
'ਮੈਂ ਦਿਨੇਸ਼ ਚੱਢਾ ਨਾਲ ਨਹੀਂ ਕਰਾਂਗਾ ਪ੍ਰਚਾਰ'
ਰੂਪਨਗਰ - ਆਮ ਆਦਮੀ ਪਾਰਟੀ ਪੰਜਾਬ ਦੇ ਵੱਲੋਂ ਅਪਣੇ ਉਮੀਦਵਾਰਾਂ ਦੀ ਚੌਥੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਤੇ ਹੁਣ ਤੱਕ 'ਆਪ' ਵੱਲੋਂ ਅਪਣੇ 73 ਉਮੀਦਵਾਰ ਐਲਾਨੇ ਗਏ ਹਨ। ਅਪਣੀ ਚੌਤੀ ਲਿਸਟ ਵਿਚ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਟਿਕਟ ਕੱਟ ਕੇ ਐਡਵੋਕੇਟ ਦਿਨੇਸ਼ ਚੱਢਾ ਨੂੰ ਦੇ ਦਿੱਤੀ ਗਈ ਹੈ। ਜਿਸ ਤੋਂ ਬਾਅਦ ਵਿਧਾਇਕ ਅਮਰਜੀਤ ਸੰਦੋਆ ਨੇ ਆਪਣੀ ਨਾਰਾਜ਼ਗੀ ਜਤਾਉਂਦੇ ਹੋਏ ਬਾਗੀ ਤੇਵਰ ਦਿਖਾਏ ਹਨ। ਉਹਨਾਂ ਨੇ ਨਵੇਂ ਉਮੀਦਵਾਰ 'ਤੇ ਕਈ ਗੰਭੀਰ ਦੋਸ਼ ਲਗਾਏ ਹਨ।
ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲਵੱਲੋਂ ਪਹਿਲਾਂ ਹੀ ਟਿਕਟ ਨਾ ਦੇਣ ਦੀ ਗੱਲ ਕਹੀ ਗਈ ਸੀ, ਜਿਸ ਨਾਲ ਉਨ੍ਹਾਂ ਨੇ ਸਹਿਮਤੀ ਵੀ ਜਤਾਈ ਸੀ। ਉਨ੍ਹਾਂ ਦੱਸਿਆ ਕੇ ਉਨ੍ਹਾਂ ਵੱਲੋਂ ਹਲਕੇ ਦੇ ਕੁਝ ਪਾਰਟੀ ਦੇ ਵੱਡੇ ਚਿਹਰੇ ਅਰਵਿੰਦ ਕੇਜਰੀਵਾਲ ਨੂੰ ਦੱਸੇ ਗਏ ਸਨ, ਜਿਨ੍ਹਾਂ ਨਾਲ ਉਹ ਖ਼ੁਦ ਜਾ ਕੇ ਪਾਰਟੀ ਲਈ ਚੋਣ ਪ੍ਰਚਾਰ ਕਰਦੇ, ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਦਿਨੇਸ਼ ਚੱਢਾ ਨੂੰ ਟਿਕਟ ਦੇਣ ਦਾ ਪਹਿਲਾਂ ਹੀ ਵਿਰੋਧ ਕੀਤਾ ਗਿਆ ਸੀ। ਦਿਨੇਸ਼ ਚੱਢਾ ‘ਤੇ ਨਸ਼ਾ ਤਸਕਰੀ ਦੇ ਇਲਜ਼ਾਮ ਹਨ, ਜਿਸ ਕਰਕੇ ਹਲਕੇ ਦੇ ਲੋਕਾਂ ਵਿਚ ਦਿਨੇਸ਼ ਚੱਢਾ ਖ਼ਿਲਾਫ਼ ਕਾਫ਼ੀ ਰੋਸ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਰਾਘਵ ਚੱਢਾ ਅਤੇ ਸੰਦੀਪ ਪਾਠਕ ਨਾਮ ਦੇ 2 ਵਿਅਕਤੀਆਂ ਵੱਲੋਂ ਟਿਕਟਾਂ ਦਿੱਤੀਆਂ ਜਾਂਦੀਆਂ ਹਨ।
Advocate Dinesh Chadda
