
ਦਿੱਲੀ ਹਿੰਸਾ ਤੋਂ ਬਾਅਦ ਦੋ ਕਿਸਾਨ ਗੁਟਾਂ ਨੇ ਖ਼ਤਮ ਕੀਤਾ ਧਰਨਾ
ਨਵੀਂ ਦਿੱਲੀ, 27 ਜਨਵਰੀ : ਰਾਸ਼ਟਰੀ ਰਾਜਧਾਨੀ ਵਿਚ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਇਕ ਦਿਨ ਬਾਅਦ, ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁਧ ਦਿੱਲੀ ਦੀਆਂ ਸਰਹੱਦਾਂ ਉੱਤੇ ਚੱਲ ਰਹੇ ਅੰਦੋਲਨ ਤੋਂ ਦੋ ਕਿਸਾਨ ਜਥੇਬੰਦੀਆਂ ਬੁਧਵਾਰ ਨੂੰ ਵੱਖ ਹੋ ਗਈਆਂ।
ਬੁਧਵਾਰ ਨੂੰ ਗਾਜੀਪੁਰ ਸਰਹੱਦ ’ਤੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਅੰਦੋਲਨ ਕਰ ਰਹੇ ਵੀਐਮ ਸਿੰਘ (ਰਾਸ਼ਟਰੀ ਕਿਸਾਨ ਮਜ਼ਦੂਰ ਸੰਗਠਨ ਦੇ ਮੁਖੀ) ਨੇ ਵਿਰੋਧ ਪ੍ਰਦਰਸ਼ਨ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ। ਉਥੇ, ਦੂਜੇ ਅਤੇ ਦਿੱਲੀ-ਨੋਇਡਾ ਸਥਿਤ ਚਿੱਲਾ ਸਰਹੱਦ ’ਤੇ ਧਰਨਾ ਦੇ ਰਹੇ ਭਾਨੂੰ ਗੁਟ ਨੇ ਵੀ ਧਰਨਾ ਖ਼ਤਮ ਕਰ ਦਿਤਾ ਹੈ।
ਭਾਰਤੀ ਕਿਸਾਨ ਯੂਨੀਅਨ (ਭਾਨੂ) ਦੇ ਪ੍ਰਧਾਨ ਠਾਕੁਰ ਭਾਨੂ ਪ੍ਰਤਾਪ ਸਿੰਘ ਨੇ ਪੱਤਰਕਾਰਾਂ ਨੂੰ ਦਸਿਆ ਕਿ ਉਹ ਰਾਸ਼ਟਰੀ ਰਾਜਧਾਨੀ ਵਿਚ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਦੌਰਾਨ ਜੋ ਹੋਇਆ ਉਸ ਤੋਂ ਬਹੁਤ ਦੁਖੀ ਹਨ ਅਤੇ ਉਨ੍ਹਾਂ ਦੀ ਯੂਨੀਅਨ ਨੇ ਅਪਣਾ ਪ੍ਰਦਰਸ਼ਨ ਖ਼ਤਮ ਕਰ ਦਿਤਾ ਹੈ।
ਭਾਕਿਯੂ (ਭਾਨੂ) ਨਾਲ ਜੁੜੇ ਕਿਸਾਨ ਨੋਇਡਾ-ਦਿੱਲੀ ਮਾਰਗ ਦੀ ਚਿੱਲਾ ਸਰਹੱਦ ’ਤੇ ਪ੍ਰਦਰਸ਼ਨ ਕਰ ਰਹੇ ਸਨ।
ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੇ ਵੀ ਐਮ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਮੌਜੂਦਾ ਅੰਦੋਲਨ ਤੋਂ ਪਾਸੇ ਹੋ ਰਹੀ ਹੈ ਕਿਉਂਕਿ ਉਹ ਵਿਰੋਧ ਪ੍ਰਦਰਸ਼ਨਾਂ ਵਿਚ ਅੱਗੇ ਨਹੀਂ ਵੱਧ ਸਕਦੇ ਜਿਸ ਵਿਚ ਕੁਝ ਦੀ ਦਿਸ਼ਾ ਵੱਖ ਹੈ।
ਕਿਸਾਨਾਂ ਦੀਆਂ ਮੰਗਾਂ ਨੂੰ ਦਰਸਾਉਣ ਲਈ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਦੀਆਂ ਸੜਕਾਂ ’ਤੇ ਟਰੈਕਟਰ ਪਰੇਡ ਦੌਰਾਨ ਹਿੰਸਕ ਦ੍ਰਿਸ਼ ਸਾਹਮਣੇ ਆਏ।
ਵੱਡੀ ਗਿਣਤੀ ਵਿਚ ਭੜਕੇ ਪ੍ਰਦਰਸ਼ਨਕਾਰੀਆਂ ਬੈਰੀਅਰ ਤੋੜਦੇ ਹੋਏ ਲਾਲ ਕਿਲ੍ਹੇ ਤਕ ਪਹੁੰਚ ਗਏ ਅਤੇ ਧਾਰਮਕ ਝੰਡਾ ਲਹਿਰਾਇਆ। (ਪੀਟੀਆਈ)