
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਸਮਝਦਾਰੀ ਨਾਲ ਕਰਨ ਦੀ ਲੋੜ 'ਤੇ ਜ਼ੋਰ ਦਿਤਾ.....
ਪਟਿਆਲਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਸਮਝਦਾਰੀ ਨਾਲ ਕਰਨ ਦੀ ਲੋੜ 'ਤੇ ਜ਼ੋਰ ਦਿਤਾ ਤਾਕਿ ਭਾਰਤ ਦੇ ਸੰਵਿਧਾਨਕ ਢਾਂਚੇ ਨੂੰ ਬੇਰਹਿਮੀ ਨਾਲ ਖੇਰੂੰ-ਖੇਰੂੰ ਕਰਨ 'ਤੇ ਤੁਲੀਆਂ ਜਮਹੂਰੀਅਤ ਵਿਰੋਧੀ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦਿਤਾ ਜਾ ਸਕੇ। ਰਾਜ ਭਲਿੰਦਰਾ ਸਿੰਘ ਖੇਡ ਸਟੇਡੀਅਮ ਵਿਖੇ ਗਣਤੰਤਰ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਤਿਰੰਗਾ ਲਹਿਰਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਅਗਲੇ ਕੁੱਝ ਹਫ਼ਤਿਆਂ ਵਿਚ ਲੋਕ ਸਭਾ ਚੋਣਾਂ ਹੋ ਰਹੀਆਂ ਹਨ
Captain Amarinder Singh
ਜਿਸ ਕਰ ਕੇ ਸੱਤਾ 'ਚ ਬੈਠੀਆਂ ਲੋਕ ਵਿਰੋਧੀ ਤਾਕਤਾਂ ਤੋਂ ਅਪਣੇ ਆਪ ਨੂੰ ਬਚਾਉਣ ਦਾ ਇਹ ਸਹੀ ਮੌਕਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਜੋ ਸਾਡੇ ਢਾਂਚੇ ਅਤੇ ਵਿਚਾਰਧਾਰਾਵਾਂ ਦੇ ਮੂਲ ਸਿਧਾਂਤ ਨੂੰ ਦਰਸਾਉਂਦਾ ਹੈ, ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀਆਂ ਘੋਰ ਉਲੰਘਣਾਵਾਂ ਕਾਰਨ ਖ਼ੁਦ ਖ਼ਤਰੇ ਵਿਚ ਪਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਜਮਹੂਰੀ ਲੋਕਾਚਾਰ ਦੀਆਂ ਤੰਦਾਂ ਵੀ ਤਿੜਕਣ ਕੰਢੇ ਹਨ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਗਣਤੰਤਰ ਦਿਵਸ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਨੂੰ ਮੁਲਕ ਦਾ ਅਵੱਲ ਸੂਬਾ ਬਣਾਉਣ ਦਾ ਪ੍ਰਣ ਕੀਤਾ। ਲੋਕਾਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਮੁੜ ਅਮਨ-ਸ਼ਾਂਤੀ, ਤਰੱਕੀ ਤੇ ਖ਼ੁਸ਼ਹਾਲੀ ਦੇ ਰਾਹ 'ਤੇ ਲਿਆਉਣ ਲਈ ਉਨ੍ਹਾਂ ਦੀ ਸਰਕਾਰ ਚੋਣ ਵਾਅਦਿਆਂ ਨੂੰ ਲਾਗੂ ਕਰਨ ਲਈ ਸਹੀ ਦਿਸ਼ਾ ਵਿਚ ਕੰਮ ਕਰ ਰਹੀ ਹੈ ਕਿਉਂਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਸਾਡੇ ਸੂਬੇ ਦਾ ਵੱਡਾ ਨੁਕਸਾਨ ਕੀਤਾ ਸੀ। ਇਹ ਗਣਤੰਤਰ ਦਿਵਸ ਸੂਬੇ ਲਈ ਇਤਿਹਾਸਕ ਪਲਾਂ ਮੌਕੇ ਆਇਆ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਨੂੰ ਕਾਂਗਰਸ ਪਾਰਟੀ ਦੀ ਜਿੱਤ ਦਸਿਆ। ਇਸ ਮੌਕੇ ਪਰਨੀਤ ਕੌਰ, ਡਾ. ਧਰਮਵੀਰ ਗਾਂਧੀ, ਲਾਲ ਸਿੰਘ, ਭਰਤਇੰਦਰ ਸਿੰਘ ਚਾਹਲ, ਰਵੀਨ ਠੁਕਰਾਲ, ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਰਜਿੰਦਰ ਸਿੰਘ, ਹਰਿੰਦਰਪਾਲ ਸਿੰਘ ਹੈਰੀਮਾਨ, ਪੀ.ਕੇ. ਪੁਰੀ, ਕੇ.ਕੇ. ਸ਼ਰਮਾ, ਗੁਰਸ਼ਰਨ ਕੌਰ ਰੰਧਾਵਾ, ਸੰਜੀਵ ਸ਼ਰਮਾ ਬਿੱਟੂ, ਯੋਗਿੰਦਰ ਸਿੰਘ ਯੋਗੀ, ਵਿੰਤੀ ਸੰਗਰ, ਲੈਫ.ਜਨ. ਐਨ.ਪੀ.ਐਸ. ਹੀਰਾ, ਡਾ. ਬੀ.ਐਸ. ਘੁੰਮਣ ਆਦਿ ਮੌਜੂਦ ਸਨ।