ਜਿਸ ਦਾ ਉਨ੍ਹਾਂ ਵੱਲੋਂ ਵਿਰੋਧ ਵੀ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਲਈ ਕੰਮ ਕਰਨ ਲਈ ਤਿਆਰ ਹਾਂ, ਪਰ ਮੈਂ ਦਿਨੇਸ਼ ਚੱਢਾ ਬਲੈਕੀਏ ਲਈ ਚੋਣ ਪ੍ਰਚਾਰ ਨਹੀਂ ਕਰਾਂਗਾ। ਉਨ੍ਹਾਂ ਕਿਹਾ ਕਿ ਦਿਨੇਸ਼ ਚੱਢਾ ਤੋਂ ਇਲਾਵਾ ਪਾਰਟੀ ਕਿਸੇ ਨੂੰ ਵੀ ਟਿਕਟ ਦੇਵੇ, ਮੈਂ ਉਸ ਦਾ ਸਾਥ ਦੇਣ ਲਈ ਤਿਆਰ ਹਾਂ, ਪਰ ਸਿਵਾਏ ਦਿਨੇਸ਼ ਚੱਢਾ ਤੋਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਾਘਵ ਚੱਢਾ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ, ਪਰ ਮੈਂ ਚਾਹੁੰਦਾ ਹਾਂ ਕਿ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਬਣੇ ਕਿਉਂਕਿ ਉਹਨਾਂ ਨੇ ਵੀ ਬਹੁਤ ਵਧੀਆ ਕੰਮ ਕੀਤੇ ਹਨ ਜਿਸ ਕਰ ਕੇ ਉਹਨਾਂ ਨੂੰ ਵੀ ਇਹ ਮੌਕਾ ਮਿਲਣਾ ਚਾਹੀਦਾ ਹੈ ਅਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ।
Amarjeet Singh Sandoa
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਰੂਪਨਗਰ ਹਲਕੇ ਤੋਂ ਅਮਰਜੀਤ ਸਿੰਘ ਸੰਦੋਆ ਨੂੰ ਟਿਕਟ ਦਿੱਤੀ ਗਈ ਸੀ ਉਸ ਸਮੇਂ ਅਮਰਜੀਤ ਸਿੰਘ ਸੰਦੋਆ ਦਿੱਲੀ 'ਚ ਟੈਕਸੀ ਦਾ ਧੰਦਾ ਕਰਦੇ ਸੀ ਅਤੇ ਇਨ੍ਹਾਂ ਚੋਣਾਂ 'ਚ ਵਿਧਾਨ ਸਭਾ ਹਲਕਾ ਰੂਪਨਗਰ ਦੇ ਵੋਟਰਾਂ ਵੱਲੋਂ ਵੱਡੇ ਬਹੁਮੱਤ ਦੇ ਨਾਲ ਅਮਰਜੀਤ ਸੰਦੋਆ ਨੂੰ ਜਤਾਇਆ ਸੀ ਪਰ ਅਮਰਜੀਤ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿਚ ਸਾਮਲ ਹੋ ਗਏ ਸਨ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ 'ਚ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਦਾ ਵੱਕਾਰ ਕਾਫ਼ੀ ਡਿੱਗ ਗਿਆ । ਹਾਲਾਂਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਆਪਣੀ ਆਮ ਆਦਮੀ ਪਾਰਟੀ 'ਚ ਵਾਪਸੀ ਵੀ ਕਰ ਗਏ ਪਰ ਪਾਰਟੀ ਵੱਲੋਂ ਜਿਸ ਤਰ੍ਹਾਂ ਅਮਰਜੀਤ ਸਿੰਘ ਸੰਦੋਆ ਦੀ ਟਿਕਟ ਕੱਟ ਕੇ ਐਡਵੋਕੇਟ ਦਿਨੇਸ਼ ਚੱਢਾ ਨੂੰ ਦਿੱਤੀ ਗਈ ਹੈ ਇਸ ਤੋਂ ਸਾਫ਼ ਜ਼ਾਹਰ ਹੈ ਕਿ ਪਾਰਟੀ ਨੂੰ ਹੁਣ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਇਤਬਾਰ ਨਹੀਂ ਰਿਹਾ।