
ਕਾਂਗਰਸ ਦੀ ਦੂਜੀ ਸੂਚੀ ਬਾਅਦ ਪੰਜਾਬ 'ਚ ਤਿੰਨ ਪ੍ਰਮੁੱਖ ਮਹਿਲਾ ਆਗੂ ਹੋਈਆਂ ਬਾਗ਼ੀ
ਮੌਜੂਦਾ ਵਿਧਾਇਕ ਸਤਿਕਾਰ ਕੌਰ ਤੋਂ ਇਲਾਵਾ ਬਿੱਟੀ ਤੇ ਦਾਮਨ ਬਾਜਵਾ ਨੇ ਵੀ ਆਜ਼ਾਦ ਲੜਨ ਦੇ ਕੀਤੇ ਐਲਾਨ
ਚੰਡੀਗੜ੍ਹ, 27 ਜਨਵਰੀ (ਭੁੱਲਰ) : ਕਾਂਗਰਸ ਹਾਈ ਕਮਾਨ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਦੂਜੀ ਸੂਚੀ 'ਚ 23 ਉਮੀਦਵਾਰ ਐਲਾਨੇ ਜਾਣ ਬਾਅਦ ਵੱਡੀ ਬਗ਼ਾਵਤ ਸਾਹਮਣੇ ਆਈ ਹੈ | ਇਕ ਮੌਜੂਦਾ ਵਿਧਾਇਕ ਸਤਿਕਾਰ ਕੌਰ ਸਮੇਤ ਤਿੰਨ ਪ੍ਰਮੁੱਖ ਮਹਿਲਾ ਕਾਂਗਰਸ ਨੇਤਾਵਾਂ ਨੇ ਟਿਕਟ ਨਾ ਮਿਲਣ ਬਾਅਦ ਬਗ਼ਾਵਤ ਦਾ ਝੰਡਾ ਬੁਲੰਦ ਕਰ ਦਿਤਾ ਹੈ |
ਇਸ ਤੋਂ ਇਲਾਵਾ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਮੌਜੂਦਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਸੀਨੀਅਰ ਆਗੂ ਮਲਕੀਤ ਸਿੰਘ ਦਾਖਾ ਨੇ ਵੀ ਬਾਗ਼ੀ ਸੁਰ ਅਪਣਾ ਲਏ ਹਨ | ਸਾਰਿਆਂ ਵਲੋਂ ਹੀ ਆਜ਼ਾਦ ਉਮੀਦਵਾਰਾਂ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਜਾ ਰਿਹਾ ਹੈ | ਇਸ ਤੋਂ ਪਹਿਲਾਂ ਕਾਂਗਰਸ ਦੀ ਟਿਕਟ ਨਾ ਮਿਲਣ ਕਾਰਨ ਮੌਜੂਦਾ ਵਿਧਾਇਕ ਹਰਜੋਤ ਕਮਲ ਮੋਗਾ ਤੋਂ ਅਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਆਮ ਆਦਮੀ ਪਾਰਟੀ ਵਲੋਂ ਫ਼ਗਵਾੜਾ ਤੋਂ ਟਿਕਟ ਹਾਸਲ ਕਰ ਚੁੱਕੇ ਹਨ | ਬਗ਼ਾਵਤ ਕਰਨ ਵਾਲੀਆਂ ਮਹਿਲਾ ਕਾਂਗਰਸੀ ਨੇਤਾਵਾਂ ਨੇ ਪਿ੍ਯੰਕਾ ਗਾਂਧੀ ਦੇ 'ਮੈਂ ਲੜਕੀ ਹੂੰ ਲੜ ਸਕਦੀ ਹੂੰ' ਦੇ ਨਾਹਰੇ ਤੋਂ ਇਲਾਵਾ ਔਰਤਾਂ ਨੂੰ 40 ਫ਼ੀ ਸਦੀ ਟਿਕਟਾਂ ਦੇਣ ਦੇ ਐਲਾਨ ਉਪਰ ਸਵਾਲ ਚੁਕਦਿਆਂ ਕਿਹਾ ਕਿ ਪੰਜਾਬ 'ਚ ਉਲਟਾ ਲੰਮੇ ਸਮੇਂ ਤੋਂ ਮਿਹਨਤ ਕਰ ਰਹੀਆਂ ਮਹਿਲਾ ਨੇਤਾਵਾਂ ਦੀਆਂ ਟਿਕਟਾਂ 'ਚ ਕਟੌਤੀ ਕਰ ਕੇ ਭਾਈ-ਭਤੀਜਾਵਾਦ ਦੇ ਆਧਾਰ 'ਤੇ ਉਮੀਦਵਾਰ ਐਲਾਨੇ ਜਾ ਰਹੇ ਹਨ | ਫ਼ਿਰੋਜ਼ਪੁਰ ਦਿਹਾਤੀ ਤੋਂ ਮੌਜੂਦਾ ਕਾਂਗਰਸ ਵਿਧਾਇਕ ਸਤਿਕਾਰ ਕੌਰ ਨੇ 'ਆਪ' ਦੀ ਟਿਕਟ ਛੱਡ ਕੁੱਝ ਦਿਨ ਪਹਿਲਾਂ ਹੀ ਆਏ ਆਗੂ ਨੂੰ ਰਾਤੋ-ਰਾਤ ਟਿਕਟ ਦੇਣ 'ਤੇ ਸਖ਼ਤ ਰੋਸ ਪ੍ਰਗਟ ਕੀਤਾ |
ਇਸੇ ਤਰ੍ਹਾਂ ਸਾਹਨੇਵਾਲ ਤੋਂ ਦਾਮਨ ਬਾਜਵਾ ਨੇ ਵੀ ਸਖ਼ਤ ਗੁੱਸਾ ਵਿਖਾਉਂਦਿਆਂ ਬਗ਼ਾਵਤ ਦਾ ਰਾਹੁ ਚੁਣ ਲਿਆ ਹੈ | ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਤਾਂ ਸਿੱਧਾ ਮੁੱਖ ਮੰਤਰੀ ਚੰਨੀ ਉਪਰ ਟਿਕਟ ਕਟਵਾਉਣ ਦਾ ਦੋਸ਼ ਲਾਉਂਦਿਆਂ ਅਪਣੇ ਬੇਟੇ ਨੂੰ ਆਜ਼ਾਦ ਲੜਾਉਣ ਦਾ ਐਲਾਨ ਕਰ ਦਿਤਾ |
ਇਸੇ ਤਰ੍ਹਾਂ ਮੰਤਰੀ ਰਾਣਾ ਗੁਰਜੀਤ ਅਪਣੇ ਬੇਟੇ ਨੂੰ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਵਿਰੁਧ ਆਜ਼ਾਦ ਖੜਾ ਕਰ ਚੁੱਕੇ ਹਨ ਅਤੇ ਤਿ੍ਪਤ ਬਾਜਵਾ ਨੇ ਵੀ ਬਟਾਲਾ 'ਚ ਸੇਖੜੀ ਦੇ ਵਿਰੋਧ 'ਚ ਅਪਣੇ ਪੁੱਤਰ ਨੂੰ ਆਜ਼ਾਦ ਲੜਾਉਣ ਦੀ ਗੱਲ ਆਖੀ ਹੈ | ਸਾਬਕਾ ਪੰਜਾਬ ਪ੍ਰਧਾਨ ਮਹਿੰਦਰ ਸਿੰਘ ਕੇ.ਪੀ. ਨੇ ਵੀ ਆਜ਼ਾਦ ਲੜਨ ਦਾ ਐਲਾਨ ਕੀਤਾ ਹੈ |