
ਰਾਜਪਾਲ ਵੀ.ਪੀ.ਸਿੰਘ ਬਦਨੌਰ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਬਣਾਈ ਰੱਖਣ ਲਈ ਪੰਜਾਬ ਸੂਬੇ ਦਾ ਬਹੁਤ ਅਹਿਮ ਯੋਗਦਾਨ ਹੈ.....
ਹੁਸ਼ਿਆਰਪੁਰ : ਰਾਜਪਾਲ ਵੀ.ਪੀ.ਸਿੰਘ ਬਦਨੌਰ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਬਣਾਈ ਰੱਖਣ ਲਈ ਪੰਜਾਬ ਸੂਬੇ ਦਾ ਬਹੁਤ ਅਹਿਮ ਯੋਗਦਾਨ ਹੈ ਕਿਉਂਕਿ ਪੰਜਾਬ ਸਰਹੱਦੀ ਸੂਬਾ ਹੈ। ਪੰਜਾਬ ਦੇ ਰਾਜਪਾਲ 70ਵੇਂ ਗਣਤੰਤਰ ਦਿਵਸ ਮੌਕੇ ਹੁਸ਼ਿਆਰਪੁਰ ਵਿਖੇ ਕਰਵਾਏ ਗਏ ਰਾਜ ਪਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ, ਮਗਰੋਂ ਪਰੇਡ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਅਤੇ ਐਸ.ਐਸ.ਪੀ. ਜੇ. ਏਲਨਚੇਲੀਅਨ ਵੀ ਸਨ।
ਰਾਜਪਾਲ ਨੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੰਦਿਆਂ ਫ਼ੌਜ ਦੇ ਉਨ੍ਹਾਂ ਜਵਾਨਾਂ ਅਤੇ ਅਧਿਕਾਰੀਆਂ ਨੂੰ ਵੀ ਨਮਨ ਕੀਤਾ ਜੋ ਦੇਸ਼ ਦੀਆਂ ਸਰਹੱਦਾਂ 'ਤੇ ਮੁਸ਼ਕਲ ਹਾਲਾਤ ਵਿਚ ਅਪਣੀ ਡਿਊਟੀ ਅਤੇ ਫ਼ਰਜ਼ ਨਿਭਾਅ ਰਹੇ ਹਨ। ਰਾਜਪਾਲ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ 570 ਜਵਾਨਾਂ ਨੂੰ ਸ਼ਰਧਾਂਜ਼ਲੀ ਦਿੰਦਿਆਂ ਕਿਹਾ ਕਿ ਇਨ੍ਹਾਂ ਸੂਰਬੀਰਾਂ ਨੇ ਵੱਖ-ਵੱਖ ਲੜਾਈਆਂ ਵਿਚ ਅਪਣੀਆਂ ਕੁਰਬਾਨੀਆਂ ਦਿਤੀਆਂ ਹਨ।
ਸਮਾਰੋਹ ਵਿਚ ਪਰੇਡ ਕਮਾਂਡਰ ਡੀ.ਐਸ.ਪੀ. ਗੁਰਸ਼ੇਰ ਸਿੰਘ ਸੰਧੂ ਦੀ ਅਗਵਾਈ ਵਿਚ 15 ਟੁਕੜੀਆਂ ਵਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ। ਟੁਕੜੀਆਂ ਵਿੱਚ ਪੀ.ਏ.ਪੀ. ਜਲੰਧਰ ਦੇ ਬੈਂਡ ਦੀ ਟੁਕੜੀ ਵੀ ਸ਼ਾਮਲ ਸੀ। ਸਮਾਰੋਹ ਦੌਰਾਨ ਜਿਥੇ ਵੱਖ-ਵੱਖ ਸਕੂਲੀ ਵਿਦਿਆਰਥੀਆਂ ਵਲੋਂ ਰੰਗਾ ਰੰਗ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਹੈ, ਉਥੇ 11 ਵਿਭਾਗਾਂ ਵਲੋਂ ਝਾਕੀਆਂ ਕਢੀਆਂ ਗਈਆਂ।
ਇਸ ਮੌਕੇ ਰਾਜਪਾਲ ਦੀ ਪਤਨੀ ਅਲਕਾ ਸਿੰਘ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਡੀ.ਜੀ.ਪੀ. ਸੁਰੇਸ਼ ਅਰੋੜਾ, ਕਮਿਸ਼ਨਰ ਜਲੰਧਰ ਡਵੀਜ਼ਨ ਬੀ. ਪੁਰੂਸ਼ਾਰਥਾ ਵੀ ਮੌਜੂਦ ਸਨ, ਹਲਕਾ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ, ਸਾਬਕਾ ਕੇਂਦਰੀ ਰਾਜ ਮੰਤਰੀ ਸੰਤੋਸ਼ ਚੌਧਰੀ, ਜੱਜ ਅਮਰਜੋਤ ਭੱਟੀ, ਆਈ.ਜੀ. ਨੌਨਿਹਾਲ ਸਿੰਘ ਵੀ ਮੌਜੂਦ ਸਨ। ਇਸ ਮੌਕੇ ਸਨਮਾਨ ਸਮਾਗਮ ਵੀ ਹੋਇਆ।