
ਕਿਸਾਨ ਨੇਤਾਵਾਂ ਨੂੰ ਯਕੀਨ ਕਿ ਅੰਦੋਲਨ ਨੂੰ ਬਦਨਾਮ ਕਰਨ ਲਈ ਲਾਲ ਕਿਲ੍ਹੇ ਦਾ ‘ਝੰਡਾ ਲਹਿਰਾਉਣ’ ਦਾ ਨਾਟਕ ਸਾਜ਼ਸ਼ ਅਧੀਨ ਕਰਵਾਇਆ ਗਿਆ
ਦਿੱਲੀ, 27 ਜਨਵਰੀ (ਸਪੋਕਸਮੈਨ ਸਮਾਚਾਰ ਸੇਵਾ): ਵੱਖ-ਵੱਖ ਸੂੁਬਿਆਂ ਦੇ ਕਿਸਾਨ ਨੇਤਾ ਕੁੱਝ ਸਮਾਂ ਡਾਢੀ ਨਿਰਾਸ਼ਾ ਅਤੇ ਘਬਰਾਹਟ ਵਿਚ ਰਹਿਣ ਮਗਰੋਂ ਸ਼ਾਮ ਤਕ ਬਾਹਰ ਨਿਕਲ ਆਏ ਤੇ ਉਨ੍ਹਾਂ ਨੇ ਇਕੱਠੇ ਹੋ ਕੇ ਇਕ ਪ੍ਰੈਸ ਕਾਨਫ਼ਰੰਸ ਵਿਚ ਖੁਲ੍ਹ ਕੇ ਕਹਿ ਦਿਤਾ ਕਿ ਸਾਰਾ ਨਾਟਕ ਕੇਂਦਰ ਸਰਕਾਰ ਦੀਆਂ ਏਜੰਸੀਆਂ ਦਾ ਰਚਿਆ ਹੋਇਆ ਸੀ ਤੇ ਪੂਰੀ ਤਰ੍ਹਾਂ ਨਕਲੀ ਵੀ। ਉਨ੍ਹਾਂ ਦਾ ਕਹਿਣਾ ਹੈ ਕਿ ਸਾਰੀ ਸਥਿਤੀ ਉਤੇ ਗ਼ੌਰ ਕਰਨ ਮਗਰੋਂ ਉਨ੍ਹਾਂ ਨੂੰ ਯਕੀਨ ਹੋ ਗਿਆ ਹੈ ਕਿ ਕਿਸਾਨ ਅੰਦੋਲਨ ਦੀ ਲੋਕਪ੍ਰਿਯਤਾ ਵੇਖ ਕੇ, ਲਾਲ ਕਿਲ੍ਹੇ ਤੇ ਕੇਸਰੀ ‘ਝੰਡਾ ਲਹਿਰਾਉਣ’ ਦਾ ਨਾਟਕ, ਇਕ ਵੱਡੀ ਸਾਜ਼ਸ਼ ਰੱਚ ਕੇ ਕਰਵਾਇਆ ਗਿਆ ਤਾਕਿ ਦਿੱਲੀ ਦੇ ਹਿੰਦੂਆਂ ਨੂੰ ਜੋ, ਟਰੈਕਟਰ ਮਾਰਚ ਸਮੇਂ, ਸੜਕਾਂ ਦੇ ਦੋਵੇਂ ਪਾਸੇ ਖੜੇ ਹੋ ਕੇ ਹੱਥ ਹਿਲਾ ਹਿਲਾ ਕੇ ਅੰਦੋਲਨਕਾਰੀਆਂ ਦਾ ਸਵਾਗਤ ਕਰ ਰਹੇ ਸਨ ਤੇ ਉਨ੍ਹਾਂ ਉਤੇ ਫੁੱਲਾਂ ਦੀ ਵਰਖਾ ਕਰ ਰਹੇ ਸਨ, ਉਨ੍ਹਾਂ ਨੂੰ ਕਿਸੇ ਤਰ੍ਹਾਂ ਇਹ ਸੰਦੇਸ਼ ਦਿਤਾ ਜਾਏ ਕਿ ਇਹ ਤਾਂ ਸਾਰੇ ‘ਖ਼ਾਲਿਸਤਾਨੀ’ ਹਨ ਜਿਨ੍ਹਾਂ ਦੀ ਉਹ ਵਾਹਵਾ ਕਰ ਰਹੇ ਸਨ। ਇਸ ਸਾਜ਼ਸ਼ ਅਧੀਨ, 40 ਜਥੇਬੰਦੀਆਂ ਤੋਂ ਬਾਹਰਲੇ ਲੋਕਾਂ ਨੂੰ ਜਾਣ ਬੁਝ ਕੇ ‘ਰਿੰਗ ਰੋਡ’ ਵਲ ਭੇਜਿਆ ਗਿਆ ਜਿਸ ਦੀ ਰਸਤੇ ਵਿਚ ਖ਼ਰੂਦ ਮਚਾਉਂਦਿਆਂ ਹੋਇਆਂ ਦੀ,ਲਾਲ ਕਿਲ੍ਹੇ ਤਕ ਪਹੁੰਚਣ ਵਿਚ ਮਦਦ ਕੀਤੀ ਗਈ ਤੇ ਪੁਲਿਸ ਨੂੰ ਗੁਪਤ ਹਦਾਇਤ ਦਿਤੀ ਗਈ ਕਿ ਕਿਸੇ ਉਪਦਰਵੀ ਨੂੰ ਬਿਲਕੁਲ ਨਾ ਰੋਕਿਆ ਜਾਏ। ਖ਼ਰੂਦੀਆਂ ਨੂੰ ਬੜੇ ਆਰਾਮ ਨਾਲ ਲਾਲ ਕਿਲ੍ਹੇ ਉਤੇ ਕੇਸਰੀ ਝੰਡਾ ਲਹਿਰਾਉਣ ਦਿਤਾ ਗਿਆ ਤੇ ਇਹ ਹੁੰਦਿਆਂ ਹੀ ਜ਼ੋਰਦਾਰ ਪ੍ਰਚਾਰ ਸ਼ੁਰੂ ਕਰ ਦਿਤਾ ਗਿਆ ਕਿ ‘ਕਿਸਾਨਾਂ ਨੇ’ ਖ਼ਾਲਸਾਈ ਝੰਡਾ ਲਾਲ ਕਿਲ੍ਹੇ ਉਤੇ ਲਹਿਰਾ ਦਿਤਾ ਹੈ ਜਦਕਿ ਕਿਸਾਨ ਤਾਂ ਉਥੇ ਨੇੜੇ ਤੇੜੇ ਵੀ ਕੋਈ ਨਹੀਂ ਸੀ ਤੇ ਉਹ ਤਾਂ ਲੱਖਾਂ ਦੀ ਗਿਣਤੀ ਵਿਚ ਨਿਸ਼ਚਿਤ ਰਾਹ ਤੇ ਟਰੈਕਟਰ ਮਾਰਚ ਵਿਚ ਚਲ ਰਹੇ ਸਨ। ਉਨ੍ਹਾਂ ਵਿਚ ਵੜ ਗਏ ‘ਸ਼ੱਕੀ ਲੋਕਾਂ’ ਨੂੰ ਜਾਣ ਬੁਝ ਕੇ ਹੀ ਲਾਲ ਕਿਲ੍ਹੇ ਵਲ ਭੇਜ ਦਿਤਾ ਗਿਆ ਤੇ ਕਿਸੇ ਨੇ ਉਨ੍ਹਾਂ ਨੂੰ ਨਾ ਰੋਕਿਆ।