
ਭਾਰਤ ਵੱਲੋਂ ਪਾਕਿਸਤਾਨ ਤੇ ਚੀਨ ਵਿਰੁੱਧ ਲੜੀਆਂ ਸਨ ਤਿੰਨ ਜੰਗਾਂ
ਲੁਧਿਆਣਾ: ਭਾਰਤ ਵੱਲੋਂ ਪਾਕਿਸਤਾਨ ਤੇ ਚੀਨ ਵਿਰੁੱਧ ਤਿੰਨ ਜੰਗਾਂ ਲੜਨ ਵਾਲੇ ਕੈਪਟਨ ਗੁਰਚਰਨ ਸਿੰਘ ਵਾਸੀ ਕੁੱਸਾ ਦਾ ਅੱਜ ਇਥੇ 97 ਸਾਲਾਂ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਕੈਪਟਨ ਕੁੱਸਾ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਸਾਬਕਾ ਫ਼ੌਜੀ ਸਨ। ਸਿਹਤ ਖਰਾਬ ਹੋਣ ਕਾਰਨ ਉਹ ਪਿਛਲੇ ਕੁੱਝ ਦਿਨਾਂ ਤੋਂ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਕੈਪਟਨ ਗੁਰਚਰਨ ਸਿੰਘ ਈਐੱਮਈ ਇੰਡੀਆ ਆਰਮੀ ਦੇ ਫ਼ੌਜੀ ਸਨ।
ਉਨ੍ਹਾਂ 1962 ਦੀ ਭਾਰਤ-ਚੀਨ ਜੰਗ ਅਤੇ 1965 ਤੇ 1971 ਦੀ ਭਾਰਤ-ਪਾਕਿਸਤਾਨ ਜੰਗਾਂ ਵਿੱਚ ਬਹਾਦਰੀ ਨਾਲ ਹਿੱਸਾ ਲਿਆ ਸੀ, ਜਿਸ ਕਰ ਕੇ ਉਨ੍ਹਾਂ ਨੂੰ ਕਈ ਮੈਡਲਾਂ ਨਾਲ ਸਨਮਾਨਿਆ ਜਾ ਚੁੱਕਾ ਹੈ। ਕੈਪਟਨ ਗੁਰਚਰਨ ਸਿੰਘ ਨੂੰ ਰਾਸ਼ਟਰਪਤੀ ਵੀ.ਵੀ. ਗਿਰੀ ਵੱਲੋਂ ਵਕਾਰੀ ਸਨਮਾਨ ਰਾਸ਼ਟਰਪਤੀ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।