
ਉਮੀਦਵਾਰਾਂ ਦੀ ਪਹਿਲੀ ਸੂਚੀ ਵੀ ਜਨਵਰੀ ਦੇ ਪਹਿਲੇ ਹਫ਼ਤੇ ਹੋ ਸਕਦੀ ਹੈ ਜਾਰੀ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਪੰਜਾਬ ਕਾਂਗਰਸ ਸੂਬੇ ਵਿਚ ਨਵੇਂ ਸਾਲ ਦੇ ਸ਼ੁਰੂ ਵਿਚ ਵਿਧਾਨ ਸਭਾ ਚੋਣਾਂ ਦੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ 3 ਜਨਵਰੀ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਮੋਗਾ ਆਉਣ ਦਾ ਪ੍ਰੋਗਰਾਮ ਤੈਅ ਹੋ ਚੁਕਾ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੀ ਪਿਛਲੇ ਦਿਨੀਂ ਮੋਗਾ ਵਿਚ ਹੀ ਵੱਡੀ ਰੈਲੀ ਕਰ ਕੇ ਅਪਣੀ ਚੋਣ ਮੁਹਿੰਮ ਨੂੰ ਤੇਜ਼ ਕਰ ਚੁਕਾ ਹੈ। ਕਾਂਗਰਸ ਵੀ ਮੋਗਾ ਵਿਚ ਹੀ ਵਿਸ਼ਾਲ ਰੈਲੀ ਨਾਲ ਚੋੋਣ ਮੁਹਿੰਮ ਸ਼ੁਰੂ ਕਰ ਕੇ ਅਕਾਲੀ ਦਲ ਦੀ ਰੈਲੀ ਦਾ ਜਵਾਬ ਦੇਣਾ ਚਾਹੁੰਦੀ ਹੈ।
Navjot Sidhu
ਪੰਜਾਬ ਕਾਂਗਰਸ ਦੀ ਚੋਣ ਮੁਹਿੰਮ ਕਮੇਟੀ ਦੀ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਹੋਈਆਂ 2 ਮੀਟਿੰਗਾਂ ਵਿਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਸਹਿਮਤੀ ਨਾਲ ਚਲਾਈ ਜਾਣ ਵਾਲੀ ਮੁਹਿੰਮ ਦੀ ਰੂਪ ਰੇਖਾ ਬਣਾਈ ਜਾ ਚੁਕੀ ਹੈ ਅਤੇ 3 ਜਨਵਰੀ ਨੂੰ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਬਾਅਦ ਕਾਂਗਰਸ ਦੇ ਕਈ ਹੋਰ ਵੱਡੇ ਕੌਮੀ ਨੇਤਾ ਵੀ ਪੰਜਾਬ ਦੀ ਚੋਣ ਮੁਹਿੰਮ ਵਿਚ ਦਿਖਾਈ ਦੇਣਗੇ। ਸਕਰੀਨਿੰਗ ਕਮੇਟੀ ਟਿਕਟਾਂ ਬਾਰੇ ਵੀ ਮੁਢਲੀ ਰੂਪ ਰੇਖਾ ਬਣਾ ਚੁਕੀ ਹੈ ਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਅਜੇ ਮਾਕਨ ਚਰਚਾ ਕਰ ਚੁਕੇ ਹਨ। ਉਮੀਦਵਾਰਾਂ ਦੀ ਪਹਿਲੀ ਸੂਚੀ ਵੀ ਜਨਵਰੀ ਦੇ ਪਹਿਲੇ ਹਫ਼ਤੇ ਹੀ ਜਾਰੀ ਹੋਣ ਦੀ ਸੰਭਾਵਨਾ ਹੈ।