
ਜੇ ਅਸੀਂ ਹੀ ਅਜਿਹੀ ਬਿਆਨਬਾਜ਼ੀ ਉਹਨਾਂ ਲਈ ਕਰਾਂਗੇ ਤਾਂ ਉਹ ਤਾਂ ਸਾਡੀ ਸੁਰੱਖਿਆ ਕਿਵੇਂ ਕਰਨਗੇ
ਚੰਡੀਗੜ੍ਹ - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵਲੋਂ ਪੰਜਾਬ ਪੁਲਿਸ ਵਿਰੁੱਧ ਵਰਤੀ ਗਈ ਭੱਦੀ ਸ਼ਬਦਾਵਲੀ ਤੋਂ ਬਾਅਦ ਉਹ ਲਗਾਤਾਰ ਵਿਵਾਂਦਾ ਵਿਚ ਘਿਰਦੇ ਨਜ਼ਰ ਆ ਰਹੇ ਹਨ ਤੇ ਹੁਣ ਉਹਨਾਂ ਨੂੰ ਉਹਨਾਂ ਦੇ ਅਪਣਿਆਂ ਨੇ ਵੀ ਘੇਰਨਾ ਸ਼ੁਰੂ ਕਰ ਦਿੱਤਾ ਹੈ। ਦਰਅਸਲ ਹੁਣ ਨਵਜੋਤ ਸਿੱਧੂ ਦੇ ਉਸ ਬਿਆਨ ਨੂੰ ਲੈ ਕੇ ਰਵਨੀਤ ਬਿੱਟੂ ਨੇ ਬਿਨ੍ਹਾਂ ਨਾਮ ਲਏ ਸਿੱਧੂ ਨੂੰ ਨਿਸ਼ਾਨੇ 'ਤੇ ਲਿਆ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਪੁਲਿਸ ਵਾਲਿਆਂ ਦੇ ਬਿਆਨਾਂ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।
Navjot Sidhu
ਰਵਨੀਤ ਬਿੱਟੂ ਨੇ ਸਭ ਤੋਂ ਪਹਿਲਾਂ ਉਸ ਬਿਆਨ ਲਈ ਪੰਜਾਬ ਪੁਲਿਸ ਤੋਂ ਮੁਆਫ਼ੀ ਮੰਗੀ ਤੇ ਪੰਜਾਬ ਪੁਲਿਸ ਦਾ ਪੱਖ ਪੂਰਿਆਂ। ਉਹਨਾਂ ਕਿਹਾ ਕਿ ਸਾਡੀ ਪੰਜਾਬ ਪੁਲਿਸ ਬਹੁਤ ਹੀ ਬਹਾਦਰ ਪੁਲਿਸ ਹੈ ਜੋ ਅਪਣੀ ਜਾਨ 'ਤੇ ਖੇਡ ਕੇ ਵੀ ਲੋਕਾਂ ਦੀ ਜਾਨ ਬਚਾਉਂਦੀ ਹੈ। ਉਹਨਾਂ ਨੇ ਕਿਹਾ ਕਿ ਜਿੱਥੇ ਮਰਜ਼ੀ ਜਾ ਕੇ ਦੇਖ ਲਓ ਪੰਜਾਬ ਪੁਲਿਸ ਦੀ ਵਾਹ-ਵਾਹੀ ਹੁੰਦੀ ਹੈ ਤੇ ਗੱਲ ਕੋਵਿਡ ਦੌਰ ਦੀ ਕੀਤੀ ਜਾਵੇ ਤਾਂ ਵੀ ਪੁਲਿਸ ਨੇ ਹੀ ਅੱਗੇ ਹੋ ਕੇ ਸਭ ਦੀ ਮਦਦ ਕੀਤੀ ਲੋਕਾਂ ਦੇ ਘਰ-ਘਰ ਖਾਣਾ ਪਹੁੰਚਾਇਆ ਤੇ ਹੁਣ ਬੰਬ ਬਲਾਸਟ ਹੋਇਆ ਹੈ ਉੱਥੇ ਵੀ ਸਭ ਤੋਂ ਪਹਿਲਾਂ ਪੁਲਿਸ ਹੀ ਪਹੁੰਚੀ।
Ravneet bittu
ਰਵਨੀਤ ਬਿੱਟੂ ਨੇ ਕਿਹਾ ਕਿ ਲੀਡਰਾਂ ਨੂੰ ਅਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਕਿਉਂਕਿ ਬਿਆਨਬਾਜ਼ੀ ਕਰਨ ਵਾਲੇ ਖ਼ੁਦ ਵੀ ਪੁਲਿਸ ਸੁਰੱਖਿਆ ਵਿਚ ਹੀ ਘੁੰਮਦੇ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ਜੇ ਅਸੀਂ ਹੀ ਅਜਿਹੀ ਬਿਆਨਬਾਜ਼ੀ ਉਹਨਾਂ ਲਈ ਕਰਾਂਗੇ ਤਾਂ ਉਹ ਤਾਂ ਸਾਡੀ ਸੁਰੱਖਿਆ ਕਿਵੇਂ ਕਰਨਗੇ ਸਾਡੇ ਬਾਰੇ ਕੀ ਸੋਚਣਗੇ ਉਹ। ਉਹਨਾਂ ਕਿਹਾ ਕਿ ਇਹ ਸਾਡੇ ਭਰਾ ਨੇ ਤੇ ਅਸੀਂ ਫਿਰ ਉਹਨਾਂ ਬਾਰੇ ਅਜਿਹਾ ਮਾੜਾ ਕਹਿੰਦੇ ਹਾਂ ਮੈਂ ਪੰਜਾਬ ਪੁਲਿਸ ਨੂੰ ਸਲਾਮ ਕਰਦਾ ਹਾਂ ਕਿਉਂਕਿ ਇਹ ਹਮੇਸਾ ਸਾਡੀ ਸੁਰੱਖਿਆ ਵਿਚ ਮੌਜੂਦ ਰਹਿੰਦੇ ਹਨ। ਉਹਨਾਂ ਨੇ ਇਸ ਬਿਆਨ ਨੂੰ ਮੰਦਭਾਗਾ ਦੱਸਿਆ ਤੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖੜ੍ਹੇ ਹਾਂ।