
30 ਦਾ ਚੰਡੀਗੜ੍ਹ ਮੋਰਚਾ ਫ਼ਿਲਹਾਲ ਮੁਲਤਵੀ ਕਰ ਕੇ ਜ਼ੀਰਾ ਵਲ 1000 ਟਰੈਕਟਰਾਂ ਦੇ ਕਾਫ਼ਲੇ ਨਾਲ ਜਾਣ ਦਾ ਫ਼ੈਸਲਾ ਕੀਤਾ ਹੈ
ਚੰਡੀਗੜ੍ਹ (ਭੁੱਲਰ): ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਾਲੀਆਂ ਪੰਜ ਕਿਸਾਨ ਜਥੇਬੰਦੀਆਂ ਦੇ ਗਰੁਪ ਨੇ ਅਪਣਾ 30 ਦਸੰਬਰ ਨੂੰ ਚੰਡੀਗੜ੍ਹ ਵਿਚ ਲਾਇਆ ਜਾਣ ਵਾਲਾ ਮੋਰਚਾ ਮੁਲਤਵੀ ਕਰ ਕੇ ਹੁਣ ਇਸ ਦਿਨ ਜ਼ੀਰਾ ਸ਼ਰਾਬ ਫ਼ੈਕਟਰੀ ਵਿਰੁਧ ਚਲ ਰਹੇ ਸੰਘਰਸ਼ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਕੱਲ੍ਹ ਇਥੇ ਇਨ੍ਹਾਂ ਜਥੇਬੰਦੀਆਂ ਦੀ ਮੀਟਿੰਗ ਵਿਚ ਲਿਆ ਗਿਆ।
ਇਸ ਵਿਚ ਬਲਬੀਰ ਸਿੰਘ ਰਾਜੇਵਾਲ ਤੋਂ ਇਲਾਵਾ ਕਿਸਾਨ ਫ਼ੈਡਰੇਸ਼ਨ ਦੇ ਪ੍ਰੇਮ ਸਿੰਘ ਭੰਗੂ ਐਡਵੋਕੇਟ, ਕਿਸਾਨ ਸੰਘਰਸ਼ ਕਮੇਟੀ ਦੇ ਕੰਵਲਪ੍ਰੀਤ ਸਿੰਘ ਪੰਨੂ, ਬੀ ਕੇ ਯੂ ਮਾਨਸਾ ਦੇ ਬੋਘ ਸਿੰਘ ਤੋਂ ਇਲਾਵਾ ਕਿਸਾਨ ਜਥੇਬੰਦੀ ਦੇ ਹਰਜਿੰਦਰ ਸਿੰਘ ਟਾਂਡਾ ਆਦਿ ਸ਼ਾਮਲ ਸਨ। ਮੀਟਿੰਗ ਤੋਂ ਬਾਅਦ ਰਾਜੇਵਾਲ ਨੇ ਪੱਤਰਕਾਰਾਂ ਨੂੰ ਦਸਿਆ ਕਿ ਉਹ ਨਹੀਂ ਚਾਹੁੰਦੇ ਕਿ ਜਦ ਜ਼ੀਰਾ ਮੋਰਚਾ ਚਲ ਰਿਹਾ ਹੈ ਤਾਂ ਉਸ ਸਮੇਂ ਕਿਸਾਨਾਂ ਦੀ ਸ਼ਕਤੀ ਵੰਡੀ ਜਾਵੇ।
ਇਸ ਲਈ 30 ਦਾ ਚੰਡੀਗੜ੍ਹ ਮੋਰਚਾ ਫ਼ਿਲਹਾਲ ਮੁਲਤਵੀ ਕਰ ਕੇ ਜ਼ੀਰਾ ਵਲ 1000 ਟਰੈਕਟਰਾਂ ਦੇ ਕਾਫ਼ਲੇ ਨਾਲ ਜਾਣ ਦਾ ਫ਼ੈਸਲਾ ਕੀਤਾ ਹੈ। ਪਾਣੀਆਂ ਦੇ ਮੁੱਦੇ ਨੂੰ ਲੈ ਕੇ ਚੰਡੀਗੜ੍ਹ ਲਗਣ ਵਾਲਾ ਮੋਰਚਾ ਹੁਣ 17 ਜਨਵਰੀ ਤੋਂ ਸ਼ੁਰੂ ਹੋਏਗਾ। ਇਸ ਦੀਆਂ ਤਿਆਰੀਆਂ ਮੁਕੰਮਲ ਹਨ ਅਤੇ ਕਿਸਾਨਾਂ ਵਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ।