ ਜਾਣਾ ਚਾਹੀਦਾ ਹੈ ਕਿ ਅਸੀਂ ਕਿਸਾਨ ਹੀ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਕੋਲੋਂ ਗ਼ਲਤੀ ਹੋਈ ਹੈ ਤੇ ਸਰਕਾਰ ਨੂੰ ਅਪਣੀ ਗ਼ਲਤੀ ਮੰਨਣੀ ਚਾਹੀਦੀ ਹੈ।