
ਬੇਅਦਬੀ ਦਾ ਜਲਦ ਇਨਸਾਫ਼ ਨਾ ਮਿਲਣ ਦੀ ਸੂਰਤ ’ਚ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
ਬਹਿਬਲ ਮੋਰਚੇ ਦੀ ਅਗਵਾਈ ਲਈ ਕੀਤਾ ਗਿਆ ਪੰਜ ਮੈਂਬਰੀ ਕਮੇਟੀ ਦਾ ਗਠਨ
ਕੋਟਕਪੂਰਾ, 26 ਦਸੰਬਰ (ਗੁਰਿੰਦਰ ਸਿੰਘ) : ਸਜ਼ਾਵਾਂ ਪੂਰੀਆਂ ਕਰ ਚੁੱਕੇ ਰਾਜਸੀ ਕੈਦੀਆਂ ਦੀ ਰਿਹਾਈ ਅਤੇ ਚੜ੍ਹਦੀ ਕਲਾ ਲਈ ਦੁਨੀਆਂ ਭਰ ਵਿਚ ਕੀਤੇ ਗਏ ਅਰਦਾਸ ਸਮਾਗਮ ਦੀ ਲੜੀ ਤਹਿਤ ਬਹਿਬਲ ਕਲਾਂ ਵਿਖੇ ਲੱਗੇ ਮੋਰਚੇ ਦੇ 11ਵੇਂ ਦਿਨ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਅਰਦਾਸ ਸਮਾਗਮ ਕੀਤਾ ਗਿਆ ਜਿਸ ਵਿਚ ਭਾਈ ਅਵਤਾਰ ਸਿੰਘ ਸਾਧਾਂਵਾਲਾ ਸਮੇਤ ਵੱਖ ਵੱਖ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਦਲ ਖ਼ਾਲਸਾ ਤੋਂ ਬਾਬਾ ਹਰਦੀਪ ਸਿੰਘ ਮਹਿਰਾਜ, ਜਸਵਿੰਦਰ ਸਿੰਘ ਸਾਹੋਕੇ, ਦਲੇਰ ਸਿੰਘ ਡੋਡ, ਸਿਮਰਜੀਤ ਸਿੰਘ ਸਮੇਤ ਵੱਖ ਵੱਖ ਬੁਲਾਰਿਆਂ ਨੇ ਸਮੇਂ ਦੀਆਂ ਸਰਕਾਰਾਂ ਵਲੋਂ ਘੱਟ ਗਿਣਤੀਆਂ ਨਾਲ ਕੀਤੇ ਜਾ ਰਹੇ ਵਿਤਕਰੇ ਦਾ ਵਿਸਥਾਰ ’ਚ ਜ਼ਿਕਰ ਕਰਦਿਆਂ ਦਸਿਆ ਕਿ ਜਦੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਦੀ ਰਿਹਾਈ ਨਾ ਹੋ ਰਹੀ ਹੋਵੇ ਅਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਦੇ ਸਾਹਮਣੇ ਆ ਜਾਣ ਦੇ ਬਾਵਜੂਦ ਉਨ੍ਹਾਂ ਦੀਆਂ ਜ਼ਮਾਨਤਾਂ ਦਿਤੀਆਂ ਜਾਣ ਅਰਥਾਤ ਸਜ਼ਾਵਾਂ ਦੇਣ ਦੀ ਜ਼ਰੂਰਤ ਹੀ ਨਾ ਸਮਝੀ ਜਾਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਮੇਂ ਦੀਆਂ ਸਰਕਾਰਾਂ ਸਿਰਫ਼ ਵੋਟ ਰਾਜਨੀਤੀ ਤਕ ਸੀਮਿਤ ਰਹਿੰਦੀਆਂ ਹਨ ਤੇ ਉਨ੍ਹਾਂ ਨੂੰ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਦਾ ਖ਼ਿਆਲ ਹੀ ਨਹੀਂ ਰਹਿੰਦਾ।
ਸਾਰੇ ਬੁਲਾਰਿਆਂ ਨੇ ਦਾਅਵਾ ਕੀਤਾ ਕਿ ਬਾਦਲ, ਕੈਪਟਨ ਅਤੇ ਚੰਨੀ ਸਰਕਾਰ ਤੋਂ ਆਸ ਉਮੀਦ ਖ਼ਤਮ ਹੋ ਜਾਣ ਕਾਰਨ ਭਵਿੱਖ ਵਿਚ ਕਿਸੇ ਵੱਡੇ ਪੋ੍ਰਗਰਾਮ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਮੌਕੇ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਗੁਰਪ੍ਰੀਤ ਸਿੰਘ ਹਰੀਨੌ, ਕੁਲਵੰਤ ਸਿੰਘ ਰਾਊਕੇ, ਗੁਰਪ੍ਰੀਤ ਸਿੰਘ ਜਿਉਣਵਾਲਾ, ਰਾਮ ਸਿੰਘ ਢਪਾਲੀ ਅਤੇ ਰਾਜਾ ਖੁਖਰਾਣਾ ’ਤੇ ਆਧਾਰਤ ਪੰਜ ਮੈਂਬਰੀ ਕਮੇਟੀ ਦਾ ਗਠਨ ਕਰਦਿਆਂ ਐਲਾਨ ਕੀਤਾ ਕਿ ਉਕਤ ਕਮੇਟੀ ਹੀ ਮੋਰਚੇ ਦੀਆਂ ਗਤੀਵਿਧੀਆਂ ਵਾਲੇ ਪੋ੍ਰਗਰਾਮ ਉਲੀਕੇਗੀ। ਕੜਾਕੇ ਦੀ ਠੰਢ ਅਤੇ ਕਿਣਮਿਣ ਦੇ ਬਾਵਜੂਦ ਵੀ ਨੌਜਵਾਨਾਂ ਵਿਚ ਭਾਰੀ ਜੋਸ਼ ਦੇਖਣ ਨੂੰ ਮਿਲਿਆ।